Passport Backlog ਕਾਰਨ ਯਾਤਰੀਆਂ ਨੂੰ ਟਰੈਵਲ ਪਲੈਨ ਖਰਾਬ ਹੋਣ ਦਾ ਡਰ!

by jaskamal

ਨਿਊਜ਼ ਡੈਸਕ : ਕੋਵਿਡ-19 ਸਬੰਧੀ ਬਾਰਡਰ ਮਾਪਦੰਡਾਂ 'ਚ ਦਿੱਤੀ ਗਈ ਢਿੱਲ ਤੇ ਪਾਸਪੋਰਟ ਦੀ ਮੰਗ 'ਚ ਵਾਧਾ ਹੋਣ ਦੇ ਚੱਲਦਿਆਂ ਕਈ ਕੈਨੇਡੀਅਨਜ਼ ਨੂੰ ਆਪਣੀਆਂ ਗਰਮੀ ਦੀਆਂ ਛੁੱਟੀਆਂ ਖਰਾਬ ਹੋਣ ਦਾ ਡਰ ਹੈ। ਇਹ ਡਰ ਇਸ ਲਈ ਹੈ ਕਿਉਂਕਿ ਪਾਸਪੋਰਟ ਦੀ ਮੰਗ ਕਾਫੀ ਵੱਧ ਗਈ ਹੈ ਤੇ ਪੇਪਰਵਰਕ ਲਈ 600 ਨਵੇਂ ਕਰਮਚਾਰੀਆਂ ਦੀ ਮਦਦ ਲੈਣ ਦੇ ਬਾਵਜੂਦ ਅਧਿਕਾਰੀ ਸਾਰੀ ਡਿਮਾਂਡ ਪੂਰੀ ਕਰਨ ਤੋਂ ਅਸਮਰੱਥ ਹਨ।

ਪਿਛਲੇ ਮਹੀਨੇ ਸਰਵਿਸ ਕੈਨੇਡਾ ਨੇ ਦੇਸ਼ ਭਰ 'ਚ ਆਪਣੇ ਸਾਰੇ ਪਾਸਪੋਰਟ ਸਰਵਿਸ ਕਾਊਂਟਰਜ਼ ਮੁੜ ਖੋਲ੍ਹ ਦਿੱਤੇ ਸਨ ‘ਤੇ 300 ਸੈਂਟਰਾਂ ਤੋਂ ਵੀ ਵੱਧ 'ਚ ਵਾਧੂ ਕਾਊਂਟਰ ਵੀ ਜੋੜੇ ਗਏ ਸਨ। ਕੁਝ ਟਰੈਵਲਰਜ਼ ਨੂੰ ਡਰ ਹੈ ਕਿ ਮਹਾਂਮਾਰੀ ਦੇ ਨਿਯਮਾਂ 'ਚ ਅਚਾਨਕ ਦਿੱਤੀ ਗਈ ਢਿੱਲ ਨਾਲ ਪਾਸਪੋਰਟ ਪ੍ਰੋਸੈਸਿੰਗ ਟਾਈਮ ਦਾ ਬੈਕਲਾਗ ਪੂਰਾ ਨਹੀਂ ਹੋ ਸਕੇਗਾ ਤੇ ਉਨ੍ਹਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੇ ਪਲੈਨਜ਼ ਧਰੇ ਧਰਾਏ ਰਹਿ ਜਾਣਗੇ।

ਦੋ ਸਾਲ ਤੋਂ ਬਾਅਦ ਮਹਾਂਮਾਰੀ ਸਬੰਧੀ ਨਿਯਮਾਂ ਵਿੱਚ ਮਿਲੀ ਢਿੱਲ ਕਾਰਨ ਪਾਸਪੋਰਟ ਹਾਸਲ ਕਰਨ ਵਾਲਿਆਂ ਦੀ ਭੀੜ ਵੀ ਕਾਫੀ ਵੱਧ ਗਈ ਹੈ। ਇਸੇ ਤਰ੍ਹਾਂ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਵਿਸ ਸੈਂਟਰਾਂ ਦੇ ਬਾਹਰ ਕੈਂਪ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਂ ਫਿਰ ਵਾਰੀ ਵਾਰੀ ਇਨ੍ਹਾਂ ਸੈਂਟਰਾਂ ਦੇ ਗੇੜੇ ਲਾਉਣੇ ਪੈ ਰਹੇ ਹਨ।