ਗਰੀਬ ਵਰਗ ਤੇ ਉਸਾਰੀ ਕਿਰਤੀਆਂ ਲਈ ਪੈਨਸ਼ਨ ਯੋਜਨਾ ਹੋਵੇਗੀ ਲਾਹੇਵੰਦ ਸਾਬਿਤ

by mediateam

ਫਾਜ਼ਿਲਕਾ (ਇੰਦਰਜੀਤ ਸਿੰਘ ਚਾਹਲ) : ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਇਥੋਂ ਦੀ ਦਾਣਾ ਮੰਡੀ ਵਿਖੇ ਕਰਵਾਏ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸ਼੍ਰਮਯੋਗੀ ਮਾਨਧਨ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਤਹਿਤ ਜ਼ਿਲ੍ਹੇ ਦੇ ਪੇਂਡੂ ਤੇ ਸ਼ਹਿਰੀ ਖੇਤਰ ਨਾਲ ਸਬੰਧਤ ਗਰੀਬ ਵਰਗ ਤੇ ਲੋੜਵੰਦ ਕਿਰਤੀ ਲਾਹਾ ਲੈ ਸਕਦੇ ਹਨ। ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ 60 ਸਾਲ ਤੋਂ ਬਾਅਦ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਇਸ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਦੀ ਉਮਰ 18 ਤੋਂ 40 ਸਾਲ ਅਤੇ ਆਮਦਨ 15 ਹਜ਼ਾਰ ਤੋਂ ਘੱਟ ਹੋਣੀ ਚਾਹੀਦੀ ਹੈ। 

ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਮੰਡੀ ਅਫਸਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਅੰਦਰ ਅਨਆਰਗੇਨਾਈਜ਼ਡ ਸੈਕਟਰ ਦੇ ਕਿਰਤੀਆਂ ਨੂੰ ਲਾਭ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਘਰੇਲੂ ਨੌਕਰ, ਰਿਕਸ਼ਾ ਚਾਲਕ, ਰੇਹੜੀ ਤੇ ਫੜੀ ਵਾਲੇ, ਕੂੜਾ ਚੁੱਕਣ ਵਾਲੇ, ਖੇਤੀਬਾੜੀ ਕਾਮੇ, ਉਸਾਰੀ ਕਿਰਤੀ, ਹੈਂਡਲੂਮ ਕਾਮੇ, ਲੈਦਰ ਵਰਕਰ, ਮਗਨਰੇਗਾ ਵਰਕਰ ਆਦਿ ਪੈਨਸ਼ਨ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ। 

ਇਸ ਯੋਜਨਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਆਫ ਫੈਕਟਰੀਜ਼ ਸ੍ਰੀ ਸਾਹਿਲ ਗੋਇਲ ਨੇ ਦੱਸਿਆ ਕਿ ਪੈਨਸ਼ਨ ਦਾ ਲਾਭ ਲੈਣ ਲਈ ਲਾਭਪਾਤਰੀ ਦੀ ਉਮਰ 18 ਤੋਂ 40 ਸਾਲ ਅਤੇ ਮਹੀਨਾਵਾਰ ਆਮਦਨ 15 ਹਜ਼ਾਰ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਸਕੀਮ ਅਧੀਨ ਲਾਭਪਾਤਰੀ 60 ਸਾਲ ਉਮਰ ਹੋਣ ਤੋਂ ਬਾਅਦ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲੈਣ ਦਾ ਹੱਕਦਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਪੈਨਸ਼ਨ ਸਕੀਮ ਲਈ ਅੰਸ਼ਦਾਨ ਦੀ ਰਾਸ਼ੀ ਲਾਭਪਾਤਰੀ ਦੀ ਉਮਰ ਦੇ ਹਿਸਾਬ ਨਾਲ 55 ਰੁਪਏ ਤੋਂ 200 ਰੁਪਏ ਤੱਕ ਦੀ ਭਰੀ ਜਾਵੇਗੀ। ਲੇਬਰ ਇੰਸਪੈਕਟਰ ਸ੍ਰੀ ਰਾਜੀਵ ਸੋਢੀ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਲੋੜਵੰਦਾਂ ਨੂੰ ਲਾਹਾ ਦੇਣ ਲਈ ਪਿੰਡ ਪੱਧਰ 'ਤੇ ਕਾਮਨ ਸਰਵਿਸ ਸੈਂਟਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸੈਂਟਰਾਂ ਵਿਖੇ ਕਿਰਤੀ ਜਾ ਕੇ ਰਜਿਸਟਰਡ ਹੋ ਸਕਦੇ ਹਨ ਅਤੇ ਆਪਣਾ ਪੈਨਸ਼ਨ ਕਾਰਡ ਵੀ ਉਥੋਂ ਹੀ ਪ੍ਰਾਪਤ ਕਰ ਸਕਦੇ ਹਨ। 

ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਨੂੰ ਇਹ 3 ਹਜ਼ਾਰ ਰੁਪਏ ਦੀ ਰਾਸ਼ੀ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਇਸ ਮੌਕੇ ਇੰਪਲਾਇਜ਼ ਸਟੇਟ ਇੰਸ਼ੋਰੈਂਸ ਦੇ ਬ੍ਰਾਂਚ ਮੈਨੇਜਰ ਸ੍ਰੀ ਵਿਜੈ ਠਕਰਾਲ, ਈ.ਪੀ.ਐਫ. ਦੇ ਏ.ਓ. ਸ੍ਰੀ ਹਰਦਿਆਲ ਸਿੰਘ, ਕਾਮਨ ਸਰਵਿਸ ਸੈਂਟਰ ਦੇ ਜ਼ਿਲ੍ਹਾ ਮੈਨੇਜਰ ਮੈਡਮ ਸ਼ਿਖਾ ਆਹੂਜਾ ਤੋਂ ਇਲਾਵਾ ਵੱਖ-ਵੱਖ ਕਿਰਤੀ ਯੂਨੀਅਨ ਦੇ ਪ੍ਰਧਾਨ ਅਤੇ ਲੇਬਰ ਵਿਭਾਗ ਦੇ ਹੋਰ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।