ਪੀਏਯੂ ਵਿੱਚ ਪੌਦਾ ਰੋਗਾਂ ਦੀ ਰੋਕਥਾਮ ਬਾਰੇ ਸਿਖਲਾਈ ਕੈਂਪ ਆਰੰਭ

by mediateam

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 'ਪੌਦਾ ਰੋਗਾਂ ਦੀ ਰੋਕਥਾਮ ਲਈ ਵਾਤਾਵਰਨ ਦੇ ਸੂਖਮ ਤੱਤਾਂ ਦਾ ਪ੍ਰਭਾਵ' ਸਿਰਲੇਖ ਹੇਠ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਸਿਖਲਾਈ ਕੋਰਸ ਸ਼ੁਰੂ ਹੋਇਆ । ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਲਗਾਏ ਜਾ ਰਹੇ ਇਸ ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਪੱਛਮੀ ਬੰਗਾਲ, ਕੇਰਲਾ, ਜੰਮੂ ਕਸ਼ਮੀਰ, ਤਾਮਿਲਨਾਡੂ, ਮਹਾਂਰਾਸ਼ਟਰ, ਆਧਰਾਂ ਪ੍ਰਦੇਸ਼, ਉੜੀਸਾ ਅਤੇ ਮੱਧ ਪ੍ਰਦੇਸ਼ ਤੋਂ 18 ਵਿਅਕਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ 6 ਔਰਤਾਂ ਸ਼ਾਮਿਲ ਹਨ । 

ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਇਸ ਕੋਰਸ ਦੇ ਨਿਰਦੇਸ਼ਕ ਅਤੇ ਸਹਾਇਕ ਪੌਦਾ ਰੋਗ ਵਿਗਿਆਨੀ ਡਾ. ਸੰਦੀਪ ਜੈਨ ਕੁਆਰਡੀਨੇਟਰ ਹਨ । ਆਰੰਭਲੇ ਸੈਸ਼ਨ ਵਿੱਚ ਪੀਏਯੂ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਡਾ. ਸਾਂਘਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਖੇਤੀ ਬਾਰੇ ਭਵਿੱਖ ਦੀਆਂ ਯੋਜਨਾਵਾਂ ਬਨਾਉਂਦੇ ਸਮੇਂ ਕਿਸੇ ਮਸ਼ੀਨੀ ਵਿਧੀ ਦੀ ਥਾਂ ਮਨੁੱਖ ਅਧਾਰਿਤ ਤਕਨੀਕ ਦੀ ਵਰਤੋਂ ਉਪਰ ਜ਼ੋਰ ਦਿੱਤਾ । ਉਹਨਾਂ ਨੇ ਇਸ ਸਿਖਲਾਈ ਕੋਰਸ ਨੂੰ ਭਾਗ ਲੈਣ ਵਾਲਿਆਂ ਲਈ ਬੇਹੱਦ ਲਾਹੇਵੰਦ ਕਹਿੰਦਿਆਂ ਇਸ ਕੋਰਸ ਤੋਂ ਪ੍ਰਾਪਤ ਨੁਕਤਿਆਂ ਨੂੰ ਆਪਣੀ ਖੋਜ ਵਿੱਚ ਅੱਗੇ ਵਧਾ ਕੇ ਫ਼ਸਲੀ ਰੋਗਾਂ ਦੀ ਰੋਕਥਾਮ ਲਈ ਵਰਤਣ ਲਈ ਪ੍ਰੇਰਿਤ ਕੀਤਾ । 

ਡਾ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ 41 ਵਿਚਾਰ-ਵਟਾਂਦਰੇ ਵਾਲੇ ਭਾਸ਼ਣਾਂ ਅਤੇ ਵਿਹਾਰਕ ਸਿਖਲਾਈ ਸੈਸ਼ਨਾਂ ਰਾਹੀਂ ਸਿਖਲਾਈ ਲੈਣ ਵਾਲਿਆਂ ਨੂੰ ਸੰਬੰਧਿਤ ਵਿਸ਼ੇ ਨਾਲ ਜਾਣੂੰ ਕਰਵਾਇਆ ਜਾਵੇਗਾ । ਪੀਏਯੂ ਤੋਂ ਬਿਨਾਂ ਭਾਰਤੀ ਖੇਤੀ ਖੋਜ ਪ੍ਰੀਸ਼ਦ, ਖੇਤਰੀ ਖੋਜ ਕੇਂਦਰ, ਫਲਾਵਰ ਡੇਲ ਸ਼ਿਮਲਾ, ਸੀਪੀਆਰਆਈ ਸ਼ਿਮਲਾ ਦੇ ਵਿਗਿਆਨੀ ਪੌਦਾ ਰੋਗ ਵਿਗਿਆਨ ਬਾਰੇ ਆਪਣੇ ਅਨੁਭਵ ਸਾਂਝੇ ਕਰਨਗੇ । ਵਧੀਕ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰ ਪਾਲ ਸਿੰਘ ਪੰਨੂ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਡਾ. ਨਪਿੰਦਰਜੀਤ ਕੌਰ ਨੇ ਆਏ ਹੋਏ ਸਭ ਮਾਹਿਰਾਂ, ਵਿਗਿਆਨੀਆਂ ਅਤੇ ਸਿਖਲਾਈ ਲੈਣ ਵਾਲਿਆਂ ਦਾ ਧੰਨਵਾਦ ਕੀਤਾ|