ਵਿਸ਼ਵ ਵਾਤਾਵਰਨ ਦਿਵਸ ਮੌਕੇ ਲਗਾਈ ਪੌਦਿਆਂ ਦੀ ਛਬੀਲ, ਵੰਡੇ ਫਾਲਤੂ ਕੱਪੜਿਆਂ ਦੇ ਬੈਗ, ਖ਼ੂਨਦਾਨ ਕੈਪ ਅੱਜ

by vikramsehajpal

ਬੁਢਲਾਡਾ (ਕਰਨ) : ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਨ, ਘਟ ਰਹੀ ਆਕਸੀਜਨ, ਦਿਨੋ ਦਿਨ ਖਤਮ ਹੋ ਰਹੇ ਰੁੱਖਾਂ ਅਤੇ ਵਧ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹ ਸੁਨੇਹਾ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੋਕੇ ਤੇ ਸਮਾਜ ਸੇਵੀ ਸੰਸਥਾ ਨੇਕੀ ਫਾਉਡੇਸ਼ਨ ਵੱਲੋਂ ਲਗਾਈ ਪੌਦਿਆਂ ਦੀ ਛਬੀਲ ਮੌਕੇ ਦਿੱਤਾ। ਇਸ ਮੌਕੇ ਸੰਸਥਾ ਵੱਲੋਂ 500 ਦੇ ਕਰੀਬ ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦਿਆਂ ਦੀ ਵੰਡ ਕੀਤੀ। ਸੰਸਥਾ ਦੇ ਮੈਬਰਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਸਾਨੂੰ ਸਭ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਇੱਕ ਇੱਕ ਪੌਦਾ ਲਗਾਵਾਗੇ ਅਤੇ ਉਸਦੀ ਦੇਖਭਾਲ ਵੀ ਖੁਦ ਕਰਾਗੇ। ਉਨ੍ਹਾਂ ਕਿਹਾ ਕਿ ਅੱਜ਼ ਦੇ ਸਮੇਂ ਵਿੱਚ ਅੱਗੇ ਵੱਧ ਰਹੀ ਦੁਨੀਆਂ ਅਤੇ ਮਨੁੱਖੀ ਸੋਮਿਆ ਦੀ ਵੱਧ ਰਹੀ ਤਦਾਦ ਦੇ ਕਾਰਨ ਕੁਦਰਤੀ ਸੋਮੇ ਅਤੇ ਬਨਸਪਤੀ ਸਮੇਤ ਰੁੱਖਾਂ ਦੀ ਦਿਨੋ ਦਿਨ ਕਟਾਈ ਹੋ ਰਹੀ ਹੈ ਜਿਸ ਕਾਰਨ ਦਿਨੋ ਦਿਨ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਪ੍ਰਦੂਸ਼ਨ ਵੀ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜ਼ੋ ਵਾਤਾਵਰਨ ਨੂੰ ਪ੍ਰਦੂਸ਼ਨ ਹੋਣ ਅਤੇ ਰੁੱਖਾਂ ਦੀ ਗਿਣਤੀ ਨੂੰ ਘਟਣ ਤੋਂ ਰੋਕਿਆਂ ਜਾ ਸਕੇ।

ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਆਪਣੀ ਨਰਸਰੀ ਤਿਆਰ ਕੀਤੀ ਗਈ ਹੈ, ਜਿੱਥੇ ਹਰ ਸਾਲ 10000 ਪੌਦੇ ਤਿਆਰ ਕੀਤੇ ਜਾਂਦੇ ਹਨ। ਸਮੇਂ ਸਮੇਂ ਉੱਤੇ ਸੰਸਥਾ ਵੱਲੋਂ ਪੌਦਿਆਂ ਦੀਆਂ ਛਬੀਲਾਂ ਵੀ ਲਗਾਈਆ ਜਾਂਦੀਆਂ ਹਨ ਜਿਸ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ 100 ਦੇ ਕਰੀਬ ਪੌਦੇ ਸ਼ਹਿਰ ਦੀਆਂ ਵੱਖ ਵੱਖ ਸਾਂਝੀਆਂ ਥਾਂਵਾਂ ਤੇ ਲਗਾਏ ਗਏ ਹਨ। ਇਸ ਮੌਕੇ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਵੀ 50 ਦੇ ਕਰੀਬ ਪੌਦੇ ਸਕੂਲ ਪ੍ਰਿਸੀਪਲ ਅਤੇ ਸਟਾਫ ਦੀ ਮਦਦ ਨਾਲ ਲਗਾਏ ਗਏ। ਇਸ ਤੋਂ ਇਲਾਵਾ ਸੰਸਥਾ ਵਲੋ ਨੇਕੀ ਦੀ ਦੁਕਾਨ ਉੱਤੇ ਆਏ ਵਾਧੂ ਕੱਪੜਿਆਂ ਦੇ ਬੈਗ ਬਣਾ ਕੇ ਵੀ ਵੰਡੇ ਗਏ, ਜਿਸ ਤਿਆਰ ਕਰਨ ਵਿੱਚ ਪਿੰਡ ਕਣਕਵਾਲ ਚਹਿਲਾਂ ਤੋਂ ਸਿਲਾਈ ਅਧਿਆਪਕ ਦਾ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੰਸਥਾ ਵੱਲੋਂ ਇੱਕ ਵੱਡੇ ਪੱਧਰ ਦੀ ਪੌਦਿਆਂ ਦੀ ਪ੍ਰਦਰਸ਼ਨੀ ਲਗਾਉਣ ਦੀ ਯੋਜਨਾ ਚੱਲ ਰਹੀ ਹੈ, ਜਿਸ ਰਾਹੀਂ ਵੱਖ ਵੱਖ ਕਿਸਮਾਂ ਦੇ ਪੌਦਿਆਂ ਦੇ ਵਾਰੇ ਜਾਣਕਾਰੀ ਦੇ ਨਾਲ ਨਾਲ ਮੁਫ਼ਤ 2000 ਪੌਦੇ ਵੰਡੇ ਵੀ ਜਾਣਗੇ।

ਇਸ ਮੌਕੇ ਸ਼ਹਿਰ ਵਾਸੀਆਂ ਅਤੇ ਰਾਹਗੀਰਾ ਵੱਲੋਂ ਵੀ ਸੰਸਥਾ ਦੇ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੌਦੇ ਲੈਣ ਲਈ ਕਰੋਨਾ ਇਤਿਆਤਾ ਦੀ ਪਾਲਣਾ ਕਰਦੇ ਹੋਏ ਲਾਇਨਾਂ ਵਿੱਚ ਲੱਗੇ ਰਹੇ। ਸੰਸਥਾ ਮੈਬਰਾ ਨੇ ਦੱਸਿਆ ਕਿ ਮਿਤੀ 6 ਜੂਨ ਨੂੰ ਕੋਰੋਨਾ ਮਾਹਾਵਾਰੀ ਦੇ ਚੱਲਦਿਆਂ ਘਟ ਰਹੀ ਖੂਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਸਥਾਨਕ ਸ੍ਰੀ ਭਵਨ ਵਿਖੇ ਖ਼ੂਨਦਾਨ ਕੈੰਪ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਹਰਿਆਲੀ ਦੇ ਨਾਲ ਨਾਲ ਲਾਲੀ ਵੀ ਦਾਨ ਕਰਨ ਦਾ ਸੰਦੇਸ਼ ਦਿੱਤਾ।

ਫੋਟੋ ਬੁਢਲਾਡਾ: ਸੰਸਥਾ ਵੱਲੋਂ ਲਗਾਈ ਗਈ ਛਬੀਲ ਮੌਕੇ ਪੌਦੇ ਅਤੇ ਬੈਗ ਲੈਂਦੇ ਹੋਏ ਸ਼ਹਿਰ ਵਾਸੀ।