ਨਾਮਜ਼ਦਗੀਆਂ ਭਰਨ ਦਾ ਖਾਕਾ ਤਿਆਰ, ਪਰਨੀਤ ਕੌਰ 26 ਅਪ੍ਰੈਲ ਨੂੰ ਨਾਮਜ਼ਦਗੀ ਫਾਰਮ ਭਰਨਗੇ

by

ਚੰਡੀਗੜ : ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਦਾ ਖਾਕਾ ਤਿਆਰ ਹੋ ਚੁੱਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੋਜ਼ਾਨਾ ਦੋ ਉਮੀਦਵਾਰਾਂ ਦੇ ਕਾਗਜ਼ ਭਰਨ ਵਿਚ ਸ਼ਿਰਕਤ ਕਰਨਗੇ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗੁਰਦਾਸਪੁਰ ਦੇ ਉਮੀਦਵਾਰ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਅਤੇ ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪਰਨੀਤ ਕੌਰ 26 ਅਪ੍ਰੈਲ ਨੂੰ ਨਾਮਜ਼ਦਗੀ ਫਾਰਮ ਭਰਨਗੇ। ਮੁੱਖ ਮੰਤਰੀ ਦੇ ਪੰਜ ਦਿਨਾਂ ਦੇ ਤਿਆਰ ਹੋ ਚੁੱਕੇ ਪ੍ਰੋਗਰਾਮ ਵਿਚ ਸ਼ੇਰ ਸਿੰਘ ਘੁਬਾਇਆ ਦੇ ਕਾਗਜ਼ ਭਰਨ ਦਾ ਜ਼ਿਕਰ ਨਹੀਂ ਹੈ।

ਜਾਣਾਕਾਰੀ ਮੁਤਾਬਕ ਅੱਜ 23 ਅਪ੍ਰੈਲ ਨੂੰ ਕੈਪਟਨ ਅਮਰਿੰਦਰ ਸਿੰਘ ਅੰਮਿ੍ਤਸਰ ਦੇ ਉਮੀਦਵਾਰ ਗੁਰਜੀਤ ਅੌਜਲਾ ਅਤੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਦੇ ਨਾਮਜ਼ਦਗੀ ਕਾਗਜ਼ ਭਰਨ ਵਿਚ ਸ਼ਾਮਲ ਹੋਣਗੇ। 24 ਅਪ੍ਰੈਲ ਨੂੰ ਸੰਗਰੂਰ ਤੋਂ ਕੇਵਲ ਢਿੱਲੋਂ ਅਤੇ ਫਰੀਦਕੋਟ ਦੇ ਮੁਹੰਮਦ ਸਦੀਕ, 25 ਨੂੰ ਫਤਿਹਗੜ੍ਹ ਸਾਹਿਬ ਦੇ ਅਮਰ ਸਿੰਘ ਅਤੇ ਲੁਧਿਆਣਾ ਦੇ ਰਵਨੀਤ ਬਿੱਟੂ ਦੇ ਕਾਗਜ਼ ਭਰਵਾਉਣਗੇ। ਨਾਮਜ਼ਦਗੀਆਂ ਦੇ ਆਖਰੀ ਦਿਨ 27 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਦੇ ਕਾਗਜ਼ ਭਰਨ ਮੌਕੇ ਹਾਜ਼ਰੀ ਭਰਨਗੇ।

ਹੁਸ਼ਿਆਰਪੁਰ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਕਾਗਜ਼ ਭਰਨ ਮੌਕੇ ਪ੍ਰਦੇਸ਼ ਪ੍ਰਧਾਨ ਕਾਂਗਰਸ ਆਸ਼ਾ ਕੁਮਾਰੀ ਸ਼ਾਮਲ ਹੋਣਗੇ।ਜ਼ਿਕਰਯੋਗ ਹੈ ਕਿ ਜਿਥੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਮਿਲਣ 'ਤੇ ਕੈਪਟਨ ਦੇ ਖੇਮੇ ਵਿਚ ਕਾਫੀ ਬੇਚੈਨੀ ਹੈ ਉਥੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਕਾਂਗਰਸ ਦੇ ਇਸ ਫੈਸਲੇ ਤੋਂ ਖਫ਼ਾ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਘੁਬਾਇਆ ਦੀ ਟਿਕਟ ਬਾਰੇ ਹਾਈ ਕਮਾਂਡ ਨਾਲ ਮੁੜ ਵਿਚਾਰ ਲਈ ਗੱਲ ਕਰਨ। ਹੁਣ ਦੇਖਣਾ ਇਹ ਹੈ ਕਿ ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਬਾਅਦ ਕੀ ਕਾਂਗਰਸ ਪਾਰਟੀ ਫਿਰੋਜ਼ਪੁਰ ਸੀਟ ਨੂੰ ਲੈ ਕੇ ਕੀਤੇ ਜਾ ਚੁੱਕੇ ਫੈਸਲੇ 'ਤੇ ਮੁੜ ਵਿਚਾਰ ਕਰਦੀ ਹੈ ਜਾਂ ਨਹੀਂ।