World Women Boxing Championships: ਮੈਰੀਕੌਮ ਤੇ ਮੰਜੂ ਰਾਣੀ ਨੇ ਸਿਰਜੇ ਰਿਕਾਰਡ

by mediateam

ਨਵੀਂ ਦਿੱਲੀ: ਰੂਸ ਦੇ ਸ਼ਹਿਰ ਉਲਾਨ ਉਦੇ ਵਿਖੇ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਕਈ ਨਵੇਂ ਰਿਕਾਰਡ ਸਿਰਜਦੀ ਹੋਈ ਖ਼ਤਮ ਹੋਈ ਹੈ। ਇਸ ਵਿਚ ਕਈ ਕੁਝ ਨਵਾਂ ਵੇਖਣ ਨੂੰ ਮਿਲਿਆ।

ਭਾਰਤ ਨੇ ਪਾਈਆਂ ਇਤਿਹਾਸਕ ਪੈੜਾਂ

ਭਾਰਤ ਨੂੰ ਇਸ ਚੈਂਪੀਅਨਸ਼ਿਪ 'ਚ ਭਾਵੇਂ ਉਮੀਦ ਤੋਂ ਘੱਟ ਮੈਡਲ ਮਿਲੇ ਹਨ ਪਰ ਜੋ ਵੀ ਮੈਡਲ ਮਿਲੇ, ਉਹ ਇਤਿਹਾਸਕ ਨਿਸ਼ਾਨ ਛੱਡ ਗਏ। ਇਸ ਮੁਕਾਬਲੇ 'ਚ ਭਾਰਤ ਦੀਆਂ ਮੁੱਕੇਬਾਜ਼ਾਂ ਨੇ 4 ਮੈਡਲ ਪ੍ਰਾਪਤ ਕੀਤੇ। ਭਾਰਤ ਦੀ ਵਿਸ਼ਵ ਰਿਕਾਰਡ ਸਿਰਜਕ ਮੁੱਕੇਬਾਜ਼ ਐੱਮਸੀ ਮੈਰੀਕੌਮ ਨੇ 52 ਕਿੱਲੋ ਭਾਰ ਵਰਗ ਵਿਚ, ਜਮੁਨਾ ਬੋਰੋ ਨੇ 54 ਕਿਲੋ ਤੇ ਲਵਲੀਨਾ ਨੇ 69 ਕਿੱਲੋ ਭਾਰ ਵਰਗ ਵਿਚ ਕਾਂਸੇ ਦਾ ਤਗਮਾ ਹਾਸਲ ਕੀਤਾ। ਇਹ ਤਿੰਨੋ ਖਿਡਾਰਨਾਂ ਸੈਮੀਫਾਇਨਲ ਵਿਚ ਹਾਰ ਕੇ ਗੋਲਡ ਮੈਡਲ ਦੀ ਦੌੜ 'ਚੋਂ ਬਾਹਰ ਹੋ ਗਈਆਂ ਸਨ।

ਮੈਰੀਕੌਮ ਦੀ ਮੈਡਲ ਦੀ ਸੁਚੀ


ਮੈਰੀਕੌਮ ਨੇ ਸਾਲ 2001 ਵਿਚ ਪੈਨਸਿਲਵੇਨੀਆ ਦੇ ਸ਼ਹਿਰ ਸਕ੍ਰੇਂਟਨ ਵਿਖੇ ਸਿਲਵਰ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ 2002 ਵਿਚ ਤੁਰਕੀ ਦੇ ਸ਼ਹਿਰ ਐਂਟਾਲਿਆ, 2005 ਵਿਚ ਰੂਸ ਦੇ ਸ਼ਹਿਰ ਪੋਡਾਲਸਕ, 2006 ਵਿਚ ਨਵੀਂ ਦਿੱਲੀ, 2008 'ਚ ਚੀਨ ਦੀ ਨਿੰਗਬੋ ਸਿਟੀ, 2010 ਵਿਚ ਬਾਰਬਾਡੋਸ ਦੇ ਬ੍ਰਿਜਟਾਉਨ ਤੇ 2018 ਵਿਚ ਨਵੀਂ ਦਿੱਲੀ ਵਿਖੇ ਹੋਏ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤੇ ਸਨ। ਇਸ ਤੋਂ ਇਲਾਵਾ ਉਸ ਨੇ 2012 ਵਿਚ ਲੰਡਨ ਓਲੰਪਿਕ ਖੇਡਾਂ 'ਚ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਸੀ। 2014 ਵਿਚ ਇੰਚਿਓਨ ਏਸ਼ੀਅਨ ਖੇਡਾਂ 'ਚ ਉਸ ਨੇ ਸੋਨੇ ਅਤੇ 2010 ਵਿਚ ਗੁਆਂਗਜ਼ੂ ਵਿਖੇ ਕਾਂਸ਼ੇ ਦੇ ਮੈਡਲ ਪ੍ਰਾਪਤ ਕੀਤਾ ਸੀ। 2018 ਦੀਆਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸੋਨੇ ਦਾ ਮੈਡਲ ਪ੍ਰਾਪਤ ਕੀਤਾ। ਇਸ ਖੇਡਾਂ ਵਿਚ ਵੀ ਭਾਰਤ ਨੇ ਇੱਕੋ ਮੈਡਲ ਪ੍ਰਾਪਤ ਕੀਤਾ ਸੀ। 36 ਸਾਲਾ ਇਸ ਖਿਡਾਰਨ ਨੇ ਏਸ਼ੀਅਨ ਚੈਂਪੀਅਨਸ਼ਿਪਸ 'ਚ 5 ਸੋਨੇ ਦੇ ਤੇ ਇਕ ਚਾਂਦੀ ਦਾ ਮੈਡਲ ਆਪਣੇ ਨਾਂ ਕੀਤਾ ਹੈ। ਐੱਮਸੀ ਮੈਰੀਕਾਮ ਰਾਜਸਭਾ ਦੀ ਮੈਂਬਰ ਵੀ ਹੈ।

8 ਮੈਡਲ ਜਿੱਤਣ ਵਾਲੀ ਪਹਿਲੀ ਮੁੱਕੇਬਾਜ਼ ਬਣੀ ਮੈਰੀਕੌਮ

ਭਾਰਤੀ ਮੁੱਕੇਬਾਜ਼ ਮੈਰੀਕੌਮ ਬੇਸ਼ੱਕ ਇਸ ਮੁਕਾਬਲੇ ਦੇ ਫਾਈਨਲ 'ਚ ਨਹੀਂ ਪਹੁੰਚ ਸਕੀ ਪਰ ਉਸ ਦੇ ਸੈਮੀਫਾਇਨਲ 'ਤ ਪਹੁੰਚ ਕੇ ਮੁੱਕੇਬਾਜੀ ਦੇ ਇਤਿਹਾਸ ਵਿਚ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕੌਮ ਨੇ ਰੂਸ 'ਚ ਹੋਈ ਇਸ ਵਿਸ਼ਵ ਵੂਮੈਨ ਬਾਕਸਿੰਗ ਚੈਂਪੀਅਨਸ਼ਿਪ 'ਚ ਜਦੋ ਕੋਲੰਬੀਆ ਦੀ ਵਾਲੇਸ਼ੀਆ ਵਿਕਟੋਰੀਆ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ 'ਚ ਦਾਖ਼ਲਾ ਲਿਆ ਤਾਂ ਇਸ ਦੇ ਨਾਲ ਹੀ ਉਸ ਨੇ ਵਿਸ਼ਵ ਰਿਕਾਰਡ ਵੀ ਕਾਇਮ ਕਰ ਦਿੱਤਾ। ਮੈਰੀਕੌਮ ਵਿਸ਼ਵ ਚੈਂਪੀਅਨ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਜ਼ ਬਣ ਗਈ। ਇਸ ਮੁਕਾਬਲੇ 'ਚ ਉਸ ਨੇ ਆਪਣਾ ਅੱਠਵਾਂ ਮੈਡਲ ਪੱਕਾ ਕੀਤਾ ਸੀ। ਇਸ ਦੇ ਸੈਮੀਫਾਈਨਲ ਮੁਕਾਬਲੇ 'ਚ ਉਹ 1-4 ਨਾਲ ਹਾਰ ਗਈ ਪਰ ਉਹ ਕਾਂਸੀ ਦਾ ਮੈਡਲ ਪ੍ਰਾਪਤ ਕਰਕੇ ਵਿਸ਼ਵ ਚੈਪੀਅਨਸ਼ਿਪ 'ਚ 6 ਗੋਲਡ, ਇਕ ਸਿਲਵਰ ਤੇ ਇਕ ਕਾਂਸੀ ਦਾ ਮੈਡਲ ਪ੍ਰਾਪਤ ਕਰ ਕੇ ਮੁੱਕੇਬਾਜ਼ੀ ਦੇ ਇਤਿਹਾਸ 'ਚ 8 ਮੈਡਲ ਜਿੱਤਣ ਵਾਲੀ ਪਹਿਲੀ ਮੁੱਕੇਬਾਜ਼ ਬਣ ਗਈ ਹੈ। ਉਸ ਨੇ 6 ਗੋਲਡ ਤੇ ਇਕ ਸਿਲਵਰ ਮੈਡਲ ਪ੍ਰਾਪਤ ਕਰਨ ਵਾਲੇ ਕਿਊਬਾ ਦੇ ਫੈਲਿਕਸ ਸਾਵੋਨ ਦੇ ਰਿਕਾਰਡ ਤੋੜਿਆ ਹੈ।

18 ਸਾਲ ਬਾਅਦ ਮੰਜੂ ਨੇ ਮੁੜ ਜਿੱਤਿਆ ਸਿਲਵਰ ਮੈਡਲ


41 ਕਿਲੋ ਭਾਰ ਵਰਗ ਵਿਚ ਹਰਿਆਣਾ ਦੀ ਮੰਜੂ ਰਾਣੀ ਨੇ ਪਹਿਲੀ ਵਾਰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਖੇਡਦੇ ਹੋਏ ਫਾਈਨਲ 'ਚ ਪਹੁੰਚ ਕੇ ਮੁੱਕੇਬਾਜ਼ੀ ਦਾ ਭਵਿੱਖ ਰੌਸ਼ਨ ਕੀਤਾ ਹੈ। ਰੋਹਤਕ ਜ਼ਿਲ੍ਹੇ ਦੇ ਬਿਠਾਲਾ ਪਿੰਡ ਦੀ ਜੰਮਪਲ ਮੰਜੂ ਰਾਣੀ ਦੇ ਪਿਤਾ ਬੀਐੱਸਐੱਫ 'ਚ ਅਧਿਕਾਰੀ ਸਨ ਤੇ 2010 ਵਿਚ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। 2001 ਵਿਚ ਮੈਰੀਕਾਮ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੀ ਸੀ। ਉਹ ਫਾਈਨਲ 'ਚ ਹਾਰਨ ਕਰਕੇ ਸਿਲਵਰ ਮੈਡਲ ਹੀ ਪ੍ਰਾਪਤ ਕਰ ਸਕੀ ਸੀ। ਹੁਣ18 ਸਾਲ ਬਾਅਦ ਭਾਰਤ ਦੇ ਮਹਿਲਾ ਮੁੱਕੇਬਾਜ਼ੀ 'ਚ ਇਤਿਹਾਸ ਦੁਹਰਾਇਆ ਹੈ। 2001 ਤੋਂ ਮੈਰੀਕਾਮ ਤੋਂ ਬਾਅਦ ਮੰਜੂ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ ਮੰਜੂ ਰਾਣੀ ਤੇ ਏਕਾਤੇਰਿਨਾ ਪਾਲਸੇਵਾ ਵਿਚਾਲੇ ਸੀ। ਇਸ 'ਚ ਮੰਜੂ ਨੂੰ 1-4 'ਤੇ ਹਾਰਨ ਕਰਕੇ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ।

ਪੰਜਾਬ ਲਈ ਵੀ ਜਿੱਤਿਆ ਮੈਡਲ

ਮੰਜੂ ਰਾਣੀ ਨੇ ਇਸ ਸਾਲ ਪੰਜਾਬ ਵੱਲੋਂ ਖੇਡਦੇ ਹੋਏ ਰਾਸ਼ਟਰੀ ਖ਼ਿਤਾਬ ਪ੍ਰਾਪਤ ਕੀਤਾ ਸੀ ਕਿਉਂਕਿ ਉਸ ਨੂੰ ਹਰਿਆਣਾ ਵੱਲੋਂ ਖੇਡਣ ਦਾ ਮੌਕਾ ਨਹੀਂ ਸੀ ਮਿਲਿਆ। ਉਸ ਨੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਪੰਜਾਬ ਯੂਨੀਵਰਸਟੀ 'ਚ ਪ੍ਰਵੇਸ਼ ਕੀਤਾ। ਉਸ ਨੇ ਪਹਿਲੀ ਵਾਰ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਖੇਡਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।