ਵਿਰਾਟ-ਰੋਹਿਤ ਦੇ ਮੁਕਾਬਲੇ ਵੱਧ ਖ਼ਤਰਨਾਕ ਗੇਂਦਬਾਜ਼ਾਂ ਵਿਰੁੱਧ ਖੇਡੇ ਸਚਿਨ-ਗਾਂਗੁਲੀ: ਇਆਨ ਚੈਪਲ

by mediateam

ਮੀਡੀਆ ਡੈਸਕ: ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਸ ਦੌਰ ਦੇ ਸਫ਼ਲ ਬੱਲੇਬਾਜ਼ਾਂ ਵਿਚੋਂ ਮੰਨੇ ਜਾਂਦੇ ਹਨ ਤੇ ਉਹ ਦੋਵੇਂ ਦੌੜਾਂ ਦਾ ਅੰਬਾਰ ਲਾ ਰਹੇ ਹਨ ਪਰ ਜਦ ਗੱਲ ਜ਼ਿਆਦਾ ਖ਼ਤਰਨਾਕ ਤੇ ਬਿਹਤਰੀਨ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਦੀ ਆਉਂਦੀ ਹੈ ਤਾਂ ਇਸ 'ਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਦੀ ਰਾਇ ਵੱਖ ਹੈ। ਚੈਪਲ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਰਾਟ ਤੇ ਰੋਹਿਤ ਟੀਮ ਇੰਡੀਆ ਦੇ ਸਰਬੋਤਮ ਵਨ ਡੇ ਬੱਲੇਬਾਜ਼ ਹਨ ਪਰ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਬੱਲੇਬਾਜ਼ਾਂ ਵਿਚ ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲੀ ਦੀ ਜੋੜੀ ਹੋਵੇਗੀ ਜਿਨ੍ਹਾਂ ਨੇ 15 ਸਾਲ ਤਕ ਆਪਣੇ ਦੌਰ ਵਿਚ ਗੇਂਦਬਾਜ਼ਾਂ ਨੂੰ ਚੁਣੌਤੀ ਦਿੱਤੀ ਤੇ ਪਰੇਸ਼ਾਨੀ ਵਿਚ ਰੱਖਿਆ। ਚੈਪਲ ਨੇ ਕਿਹਾ ਕਿ ਸਚਿਨ ਤੇ ਗਾਂਗੁਲੀ ਨੇ ਆਪਣਾ ਜ਼ਿਆਦਾ ਸਮਾਂ ਦੁਨੀਆ ਦੇ ਬਿਹਤਰੀਨ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਦੇ ਹੋਏ ਬਿਤਾਇਆ। ਆਪਣੇ ਸਮੇਂ ਵਿਚ ਉਨ੍ਹਾਂ ਦੋਵਾਂ ਨੇ ਪਾਕਿਸਤਾਨ ਦੇ ਵਸੀਮ ਅਕਰਮ ਤੇ ਵਕਾਰ ਯੂਨਸ, ਵੈਸਟਇੰਡੀਜ਼ ਦੇ ਕਰਟਲੀ ਐਂਬਰੋਸ ਤੇ ਕਰਟਨੀ ਵਾਲਸ਼, ਆਸਟ੍ਰੇਲੀਆ ਦੇ ਗਲੇਨ ਮੈਕਗ੍ਰਾ ਤੇ ਬ੍ਰੈਟ ਲੀ, ਦੱਖਣੀ ਅਫਰੀਕਾ ਦੇ ਏਲਨ ਡੋਨਾਲਡ ਤੇ ਸ਼ਾਨ ਪੋਲਾਕ, ਸ੍ਰੀਲੰਕਾ ਦੇ ਲਸਿਥ ਮਲਿੰਗਾ ਤੇ ਚਮਿੰਡਾ ਵਾਸ ਦਾ ਸਾਹਮਣਾ ਕੀਤਾ। ਅਜਿਹੇ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸੌਖਾ ਨਹੀਂ ਸੀ। ਇਆਨ ਚੈਪਲ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਚਿਨ ਤੇ ਗਾਂਗੁਲੀ ਨੇ ਵਿਰਾਟ ਤੇ ਰੋਹਿਤ ਦੀ ਤੁਲਨਾ ਵਿਚ ਦੁਨੀਆ ਦੇ ਜ਼ਿਆਦਾ ਬਿਹਤਰੀਨ ਤੇ ਖ਼ਤਰਨਾਕ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ। ਹਾਲਾਂਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਚਿੱਟੀ ਗੇਂਦ ਦੀ ਸਰਬੋਤਮ ਜੋੜੀ ਹੈ। ਇਨ੍ਹਾਂ ਦੋਵਾਂ ਦਾ ਵਨ ਡੇ ਤੇ ਟੀ-20 ਵਿਚ ਕਾਫੀ ਚੰਗਾ ਰਿਕਾਰਡ ਹੈ। ਵਿਰਾਟ ਕੋਹਲੀ ਨੇ ਦੋਵਾਂ ਫਾਰਮੈਟਾਂ ਵਿਚ 50 ਤੋਂ ਜ਼ਿਆਦਾ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਥੇ ਤੇਂਦੁਲਕਰ ਨੇ ਸਿਰਫ਼ ਇਕ ਅੰਤਰਰਾਸ਼ਟਰੀ ਟੀ-20 ਮੈਚ ਖੇਡਿਆ ਸੀ। ਜਦ ਤਕ ਇਹ ਫਾਰਮੈਟ ਹੋਰ ਜ਼ਿਆਦਾ ਹਰਮਨਪਿਆਰਾ ਹੁੰਦਾ ਤਦ ਤਕ ਉਨ੍ਹਾਂ ਦਾ ਕਰੀਅਰ ਸਮਾਪਤ ਹੋ ਚੁੱਕਾ ਸੀ।


ਪਾਰੀਆਂ ਮੁਤਾਬਕ ਮੌਜੂਦਾ ਜੋੜੀ ਅੱਗੇ:

ਇਆਨ ਚੈਪਲ ਨੇ ਇਹ ਵੀ ਸਾਫ਼ ਕੀਤਾ ਕਿ ਜੇ ਤੁਸੀਂ ਮੌਜੂਦਾ ਅੰਕੜਿਆਂ 'ਤੇ ਗੌਰ ਕਰੋ ਤੇ ਵਿਰਾਟ ਕੋਹਲੀ ਨੂੰ ਸਚਿਨ ਤੇਂਦੁਲਕਰ ਦੇ ਬਰਾਬਰ ਤੇ ਰੋਹਿਤ ਸ਼ਰਮਾ ਨੂੰ ਸੌਰਵ ਗਾਂਗੁਲੀ ਦੇ ਬਰਾਬਰ ਪਾਰੀਆਂ ਦਿਓ ਤਾਂ ਮੌਜੂਦਾ ਜੋੜੀ ਦਾ ਪਲੜਾ ਭਾਰੀ ਹੋ ਜਾਂਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।