ਸੁਰਖਿੱਅਤ ਡਲੀਵਰੀ ਅਤੇ ਮੈਟਰਨਲ ਕੇਅਰ ਗਰਭਵਤੀ ਦੀ ਮੌਤ ਰੋਕਣ ਲਈ ਜਰੂਰੀ : ਸਿਵਲ ਸਰਜਨ

by

ਕਪੂਰਥਲਾ : ਸੁੱਰਖਿਅਤ ਡਲੀਵਰੀ ਤੇ ਮੈਟਰਨਲ ਕੇਅਰ ਦੋ ਅਜਿਹੇ ਜਰੂਰੀ ਤੱਥ ਹਨ ਜਿਹੜੇ ਕਿ ਜੱਚਾ ਮੌਤ ਦਰ ਨੂੰ ਘਟਾਉਣ ਵਿੱਚ ਸਹਾਈ ਹਨ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਐਮ.ਡੀ. ਐੱਸ.ਆਰ. ਦੀ ਰਿਵਿਯੂ ਮੀਟਿੰਗ ਦੌਰਾਨ ਪ੍ਰਗਟ ਕੀਤੇ। ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਕਈ ਵਾਰ ਡਲੀਵਰੀ ਦੇ ਦੌਰਾਨ ਕੁੱਝ ਜਟਿਲਤਾਵਾਂ ਦੇ ਚੱਲਦਿਆਂ ਜੱਚਾ ਦੀ ਮੌਤ ਹੋ ਜਾਂਦੀ ਹੈ ਜੋਕਿ ਚਿੰਤਾਜਨਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਮਹਿਲਾਵਾਂ ਲਈ ਬਹੁਤ ਸਾਰੀਆਂ ਸਿਹਤ ਸਕੀਮਾਂ ਚਲਾਈਆਂ ਗਈਆਂ ਹਨ ਜਿਹੜੀਆਂ ਕਿ ਉਨ੍ਹਾਂ ਲਈ ਬਹੁਤ ਲਾਹੇਵੰਦ ਹਨ।ਇਹ ਸਕੀਮਾਂ ਅਜਿਹੀਆਂ ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਰਦਾਨ ਹਨ ਜਿਹੜੇ ਕਿ ਆਰਥਿਕ ਤੰਗਹਾਲੀ ਦੇ ਚੱਲਦਿਆਂ ਕਈ ਵਾਰ ਸੰਸਥਾਗਤ ਜਣੇਪਾ ਨਹੀਂ ਕਰਵਾ ਸਕਦੇ।ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਗਰਭਵਤੀ ਦੀ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਜਰੂਰੀ ਹੈ ਤਾਂ ਜੋ ਸਮੇਂ ਸਿਰ ਉਨ੍ਹਾਂ ਨੂੰ ਸਿਹਤ ਸਹੂਲਤ ਮਿਲ ਸਕੇ। 

ਹਾਈ ਰਿਸਕ ਦਾ ਸਹੀ ਫਾਲੋਅੱਪ ਅਤੇ ਸੁੱਰਖਿਅਤ ਜਣੇਪਾ ਜੱਚਾ ਬੱਚਾ ਮੌਤ ਦਰ ਘਟਾਉਣ ਵਿੱਚ ਸਹਾਇਕ – ਡਾ. ਗੁਰਮੀਤ ਕੌਰ ਦੁੱਗਲ ਜਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਮੀਤ ਕੌਰ ਦੁੱਗਲ ਨੇ ਕਿਹਾ ਕਿ ਗਰਭਵਤੀ ਮਹਿਲਾ ਦੀ ਮਰਿਤੂ ਪਰਿਵਾਰ ਲਈ ਬਹੁਤ ਹੀ ਦੁਖਦਾਇਕ ਹੁੰਦਾ ਹੈ। ਮੀਟਿੰਗ ਦੌਰਾਨ ਕੀਤੇ ਗਏ ਕੇਸਾਂ ਦੇ ਰਿਵਿਯੂ ਦੌਰਾਨ ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਹਾਈਪਰਟੈਂਸ਼ਨ ਅਤੇ ਗਰਭਵਤੀ ਵਿੱਚ  ਖੂਨ ਦੀ ਬਹੁਤ ਜਿਆਦਾ ਕਮੀ ( ਸਵੀਅਰ ਅਨੀਮੀਆ) ਜੱਚਾ ਦੀ ਮੌਤ ਦੇ ਅਹਿਮ ਕਾਰਨ ਹੁੰਦੇ ਹਨ। ਡਾ. ਗੁਰਮੀਤ ਕੌਰ ਦੁੱਗਲ ਨੇ ਕਿਹਾ ਕਿ ਉਕਤ ਦੋਹਾਂ ਕਾਰਨਾਂ ਕਾਰਣ ਡਲੀਵਰੀ ਦੌਰਾਨ ਬਹੁਤ ਜਿਆਦਾ ਖੂਨ ਪੈਣ  ਦੀ ਸਮੱਸਿਆ ਹੋ ਸਕਦੀ ਹੈ ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਡਾ. ਗੁਰਮੀਤ ਕੌਰ ਵੱਲੋਂ ਕਿਹਾ ਗਿਆ ਕਿ  ਗਰਭਾਵਸਥਾ ਦੌਰਾਨ ਘੱਟੋ ਘੱਟ ਇੱਕ ਵਾਰ ਗਰਭਵਤੀ ਦਾ ਮੈਡੀਕਲ ਸਪੈਸ਼ਲਿਸਟ ਕੋਲ ਚੈਕਅੱਪ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਏ.ਐਨ.ਏਮਜ  ਨੂੰ ਹਦਾਇਤ ਕੀਤੀ ਕਿ ਗਰਭਵਤੀ ਦੀ ਜਲਦੀ ਤੋਂ ਜਲਦੀ  ਰਜਿਸਟ੍ਰੇਸ਼ਨ ਕੀਤੀ ਜਾਏ। ਡਾ. ਗੁਰਮੀਤ ਕੌਰ ਦੁੱਗਲ ਨੇ ਕਿਹਾ ਕਿ ਹਰ ਮਹੀਨੇ ਦੀ 9 ਤਾਰੀਖ ਨੂੰ ਪ੍ਰਧਾਨ ਮੰਤਰੀ ਸੁੱਰਖਿਅਤ ਮਾਤ੍ਰਿਤਵ ਅਭਿਆਨ ਤਹਿਤ ਗਰਭਵਤੀ ਮਹਿਲਾ ਨੂੰ ਗਾਈਨੀਕੋਲੋਜਿਸਟ ਕੋਲੋਂ ਚੈਕਅੱਪ ਕਰਵਾਉਣਾ ਜਰੂਰੀ ਹੈ ਤਾਂ ਕਿ ਸਕਰੀਨਿੰਗ ਦੌਰਾਨ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਪਛਾਣ ਹੋ ਸਕੇ ਤੇ ਸਹੀ ਤਰੀਕੇ ਨਾਲ ਉਨ੍ਹਾਂ ਦਾ ਫਾਲੋਅਪ ਕਰ ਕੇ ਸੁੱਰਖਿਅਤ ਜਣੇਪਾ ਕੀਤਾ ਜਾ ਸਕੇ ਤਾਂ ਜੋ ਜੱਚਾ ਅਤੇ ਬੱਚਾ ਮੌਤ ਦਰ ਘਟਾਈ ਜਾ ਸਕੇ।ਡਾ. ਗੁਰਮੀਤ ਕੌਰ ਦੁੱਗਲ ਨੇ ਜੋਰ ਦਿੱਤਾ ਕਿ ਹਾਈ ਰਿਸਕ ਗਰਭਵਤੀ ਮਹਿਲਾ ਦਾ ਸਹੀ ਫਾਲੋਅੱਪ ਅਤੇ ਸੁੱਰਖਿਅਤ ਜਣੇਪਾ ਜੱਚਾ ਬੱਚਾ ਮੌਤ ਦਰ ਘਟਾਉਣ ਵਿੱਚ ਸਹਾਈ ਹੁੰਦਾ ਹੈ। ਇਸ ਮੌਕੇ ਤੇ ਡਾ. ਅਸ਼ੋਕ ਕੁਮਾਰ,  ਡਾ. ਸਿੰਮੀ ਧਵਨ, ਡਾ. ਰਵਜੀਤ, ਡਾ. ਰਾਜੀਵ ਪਰਾਸ਼ਰ, ਡਾ. ਕਿਰਨਪ੍ਰੀਤ ਕੌਰ ਸੇਖੋਂ, ਨਰਸਿੰਗ ਸਿਸਟਰ ਬਿਮਲ  ਐਲ.ਐੱਚ.ਵੀ ਪਰਮਜੀਤ ਕੌਰ, ਰਜਿੰਦਰ ਕੌਰ, ਵਿਸ਼ਾਲ ਰਾਜ  ਤੋਂ ਇਲਾਵਾ ਹੋਰ ਹਾਜਰ ਸਨ|