ਨਾਬਾਰਡ’ ਨੇ ਬਾਨੀ ਦਿਵਸ ਮੌਕੇ ਕਿਸਾਨਾਂ ਨੂੰ ਭਲਾਈ ਸਕੀਮਾਂ ਸਬੰਧੀ ਕੀਤਾ ਜਾਗਰੂਕ

by

ਕਪੂਰਥਲਾ : ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਅੱਜ ਆਪਣੇ 38ਵੇਂ ਬਾਨੀ ਦਿਵਸ ਮੌਕੇ ਜ਼ਿਲਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਦੀ ਅਗਵਾਈ ਹੇਠ ਪਿੰਡ ਸੱਦੂਵਾਲ ਦੀ ਖੇਤੀਬਾੜੀ ਸਹਿਕਾਰੀ ਸੁਸਾਇਟੀ ਵਿਖੇ ਕਿਸਾਨਾਂ ਦੀਆਂ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਇਕ ਵਿਸ਼ਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਇਲਾਕੇ ਦੀਆਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਵੀ ਸ਼ਾਮਿਲ ਹੋਏ। 

ਜ਼ਿਲਾ ਵਿਕਾਸ ਮੈਨੇਜਰ ਸ੍ਰੀ ਰਾਕੇਸ਼ ਵਰਮਾ ਨੇ ਇਸ ਮੌਕੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਾਬਾਰਡ ਪੇਂਡੂ ਵਿਕਾਸ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਦੇਸ਼ ਨੂੰ ਲੈ ਕੇ 1982 ਵਿਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਉਸ ਉਦੇਸ਼ ਨੂੰ ਪੂਰਾ ਕਰਦਾ ਹੋਇਆ ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਉਤਰ ਰਿਹਾ ਹੈ। ਉਨਾਂ ਕਿਹਾ ਕਿ ਨਾਬਾਰਡ ਵੱਲੋਂ ਕਿਸਾਨਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ ਗਈਆਂ ਹਨ, ਜਿਨਾਂ ਦਾ ਵੱਡੀ ਗਿਣਤੀ ਵਿਚ ਕਿਸਾਨ ਲਾਹਾ ਲੈ ਰਹੇ ਹਨ। 

ਉਨਾਂ ਕਿਹਾ ਕਿ ਕਿਸਾਨ ਉਤਪਾਦਨ ਸੰਗਠਨ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ। ਸਾਰਡਸ ਦੇ ਬੁਲਾਰੇ ਸ੍ਰੀ ਕਰਨ ਸਿੰਘ ਨੇ ਇਸ ਮੌਕੇ ਨਾਬਾਰਡ ਵੱਲੋਂ ਕਿਸਾਨਾਂ ਦੇ ਉਤਪਾਦਾਂ ਦੇ ਮੰਡੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਮੇਂ ਦੀ ਲੋੜ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ ਗਈ। 'ਆਰ.ਸੇਟੀ' ਦੇ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ 'ਆਰ.ਸੇਟੀ' ਦੀਆਂ ਸਿਖਲਾਈ ਸਕੀਮਾਂ ਬਾਰੇ ਦੱਸਿਆ ਅਤੇ ਅਤੇ ਨਾਬਾਰਡ ਵੱਲੋਂ ਇਨਾਂ ਸਿਖਲਾਈ ਸਕੀਮਾਂ ਲਈ ਦਿੱਤੀ ਜਾ ਰਹੀ ਮਦਦ ਲਈ ਧੰਨਵਾਦ ਕੀਤਾ। 

ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਸੀ. ਈ. ਓ ਸ੍ਰੀ ਜੋਗਾ ਸਿੰਘ ਅਟਵਾਲ ਨੇ ਔਰਤਾਂ ਦੇ ਸਰਵਪੱਖੀ ਵਿਕਾਸ ਲਈ ਨਾਬਾਰਡ ਵੱਲੋਂ ਸਵੈ-ਸਹਾਈ ਗਰੁੱਪਾਂ ਦੀ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ। ਵਿੱਤੀ ਸਾਖ਼ਰਤਾ ਸਲਾਹਕਾਰ ਸ੍ਰੀ ਗਗਨਦੀਪ ਅਤੇ ਮੈਡਮ ਸਾਖਸ਼ੀ ਸ਼ਰਮਾ ਨੇ ਨਾਬਾਰਡ ਵੱਲੋਂ ਚਲਾਈਆਂ ਜਾ ਰਹੇ ਵਿੱਤੀ ਸਾਖ਼ਰਤਾ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਡਾਇਰੈਕਟਰ ਸਹਿਕਾਰੀ ਬੈਂਕ ਸ੍ਰੀ ਸਤਨਾਮ ਸਿੰਘ, ਪ੍ਰਧਾਨ ਸ. ਜਸਕਰਨ ਸਿੰਘ, ਸ੍ਰੀ ਬੀ. ਐਸ ਸੰਧਾ, ਪੰਜਾਬ ਗ੍ਰਾਮੀਣ ਬੈਂਕ ਦੇ ਮੈਨੇਜਰ ਸ. ਜਸਵਿੰਦਰ ਸਿੰਘ ਡੌਲਾ, ਸ. ਮੱਖਣ ਸਿੰਘ ਤੇ ਹੋਰ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।