ਯੂਥ ਲੀਡਰਸ਼ਿਪ ਅਤੇ ਹਾਈਕਿੰਗ ਟ੍ਰੈਕਿੰਗ ਕੈਂਪ ਲਈ ਜ਼ਿਲੇ ਦੇ 250 ਨੌਜਵਾਨਾਂ ਦੀ ਕੀਤੀ ਜਾਵੇਗੀ ਚੋਣ : DC

by mediateam

ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਹੇਠ ਯੂਥ ਲੀਡਰਸ਼ਿਪ ਕੈਂਪ ਲਗਾਏ ਜਾ ਰਹੇ ਹਨ, ਜਿਨਾਂ ਦਾ ਉਦੇਸ਼ ਨੌਜਵਾਨਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਕਰਨਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਯੂਥ ਲੀਡਰਸ਼ਿਪ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੁਆਰਾ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿਚ ਇਸ ਸਾਲ ਦੌਰਾਨ ਕਰਵਾਏ ਜਾ ਰਹੇ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਅਤੇ ਹਾਈਕਿੰਗ ਤੇ ਟ੍ਰੈਕਿੰਗ ਕੈਂਪ ਲਈ ਜ਼ਿਲੇ ਵਿਚ 250 ਨੌਜਵਾਨਾਂ ਦੀ ਚੋਣ ਕੀਤੀ ਜਾਣੀ ਹੈ ਅਤੇ ਇਸ ਕੈਂਪ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਪ੍ਰੀਤ ਕੋਹਲੀ ਦੀ ਅਗਵਾਈ ਵਿਚ ਚਾਹਵਾਨ ਨੌਜਵਾਨਾਂ ਤੋਂ ਬਿਨੇ ਪੱਤਰ ਪ੍ਰਾਪਤ ਕੀਤੇ ਜਾਣਗੇ ਅਤੇ ਵੱਖ-ਵੱਖ ਵਰਗ ਤਹਿਤ ਚੋਣ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਸਬੰਧੀ ਸਹਾਇਕ ਡਾਇਰੈਕਟਰ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਜੁਲਾਈ ਵਿਚ ਲਗਾਏ ਜਾ ਰਹੇ ਇਨਾਂ ਕੈਪਾਂ ਲਈ ਵੱਖ-ਵੱਖ ਕਾਲਜਾਂ ਤੋਂ ਇਸ ਕੈਂਪ ਵਿਚ ਭਾਗ ਲੈਣ ਲਈ ਬਿਨੇ ਪੱਤਰ ਮੰਗੇ ਜਾ ਰਹੇ ਹਨ। ਉਨਾਂ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਨੌਜਵਾਨਾਂ ਦੀ ਸ਼ਖਸੀਅਤ ਵਿਚ ਨਿਖਾਰ ਆਉਂਦਾ ਹੈ।