ਵਿਆਹ ਦਾ ਝਾਂਸਾ ਦੇ ਕੀਤਾ SEX, ਫਿਰ ਕੀਤਾ ਇਹ..!

by mediateam

ਅੰਮ੍ਰਿਤਸਰ (ਇੰਦਰਜੀਤ ਸਿੰਘ) : ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ। ਫਿਰ ਵਿਆਹ ਤੋਂ ਇਨਕਾਰ ਕਰ ਦਿੱਤਾ। ਥਾਣੇ 'ਚ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਲੱਗਾ ਤਾਂ ਮੁਲਜ਼ਮ ਨੇ ਵਿਆਹ ਦਾ ਸਮਝੌਤਾ ਕਰਨ ਦੀ ਗੱਲ ਕਹਿ ਕੇ ਪੁਲਿਸ ਕਾਰਵਾਈ ਰੁਕਵਾ ਲਈ ਸੀ। ਸ਼ਨਿਚਰਵਾਰ ਨੂੰ ਦੁਲਹਣ ਹੱਥਾਂ 'ਚ ਮਹਿੰਦੀ ਲਗਾ ਕੇ, ਲਾਲ ਜੋੜੇ 'ਚ ਸਜੀ ਬੈਠੀ ਰਹੀ। ਨਾ ਤਾਂ ਬਰਾਤ ਪਹੁੰਚੀ ਤੇ ਨਾ ਹੀ ਲਾੜਾ। ਪੀੜਤ ਕੁੜੀ ਨੇ ਫਿਰ ਬੀ ਡਵੀਜ਼ਨ ਥਾਣੇ 'ਚ ਸ਼ਿਕਾਇਤ ਕੀਤੀ। ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਕਸ਼ਮਣਸਰ ਚੌਕ ਨਿਵਾਸੀ ਰੋਹਿਤ ਸਹਿਗਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਦਾ ਮੋਬਾਈਲ ਬੰਦ ਹੈ। 

ਉਸ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੋਹਿਤ ਨੂੰ ਛੇਤੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।ਮਹਾਨਗਰ ਦੇ ਇਕ ਇਲਾਕੇ 'ਚ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਫੇਸਬੁੱਕ 'ਤੇ ਉਸ ਦੀ ਮੁਲਾਕਾਤ ਰੋਹਿਤ ਸਹਿਗਲ ਨਾਲ ਹੋਈ ਸੀ। ਮੁਲਜ਼ਮ ਰੋਹਿਤ ਨੇ ਪੀੜਤਾ ਨੂੰ ਦੱਸਿਆ ਕਿ ਉਹ ਫੈਕਟਰੀ ਦਾ ਮਾਲਕ ਹੈ ਤੇ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ। ਰੋਹਿਤ ਨੇ ਉਸ ਨੂੰ ਪਿਆਰ ਦੇ ਜਾਲ 'ਚ ਫਸਾਉਣਾ ਸ਼ੁਰੂ ਕਰ ਦਿੱਤਾ। ਮੌਕਾ ਪਾ ਕੇ ਮੁਲਜ਼ਮ ਨੇ ਉਸ ਨਾਲ ਸਰੀਰਕ ਸਬੰਧ ਬਣਾ ਲਏ। ਕੁਝ ਸਮਾਂ ਬੀਤਿਆ ਤਾਂ ਮੁਲਜ਼ਮ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਉਹ ਉਸ ਨੂੰ ਜਾ ਕੇ ਮਿਲੀ ਤਾਂ ਉਸ ਨੇ ਦੱਸਿਆ ਕਿ ਉਹ ਵਿਆਹ ਨਹੀਂ ਕਰ ਸਕਦਾ। 

ਉਸਦੇ ਪਰਿਵਾਰ ਵਾਲੇ ਵਿਆਹ ਤੋਂ ਰਾਜ਼ੀ ਨਹੀਂ ਹਨ। ਪੀੜਤਾ ਨੇ ਸਾਰਾ ਮਾਮਲਾ ਆਪਣੇ ਪਰਿਵਾਰ ਨੂੰ ਦੱਸਿਆ ਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਸ਼ਿਕਾਇਤ ਕੀਤੀ ਗਈ। ਮਾਮਲੇ ਦੀ ਜਾਂਚ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਸੌਂਪੀ ਗਈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਰੋਹਿਤ 'ਤੇ ਦੋਸ਼ ਸਾਬਤ ਹੋ ਗਏ। ਰੋਹਿਤ ਨੂੰ ਲੱਗਣ ਲੱਗਾ ਕਿ ਪੁਲਿਸ ਉਸ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰ ਦੇਵੇਗੀ। ਇਸ ਤੋਂ ਬਾਅਦ ਰੋਹਿਤ ਨੇ ਥਾਣੇ 'ਚ ਸਮਝੌਤਾ ਕੀਤਾ ਕਿ ਉਹ 30 ਨਵੰਬਰ ਨੂੰ ਲੜਕੀ ਨਾਲ ਵਿਆਹ ਕਰਵਾ ਲਵੇਗਾ। ਪੀੜਤਾ ਦੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਵਿਆਹ ਦਾ ਬੰਦੋਬਸਤ ਕਰ ਲਿਆ ਸੀ। ਸਾਰਾ ਪਰਿਵਾਰ ਸ਼ੁੱਕਰਵਾਰ ਨੂੰ ਉਡੀਕ ਕਰਦਾ ਰਿਹਾ। ਨਾ ਲਾੜਾ ਪੁੱਜਾ ਤੇ ਨਾ ਹੀ ਬਰਾਤ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਥਾਣਾ ਬੀ ਡਵੀਜ਼ਨ 'ਚ ਦੁਬਾਰਾ ਸ਼ਿਕਾਇਤ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਰੋਹਿਤ ਖ਼ਿਲਾਫ਼ ਜਬਰ ਜਨਾਹ ਦਾ ਮੁਕੱਦਮਾ ਦਰਜ ਕਰ ਲਿਆ ਹੈ।