ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮਜੀਠਾ ਦੇ ਬੱਸ ਸਟੈਂਡ ‘ਤੇ ਮ੍ਰਿਤਕ ਦੀ ਲਾਸ਼ ਰੱਖ, ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ

by

ਮਜੀਠਾ : ਬੀਤੇ ਦਿਨੀਂ ਮਜੀਠਾ 'ਚ ਬੇਟੀ ਦੇ ਪਿਆਰ ਸੰਬੰਧ ਤੋਂ ਨਾਰਾਜ਼ ਪਰਿਵਾਰ ਨੇ ਬੁੱਧਵਾਰ ਦੁਪਹਿਰ ਪਹਿਲਾਂ ਬੇਟੀ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਤੇ ਬਾਅਦ 'ਚ ਨਾਬਲਿਗ ਕੁੜੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਮਜੀਠਾ ਸਥਿਤ ਕੱਥੂਨੰਗਲ ਰੋਡ 'ਤੇ ਓਬੀਸੀ ਬੈਂਕ ਦੇ ਨਜ਼ਦੀਕ ਵਾਰਡ ਨੰਬਰ 13 ਦੇ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ ਸਿੰਘ ਦੇ ਪੋਤਰੇ ਪਵਨ ਸਿੰਘ ਪੁੱਤਰ ਰਾਜਪਾਲ ਸਿੰਘ ਦਾ ਨਾਬਾਲਗ ਲੜਕੀ ਅਨੂ ਪੁੱਤਰੀ ਦਿਲਬਾਗ ਸਿੰਘ ਵਾਸੀ ਮਜੀਠਾ ਨਾਲ ਪ੍ਰੇਮ ਸਬੰਧ ਹੋਣ ਕਾਰਨ ਲੜਕੀ ਦੇ ਪਿਤਾ ਦਿਲਬਾਗ ਸਿੰਘ ਵੱਲੋਂ ਪਵਨ ਤੇ ਆਪਣੀ ਲੜਕੀ ਅਨੂ ਨੂੰ ਵੀ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਤੇ ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ ਸਨ। 

ਪੁਲਿਸ ਨੂੰ ਸੂਚਨਾ ਮਿਲਣ 'ਤੇ ਡੀਐੱਸਪੀ ਰਵਿੰਦਰ ਸਿੰਘ ਤੇ ਥਾਣਾ ਮੁਖੀ ਹਰਕੀਰਤ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾ ਕਬਜ਼ੇ 'ਚ ਲੈ ਕੇ ਮ੍ਰਿਤਕ ਪਵਨ ਦੇ ਭਰਾ ਰਾਹੁਲ ਦੇ ਬਿਆਨਾਂ ਦੇ ਆਧਾਰ 'ਤੇ ਕਾਸ਼ੂ ਪੁੱਤਰ ਪਾਲਾ, ਹਰਪਾਲ ਸਿੰਘ ਪੁੱਤਰ ਬਲਦੇਵ ਸਿੰਘ, ਓਂਕਾਰ ਪੁੱਤਰ ਹਰਪਾਲ ਸਿੰਘ, ਲਾਡੀ ਵਾਸੀ ਸ਼ਾਮਨਗਰ, ਬਲਕਾਰ ਸਿੰਘ ਪੁੱਤਰ ਬਲਦੇਵ ਸਿੰਘ, ਸੰਨੀ ਵਾਸੀ ਮਜੀਠਾ, ਇਕ ਨਾ ਮਾਲੂਮ ਦੇ ਖਿਲਾਫ ਮਜੀਠਾ ਥਾਣਾ ਵਿਖੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਅਜੇ ਤਕ ਦੋਸ਼ੀ ਪੁਲਿਸ ਦੀ ਗ੍ਰਿਫਤ 'ਚੋ ਬਾਹਰ ਹਨ।

ਮ੍ਰਿਤਕ ਲੜਕੇ ਪਵਨ ਦੇ ਪਰਿਵਾਰ ਤੇ ਹੋਰ ਸਕੇ-ਸਬੰਧੀਆਂ ਤੇ ਮਜੀਠਾ ਨਿਵਾਸੀਆਂ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮਜੀਠਾ ਦੇ ਬੱਸ ਸਟੈਂਡ 'ਤੇ ਮ੍ਰਿਤਕ ਪਵਨ ਦੀ ਲਾਸ਼ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਪੁਲਿਸ ਵੱਲੋਂ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡੀਐੱਸਪੀ ਅਜਨਾਲਾ ਹਰਪ੍ਰੀਤ ਸਿੰਘ ਵੱਲੋਂ ਪ੍ਰਦਰਸ਼ਣਕਾਰੀਆਂ ਤੇ ਕਸਬਾ ਮਜੀਠਾ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।