ਜਾਪਾਨ ਦੇ ਪੂਰਬੀ-ਉੱਤਰੀ ਖੇਤਰ ’ਚ ਭਾਰੀ ਬਰਫਬਾਰੀ, 130 ਗੱਡੀਆਂ ਆਪਸ ’ਚ ਟਕਰਾਈਆਂ

by vikramsehajpal

ਟੋਕੀਓ (ਦੇਵ ਇੰਦਰਜੀਤ)- ਜਾਪਾਨ ਦੇ ਪੂਰਬੀ-ਉੱਤਰੀ ਖੇਤਰ ਦੇ ਤੋਹੋਕੂ ਹਾਈਵੇਅ ’ਤੇ ਭਾਰੀ ਬਰਫਬਾਰੀ ਕਾਰਨ ਤਕਰੀਬਨ 130 ਗੱਡੀਆਂ ਆਪਸ ’ਚ ਟਕਰਾਈਆਂ ਜਿਸ ਨਾਲ 1 ਦੀ ਮੌਤ ਹੋ ਗਈ ਅਤੇ 17 ਲੋਕ ਜ਼ਖ਼ਮੀ ਹੋਏ।

ਕਿਓਡੋ ਮੀਡੀਆ ਮੁਤਾਬਕ ਮਿਆਗੀ ਸੂਬੇ ਵਿਚ ਭਾਰੀ ਬਰਫਬਾਰੀ ਅਤੇ ਤੂਫ਼ਾਨੀ ਹਵਾਵਾਂ ਦੇ ਬਾਅਦ 100 ਤੋਂ ਵਧੇਰੇ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਇੱਥੇ 200 ਤੋਂ ਵੱਧ ਲੋਕ ਫਸੇ ਹੋਏ ਹਨ। ਜਾਪਾਨ ਟੀ. ਵੀ. ਚੈਨਲਾਂ ਮੁਤਾਬਕ ਸੜਕਾਂ ’ਤੇ ਕਈ ਥਾਵਾਂ ਉੱਤੇ ਟਰੱਕ ਅਤੇ ਗੱਡੀਆਂ ਆਪਸ ਵਿਚ ਟਕਰਾਈਆਂ ਹੋਈਆਂ ਦਿਖਾਈ ਦਿੱਤੀਆਂ, ਜਿਸ ਦੇ ਕਾਰਨ ਭਿਆਨਕ ਜਾਮ ਵੀ ਲੱਗ ਗਿਆ। ਇੱਥੇ ਰਾਹਤ ਤੇ ਬਚਾਅ ਕਾਰਜ ਚੱਲ ਰਿਹਾ ਹੈ ਤੇ ਵਾਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਬਾਕੀ ਲੋਕ ਆਪਣੀ ਮੰਜ਼ਲ ’ਤੇ ਪੁੱਜ ਸਕਣ।

ਦੱਸਿਆ ਜਾ ਰਿਹਾ ਹੈ ਕਿ 2 ਵਿਅਕਤੀਆਂ ਦੀ ਹਾਲਤ ਗੰਭੀਰ ਹੈ ਤੇ ਜ਼ਖ਼ਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਬਰਫੀਲੇ ਤੂਫ਼ਾਨ ਅਤੇ ਘੱਟ ਵਿਜ਼ੀਬਿਲਟੀ ਕਾਰਨ ਇੱਥੇ ਹਾਦਸੇ ਵਾਪਰੇ ਹਨ।