ਖੁਸ਼ਖਬਰੀ..! ਟੋਰਾਂਟੋ ਤੋਂ ਦਿੱਲੀ ਸਿੱਧੀ ਉਡਾਣ ਸ਼ੁਰੂ

by mediateam

ਓਂਟਾਰੀਓ (Vikram Sehajpal) : ਪਿਛਲੇ ਸ਼ੁੱਕਰਵਾਰ ਨੂੰ ਸੱਤ ਸਾਲ ਦੇ ਲੰਮੇ ਵਕਫ਼ੇ ਮਗਰੋਂ ਟੋਰਾਂਟੋ ਅਤੇ ਨਵੀਂ ਦਿੱਲੀ ਦਰਮਿਆਨ ਏਅਰ ਇੰਡੀਆ ਦੀ ਸਿੱਧੀ ਉਡਾਣ ਮੁੜ ਸ਼ੁਰੂ ਹੋ ਗਈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਏ ਜਹਾਜ਼ ਵਿਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਸਵਾਰ ਸਨ। ਫ਼ਿਲਹਾਲ ਇਸ ਉਡਾਣ ਨੂੰ ਹਫ਼ਤੇ ਵਿਚ ਤਿੰਨ ਵਾਰ ਸ਼ੁਰੂ ਕੀਤਾ ਗਿਆ ਹੈ ਪਰ ਅਧਿਕਾਰੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਜਲਦ ਹੀ ਰੋਜ਼ਾਨਾ ਸੇਵਾ ਸ਼ੁਰੂ ਕਰ ਦਿਤੀ ਜਾਵੇਗੀ। ਪੀਅਰਸਨ ਹਵਾਈ ਅੱਡੇ ਤੋਂ ਪਹਿਲੀ ਉਡਾਣ ਰਵਾਨਾ ਹੋਣ ਮੌਕੇ ਰੰਗਾ-ਰੰਗ ਪ੍ਰੋਗਰਾਮ ਕੀਤਾ ਗਿਆ ਅਤੇ ਭਾਰਤ ਦੇ ਕੈਨੇਡਾ ਵਿਚ ਹਾਈ ਕਮਿਸ਼ਨਰ ਵਿਕਾਸ ਸਵਰੂਪ ਨੇ ਖ਼ਾਸ ਤੌਰ 'ਤੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਕਾਸ ਸਵਰੂਪ ਨੇ ਕਿਹਾ ਕਿ ਕੈਨੇਡਾ ਵਿਚ ਭਾਰਤੀ ਮੂਲ ਦੇ 16 ਲੱਖ ਲੋਕ ਵਸਦੇ ਹਨ ਜਦਕਿ ਵਿਦਿਆਰਥੀਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਇਸ ਉਡਾਣ ਦੀ ਸ਼ੁਰੂਆਤ ਨਾਲ ਭਾਰਤੀਆਂ ਨੂੰ ਆਪਣੀ ਮੰਜ਼ਿਲ 'ਤੇ ਜਲਦ ਪੁੱਜਣ ਦੀ ਸਹੂਲਤ ਮਿਲੇਗੀ। 


ਭਾਰਤ ਦੇ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਮੌਕੇ ਕਿਹਾ ਕਿ ਭਾਰਤ ਦਾ ਐਵੀਏਸ਼ਨ ਉਦਯੋਗ 17 ਫ਼ੀ ਸਦੀ ਸਾਲਾਨਾ ਦੀ ਦਰ ਨਾਲ ਵਧ ਰਿਹਾ ਹੈ ਅਤੇ ਦੁਨੀਆਂ ਵਿਚ ਤੀਜਾ ਸਭ ਤੋਂ ਵੱਡਾ ਐਵੀਏਸ਼ਨ ਬਾਜ਼ਾਰ ਵੀ ਬਣ ਚੁੱਕਾ ਹੈ। ਹਾਲ ਹੀ ਵਿਚ ਦਿੱਲੀ ਹਵਾਈ ਅੱਡੇ ਰਾਹੀਂ ਇਕ ਸਾਲ ਵਿਚ 7 ਕਰੋੜ ਮੁਸਾਫ਼ਰਾਂ ਨੇ ਆਵਾਜਾਈ ਕੀਤੀ। ਦੱਸ ਦੇਈਏ ਕਿ ਟੋਰਾਂਟੋ ਤੋਂ ਦਿੱਲੀ ਜਾਣ ਵਾਲੀ ਸਿੱਧੀ ਉਡਾਣ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 12.15 ਵਜੇ ਰਵਾਨਾ ਹੁੰਦੀ ਹੈ ਅਤੇ ਅਗਲੇ ਦਿਨ ਇਸੇ ਸਮੇਂ 'ਤੇ ਦਿੱਲੀ ਪਹੁੰਚ ਜਾਂਦੀ ਹੈ। ਏਅਰ ਇੰਡੀਆ ਦੁਆਰਾ ਸਿੱਧੀਆਂ ਉਡਾਣਾਂ ਦਾ ਸੰਚਾਲਨ ਬੋਇੰਗ 777 ਜਹਾਜ਼ਾਂ ਰਾਹੀਂ ਕੀਤਾ ਜਾ ਰਿਹਾ ਹੈ।