ਸਟੇਟ ਐਵਾਰਡੀ ਮੰਗਲ ਸਿੰਘ ਭੰਡਾਲ ਦਿਵਿਆਂਗ ਵੋਟਰਾਂ ਦੇ ਬਣੇ ਜ਼ਿਲਾ ਬ੍ਰਾਂਡ ਅੰਬੈਸਡਰ

by mediateam

ਕਪੂਰਥਲਾ : ਚੋਣ ਕਮਿਸ਼ਨ ਵੱਲੋਂ ਸਟੇਟ ਐਵਾਰਡੀ ਮੰਗਲ ਸਿੰਘ ਭੰਡਾਲ ਨੂੰ ਦਿਵਿਆਂਗ ਵੋਟਰਾਂ (ਪੀ. ਡਬਲਿਊ. ਡੀ ਵੋਟਰਸ) ਦਾ ਜ਼ਿਲਾ ਕਪੂਰਥਲਾ ਲਈ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਬੀਤੇ ਦਿਨੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਚੋਣ ਕਮਿਸ਼ਨ ਵੱਲੋਂ ਪੀ. ਡਬਲਿਊ. ਡੀ. ਵੋਟਰਾਂ ਲਈ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਵੱਲੋਂ ਉਨਾਂ ਨੂੰ ਇਹ ਮਾਣ ਦਿੱਤਾ ਗਿਆ। ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਉਨਾਂ ਸ. ਭੰਡਾਲ ਵੱਲੋਂ ਦਿਵਿਆਂਗਜਨ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਇਸ ਪ੍ਰਾਪਤੀ ਲਈ ਉਨਾਂ ਨੂੰ ਮੁਬਾਰਕਬਾਦ ਦਿੱਤੀ।  

ਸ. ਮੰਗਲ ਸਿੰਘ ਭੰਡਾਲ ਨੂੰ ਜ਼ਿਲਾ ਬ੍ਰਾਂਡ ਅੰਬੈਸਡਰ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ 'ਅੱਖਰ ਮੰਚ' ਵੱਲੋਂ ਉਨਾਂ ਨੂੰ ਸਨਮਾਨ ਤੇ ਸਤਿਕਾਰ ਦਿੱਤਾ ਗਿਆ। ਇਸ ਮੌਕੇ ਸ਼ੋ੍ਰਮਣੀ ਪ੍ਰਵਾਸੀ ਸਾਹਿਤਕਾਰ ਡਾ. ਗੁਰਬਖਸ਼ ਸਿਘ ਭੰਡਾਲ ਨੇ ਮੰਗਲ ਸਿੰਘ ਨੂੰ ਆਪਣੇ ਪਿੰਡ ਭੰਡਾਲ ਬੇਟ ਦਾ ਅੰਤਰਰਾਸ਼ਟਰੀ ਮਾਣ ਆਖਿਆ। ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਮੰਗਲ ਸਿੰਘ ਦੀਆਂ ਸਿਰੜ ਨਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਮੰਗਲ ਸਿੰਘ ਭੰਡਾਲ ਬਾਰੇ ਲਿਖੀ ਆਪਦੀ ਯਾਦਗਾਰੀ ਕਵਿਤਾ 'ਅੰਗਹੀਣ ਹਾਂ ਪਰ ਅੰਗਾਂ ਵਾਲਿਆਂ ਲਈ ਰਾਹ ਦਸੇਰਾ ਹਾਂ' ਪੇਸ਼ ਕੀਤੀ। ਮੰਚ ਵੱਲੋਂ ਡਾ. ਸਰਦੂਲ ਸਿੰਘ ਔਜਲਾ, ਹਰਪਿੰਦਰ ਸਿੰਘ ਬਾਜਵਾ, ਆਰਟਿਸਟ ਜਸਬੀਰ ਸਿੰਘ ਸੰਧੂ, ਜਸਵਿੰਦਰ ਸਿੰਘ ਚਾਹਲ, ਹਰਵਿੰਦਰ ਸਿੰਘ ਸਰਾਏ ਅਤੇ ਵਿਨੋਦ ਠਾਕੁਰ ਨੇ ਯਾਦਗਾਰੀ ਚਿੰਨ ਤੇ ਲੋਈ ਦੇ ਕੇ ਸਨਮਾਨਿਤ ਕੀਤਾ। ਮੰਗਲ ਸਿੰਘ ਭੰਡਾਲ ਨੇ ਅੰਤ ਵਿਚ ਮੰਚ ਵੱਲੋਂ ਕੀਤੇ ਮਾਣ-ਸਤਿਕਾਰ ਲਈ ਧੰਨਵਾਦ ਕੀਤਾ।