ਮਨਰੇਗਾ ਤਹਿਤ ਜ਼ਿਲੇ ਵਿਚ 3 ਲੱਖ 25 ਹਜ਼ਾਰ ਬੂਟੇ ਲਗਾਉਣ ਦਾ ਟੀਚਾ : ਅਵਤਾਰ ਸਿੰਘ ਭੁੱਲਰ

by mediateam

ਕਪੂਰਥਲਾ : ਮਨਰੇਗਾ ਤਹਿਤ ਇਸ ਸੀਜ਼ਨ ਦੌਰਾਨ ਜ਼ਿਲੇ ਵਿਚ 3 ਲੱਖ 25 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਮਨਰੇਗਾ ਤਹਿਤ ਜ਼ਿਲੇ ਵਿਚ ਕਰਵਾਏ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਰੱਖਣ ਅਤੇ ਪਾਣੀ ਦੀ ਸਾਂਭ-ਸੰਭਾਲ ਲਈ ਜ਼ਿਲੇ ਵਿਚ ਮਨਰੇਗਾ ਤਹਿਤ ਅਨੇਕਾਂ ਕਾਰਜ ਕਰਵਾਏ ਜਾ ਰਹੇ ਹਨ। 

ਉਨਾਂ ਦੱਸਿਆ ਕਿ ਮਨਰੇਗਾ ਤਹਿਤ ਹੁਣ ਤੱਕ 1 ਲੱਖ 35 ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ ਜਦਕਿ 1 ਲੱਖ 90 ਹਜ਼ਾਰ ਬੂਟੇ ਹੋਰ ਲਗਾਏ ਜਾਣੇ ਹਨ, ਜਿਨਾਂ ਲਈ 1 ਲੱਖ 10 ਹਜ਼ਾਰ ਟੋਏ ਪੁੱਟੇ ਗਏ ਹਨ ਅਤੇ ਬਰਸਾਤ ਸ਼ੁਰੂ ਹੁੰਦਿਆਂ ਹੀ ਇਨਾਂ ਵਿਚ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। 

ਉਨਾਂ ਦੱਸਿਆ ਕਿ ਇਸ ਤਹਿਤ ਜ਼ਿਲੇ ਦੇ ਹਰੇਕ ਪਿੰਡ ਵਿਚ ਬੂਟੇ ਲਗਾਉਣ ਲਈ ਖਾਕਾ ਉਲੀਕਿਆ ਗਿਆ ਹੈ ਅਤੇ ਮਨਰੇਗਾ ਅਤੇ ਬੀ. ਡੀ. ਪੀ. ਓ ਦਫ਼ਤਰਾਂ ਨਾਲ ਸਬੰਧਤ ਅਧਿਕਾਰੀ ਤੇ ਕਰਮਚਾਰੀ ਇਸ ਕੰਮ ਵਿਚ ਜੀਅ-ਜਾਨ ਨਾਲ ਜੁੱਟੇ ਹੋਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਵਿਚ ਨਿਕਾਸੀ ਪਾਣੀ ਲਈ ਸੋਕੇਜ ਪਿੱਟ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਵਿਚ 5460 ਸੋਕੇਜ ਪਿੱਟ ਬਣਾਉਣ ਦਾ ਟੀਚਾ ਹੈ ਅਤੇ ਇਸ ਸਬੰਧੀ ਪਿੰਡਾਂ ਦੀ ਅਬਾਦੀ ਤੋਂ ਬਾਹਰ ਦੇ ਡੇਰਿਆਂ ਅਤੇ ਢਾਣੀਆਂ ਨੂੰ ਪਹਿਲ ਦਿੱਤੀ ਜਾਵੇਗੀ। 

ਉਨਾਂ ਕਿਹਾ ਕਿ ਜੇਕਰ ਕਿਸੇ ਵੀ ਪਰਿਵਾਰ ਨੇ ਸੋਕੇਜ ਪਿੱਟ ਬਣਾਉਣਾ ਹੋਵੇ ਤਾਂ ਉਹ ਸਬੰਧਤ ਬੀ. ਡੀ. ਪੀ. ਓ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਬੀ. ਡੀ. ਪੀ. ਓ ਸ੍ਰੀ ਪਰਮਜੀਤ ਸਿੰਘ, ਸ੍ਰੀ ਹਰਬਲਾਸ ਤੇ ਸ. ਗੁਰਪ੍ਰਤਾਪ ਸਿੰਘ ਗਿੱਲ, ਸੁਪਰਡੈਂਟ ਸ੍ਰੀ ਸਾਹਿਲ ਓਬਰਾਏ, ਆਈ. ਟੀ. ਮੈਨੇਜਰ ਸ੍ਰੀ ਰਾਜੇਸ਼ ਰਾਏ, ਜਨ ਹਿੱਤ ਐਨ. ਜੀ. ਓ ਤੋਂ ਸ. ਬਲਕਾਰ ਸਿੰਘ ਧਾਲੀਵਾਲ ਅਤੇ ਹੋਰ ਹਾਜ਼ਰ ਸਨ।