ਕੈਨੇਡਾ ਭੇਜਣ ਦੇ ਨਾਂ ‘ਤੇ 21 ਲੱਖ ਦੀ ਠੱਗੀ, ਇਕ ਖ਼ਿਲਾਫ਼ ਕੇਸ ਦਰਜ

by

ਤਰਨਤਾਰਨ: ਕੈਨੇਡਾ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਕਤ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਇਕ ਵਿਅਕਤੀ ਵਿਰੁੱਧ ਧੋਖਾਧੜੀ ਕਰਨ ਅਤੇ ਮਨੁੱਖੀ ਤਸਕਰੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਣਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਚੂਸਲੇਵੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਚਿਨ ਸ਼ਰਮਾ ਪੁੱਤਰ ਚੰਦਰ ਕੁਮਾਰ ਸ਼ਰਮਾ ਵਾਸੀ ਬਟਾਲਾ ਰੋਡ ਅੰਮ੍ਰਿਤਸਰ ਨੇ ਉਸ ਦੇ ਲੜਕੇ ਸਲਵਿੰਦਰ ਸਿੰਘ ਨੂੰ ਕੈਨੇਡਾ ਭੇਜਣ ਲਈ 21 ਲੱਖ ਰੁਪਏ ਤੇ ਅਸਲ ਕਾਗਜ਼ਾਤ ਲਏ ਸਨ। ਉਸ ਨੇ ਸਲਵਿੰਦਰ ਸਿੰਘ ਨੂੰ ਦੋ ਮਹੀਨੇ ਵਿਚ ਕੈਨੇਡਾ ਭੇਜ ਕੇ ਪੱਕੇ ਤੌਰ 'ਤੇ ਕੰਮ ਲਗਵਾਉਣ ਦਾ ਵਾਅਦਾ ਕੀਤਾ ਸੀ ਪਰ ਨਾ ਤਾਂ ਉਸ ਦੇ ਲੜਕੇ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ। ਉਕਤ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਕਰਾਈਮ ਵੱਲੋਂ ਕਰਨ ਉਪਰੰਤ ਐੱਸਐੱਸਪੀ ਦੇ ਹੁਕਮਾਂ 'ਤੇ ਥਾਣਾ ਸਦਰ ਪੱਟੀ ਵਿਖੇ ਸਚਿਨ ਸ਼ਰਮਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਗਲੀ ਜਾਂਚ ਕਰ ਰਹੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।