ਵਿਸ਼ਵ ਕੱਪ ‘ਚ ਨੰਬਰ-1 ਰੈਂਕਿੰਗ ਨਾਲ ਉਤਰਨਗੇ ਵਿਰਾਟ-ਬੁਮਰਾਹ

by mediateam

ਕ੍ਰਿਕੇਟ ਡੈਸਕ - ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 30 ਮਈ ਤੋਂ ਇੰਗਲੈਂਡ ਵਿਚ ਹੋਣ ਵਾਲੇ ਇਕ ਦਿਨਾ ਵਿਸ਼ਵ ਕੱਪ ਵਿਚ ਕ੍ਰਮਵਾਰ ਨੰਬਰ-1 ਬੱਲੇਬਾਜ਼ ਅਤੇ ਨੰਬਰ-1 ਗੇਂਦਬਾਜ਼ ਦੇ ਰੂਪ ਵਿਚ ਉਤਰਨਗੇ, ਜਦਕਿ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਨੰਬਰ-1 ਆਲਰਾਊਂਡਰ ਦੇ ਤੌਰ 'ਤੇ ਉਤਰੇਗਾ। ਇੰਗਲੈਂਡ ਤੇ ਪਾਕਿਸਤਾਨ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਤੇ ਵੈਸਟਇੰਡੀਜ਼, ਬੰਗਲਾਦੇਸ਼ ਤੇ ਆਇਰਲੈਂਡ ਦੀ ਤਿਕੋਣੀ ਸੀਰੀਜ਼ ਖਤਮ ਹੋਣ ਤੋਂ ਬਾਅਦ ਆਈ. ਸੀ. ਸੀ. ਵਨ ਡੇ ਰੈਂਕਿੰਗ ਜਾਰੀ ਹੋਈ ਹੈ ਜਿਸ 'ਚ ਵਿਰਾਟ ਬੁਮਰਾਹ ਨੰਬਰ ਇਕ ਰੈਂਕਿੰਗ ਦੇ ਨਾਲ ਵਿਸ਼ਵ ਕੱਪ 'ਚ ਉਤਰਨ ਜਾ ਰਹੇ ਹਨ। ਵਿਸ਼ਵ ਕੱਪ ਤੋਂ ਪਹਿਲਾਂ ਇਹ 2 ਆਖਰੀ ਸੀਰੀਜ਼ ਸਨ। ਵਿਰਾਟ 890 ਰੇਟਿੰਗ ਅੰਕਾਂ ਨਾਲ ਬੱਲੇਬਾਜ਼ਾਂ ਵਿਚ ਚੋਟੀ ਦੇ ਸਥਾਨ 'ਤੇ ਹੈ, ਜਦਕਿ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ 839 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਓਪਨਰ ਸ਼ਿਖਰ ਧਵਨ ਬੱਲੇਬਾਜ਼ੀ ਰੈਂਕਿੰਗ ਵਿਚ 13ਵੇਂ, ਮਹਿੰਦਰ ਸਿੰਘ ਧੋਨੀ 23ਵੇਂ ਅਤੇ ਕੇਦਾਰ ਜਾਧਵ 26ਵੇਂ ਸਥਾਨ 'ਤੇ ਹੈ।

ਗੇਂਦਬਾਜ਼ਾਂ ਵਿਚ ਬੁਮਰਾਹ 774 ਅੰਕਾਂ ਨਾਲ ਚੋਟੀ 'ਤੇ ਹੈ, ਜਦਕਿ ਟੀਮ ਇੰਡੀਆ ਦੇ 2 ਸਪਿਨਰ ਕੁਲਦੀਪ ਯਾਦਵ 7ਵੇਂ ਅਤੇ ਯੁਜਵੇਂਦਰ ਚਾਹਲ 8ਵੇਂ ਸਥਾਨ 'ਤੇ ਹਨ। ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 16ਵੇਂ, ਆਲਰਾਊਂਡਰ ਰਵਿੰਦਰ ਜਡੇਜਾ 31ਵੇਂ, ਮੁਹੰਮਦ ਸ਼ੰਮੀ 33ਵੇਂ ਅਤੇ ਹਾਰਦਿਕ ਪੰਡਯਾ 61ਵੇਂ ਸਥਾਨ 'ਤੇ ਹੈ। ਗੇਂਦਬਾਜ਼ੀ 'ਚ ਕੇਦਾਰ ਜਾਧਵ ਦੀ 91ਵੀਂ ਰੈਂਕਿੰਗ ਹੈ। ਆਲਰਾਊਂਡਰ 'ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਪਹਿਲੇ ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ, ਮੁਹੰਮਦ ਨਬੀ ਦੂਸਰੇ ਸਥਾਨ 'ਤੇ ਹੈ। ਟਾਪ-10 ਆਲਰਾਊਂਡਰ 'ਚ ਕੋਈ ਭਾਰਤੀ ਸ਼ਾਮਲ ਨਹੀਂ ਹੈ।