ਹੁਸ਼ਿਆਰਪੁਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ

by mediateam

ਹੁਸ਼ਿਆਰਪੁਰ : ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ 10 ਮਈ ਨੂੰ ਹੁਸ਼ਿਆਰਪੁਰ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਹੋਣ ਵਾਲੀ ਰੈਲੀ ਲਈ ਵਾਟਰ ਪਰੂਫ ਪੰਡਾਲ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਆਲਾ ਅਫਸਰਾਂ ਦੀ ਸਖ਼ਤ ਨਿਗਰਾਨੀ ਹੇਠ ਤਿਆਰ ਕੀਤਾ ਜਾ ਰਿਹਾ ਹੈ। ਸਾਰਾ ਰੌਸ਼ਨ ਗਰਾਊਂਡ ਦਾ ਇਲਾਕਾ ਪੂਰੀ ਤਰ੍ਹਾਂ ਨਾਲ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਥਾਣਾ ਮਾਡਲ ਟਾਊਨ ਦੀ ਦੀਵਾਰ ਨਾਲ ਲੱਗਦੇ ਮਾਡਲ ਟਾਊਨ ਕਲੱਬ ਤੇ ਆਲੇ ਦੁਆਲੇ ਦੀਆਂ ਸਾਰੀਆਂ ਇਮਾਰਤਾਂ 'ਚ ਪੁਲਿਸ ਦੇ ਆਲਾ ਅਫਸਰਾਂ ਨੇ ਡੇਰਾ ਲਾ ਲਿਆ ਹੈ ਤੇ ਸਮੁੱਚੇ ਸੁੱਰਖਿਆ ਪ੍ਰਬੰਧਾਂ ਦੀ ਸਖ਼ਤ ਨਿਗਰਾਨੀ ਆਈਜੀ ਰੈਂਕ ਦੇ ਅਧਿਕਾਰੀ ਈਸ਼ਵਰ ਚੰਦਰ ਵੱਲੋਂ ਕੀਤੀ ਜਾ ਰਹੀ ਹੈ।

ਵੀਰਵਾਰ ਪੰਜਾਬ ਪੁਲਿਸ ਦੇ ਏਡੀਜੀਪੀ ਵੱਲੋਂ ਵੀ ਇਨ੍ਹਾਂ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਕਈ ਜ਼ਿਲ੍ਹਿਆਂ ਦੀ ਪੁਲਿਸ ਤੋਂ ਇਲਾਵਾ ਐੱਸਪੀਜੀ ਫੋਰਸ ਦੀਆਂ ਟੁਕੜੀਆਂ ਵੀ ਪੁੱਜ ਚੱਕੀਆਂ ਹਨ ਜਿਨ੍ਹਾਂ ਨੇ ਆਪੋ ਆਪਣੇ ਮੋਰਚੇ ਸੰਭਾਲ ਲਏ ਹਨ। ਰੌਸ਼ਨ ਗਰਾਊਂਡ ਇਲਾਕੇ ਦੇ ਚੱਪੇ-ਚੱਪੇ 'ਤੇ ਪੁਲਿਸ ਤੇ ਮਹਿਲਾ ਪੁਲਿਸ ਦੇ ਜਵਾਨ ਤਾਇਨਾਤ ਹਨ। ਹਜ਼ਾਰਾਂ ਦੀ ਗਿਣਤੀ 'ਚ ਤਾਇਨਾਤ ਇਨ੍ਹਾਂ ਪੁਲਿਸ ਅਤੇ ਨੀਮ ਸੁਰਖਿਆ ਫੋਰਸਾਂ ਦੇ ਜਵਾਨਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ 'ਚ ਭੀੜ ਵਿੱਚ ਤਕੱੜਾ ਇਜ਼ਾਫਾ ਹੋ ਸਕਦਾ ਹੈ।ਪ੍ਰਧਾਨ ਮੰਤਰੀ ਮੋਦੀ ਦੀ ਆਮਦ ਨੂੰ ਦੇਖਦਿਆਂ ਮਾਡਲ ਟਾਊਨ ਦੀਆਂ ਰੌਸ਼ਨ ਗਰਾਊਂਡ ਨੂੰ ਆਉਣ ਵਾਲੀਆਂ ਸੜਕਾਂ ਜੰਗੀ ਪੱਧਰ 'ਤੇ ਨਵੀਆਂ ਨਕੋਰ ਬਣਾਈਆਂ ਜਾ ਰਹੀਆਂ ਹਨ, ਜਿਸ ਦੀ ਨਿਗਰਾਨੀ ਆਲਾ ਅਫਸਰ ਖੁਦ ਕਰ ਰਹੇ ਹਨ। 

ਰੌਸ਼ਨ ਗਰਾਊਂਡ ਤੋਂ ਭਗਤ ਨਗਰ ਭੰਗੀ ਚੋਅ ਵਾਲੀ ਸਾਈਡ ਨੂੰ ਜਾਣ ਵਾਲੀ ਸਾਰੀ ਸੜਕ ਨਵੀਂ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਨਵੀਂ ਬਣੀ ਭਗਤ ਨਗਰ ਵਾਲੀ ਪੁਲੀ ਤੋਂ ਭੰਗੀ ਪੁਲ ਨੂੰ ਜਾਣ ਵਾਲੀ ਸੜਕ ਦਾ ਵੀ ਕਾਇਆ ਕਲਪ ਕੀਤਾ ਜਾ ਰਿਹਾ ਹੈ।ਮਾਂਹ ਕਿਸੇ ਨੂੰ ਬਾਦੀ ਕਿਸੇ ਨੂੰ ਸਵਾਦੀ' ਵਾਂਗ ਕਿਸੇ ਨੂੰ ਪੀਐੱਮ ਦੀ ਆਮਦ ਖੁਸ਼ੀਆਂ ਦੇ ਰਹੀ ਹੈ ਤੇ ਕਿਸੇ ਲਈ ਇਹ ਇਕ ਬਹੁਤ ਵੱਡੀ ਆਫਤ ਸਾਬਿਤ ਹੋ ਰਹੀ ਹੈ। ਕਿਉਂਕਿ ਸੁਰੱਖਿਆ ਫੋਰਸਾਂ ਨੇ ਇਸ ਸਾਰੇ ਇਲਾਕੇ 'ਚ ਪੈਂਦੀਆਂ ਛੋਟੀਆਂ ਮੋਟੀਆਂ ਦੁਕਾਨਾਂ ਤੇ ਕਾਰੋਬਾਰ ਪਿਛਲੇ ਦੋ ਤਿੰਨ ਦਿਨ ਤੋਂ ਪੂਰੀ ਤਰ੍ਹਾਂ ਬੰਦ ਕਰਵਾਏ ਹੋਏ ਹਨ, ਜਿਸ ਨਾਲ ਰੋਜ਼ਾਨਾ ਕਮਾ ਕੇ ਖਾਣ ਵਾਲੇ ਗਰੀਬ ਲੋਕਾਂ ਦੇ ਕਾਰੋਬਾਰ ਬੰਦ ਹੋਣ ਕਾਰਨ ਖਾਣ ਦੇ ਲਾਲੇ ਪੈ ਗਏ ਹਨ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ।ਪ੍ਰਧਾਨ ਮੰਤਰੀ ਮੋਦੀ ਦੀ ਇਸ ਰੈਲੀ ਲਈ ਜੰਗੀ ਪੱਧਰ 'ਤੇ ਚੱਲ ਰਹੀਆਂ ਤਿਆਰੀਆਂ ਦਰਮਿਆਨ ਲਗਾਏ ਜਾ ਰਹੇ ਵਿਸ਼ਾਲ ਪੰਡਾਲ ਲਈ ਟੈਂਟ ਦਾ ਸਮਾਨ ਅੰਮ੍ਰਿਤਸਰ ਤੋਂ ਜਦਕਿ ਸਾਊਂਡ ਸਿਸਟਮ ਧੂਰੀ ਤੋਂ ਮੰਗਵਾਇਆ ਗਿਆ ਹੈ। 

ਇਨ੍ਹਾਂ 'ਚ ਕੈਟਰਿੰਗ, ਕੁਰਸੀਆਂ ਅਤੇ ਬੈਰੀਕੇਡਿੰਗ ਲਈ ਲੋਹੇ ਦੇ ਪਾਈਪ ਸ਼ਾਮਿਲ ਹਨ। ਪੀਐੱਮ ਨਰਿੰਦਰ ਮੋਦੀ ਦੀ ਰੈਲੀ ਲਈ ਫੁੱਲੀ ਏਅਰ ਕੰਡੀਸ਼ਨ ਸਟੇਜ ਬਣਾਈ ਗਈ ਹੈ। ਇਸ ਰੈਲੀ ਲਈ ਲੋਕਾਂ ਦੀ ਭੀੜ ਇਕੱਠੀ ਕਰਨ ਲਈ ਭਾਜਪਾ ਆਗੂਆਂ ਨੂੰ ਭਰ ਗਰਮੀ 'ਚ ਆਪਣਾ ਪਸੀਨਾ ਵਹਾਉਣਾ ਪੈ ਰਿਹਾ ਹੈ।ਇਸ ਮਕਸਦ ਲਈ ਵਾਰ-ਵਾਰ ਅਕਾਲੀ ਆਗੂਆਂ ਨਾਲ ਵੀ ਸੰਪਰਕ ਕਰਕੇ ਵੱਧ ਤੋਂ ਵੱਧ ਭੀੜਾਂ ਜੁਟਾਉਣ ਲਈ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਅਜੇ ਤਕ ਤਾਂ ਇਸ ਚੋਣ ਪ੍ਰਚਾਰ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ। ਉਨ੍ਹਾਂ ਨੂੰ ਚੋਣ ਪ੍ਰਚਾਰ ਦੇ ਅਮਲ ਦੌਰਾਨ ਹੁਸ਼ਿਆਰਪੁਰ ਲੋਕ ਸਭਾ 'ਚ ਪ੍ਰਚਾਰ ਕਰਦਿਆਂ ਬਹੁਤ ਘੱਟ ਹੀ ਦੇਖਿਆ ਗਿਆ ਹੈ।

ਦੂਜੇ ਪਾਸੇ ਅਕਾਲੀ ਆਗੂ ਇਸ ਸਾਰੇ ਵਰਤਾਰੇ ਅਤੇ ਭਾਜਪਾ ਆਗੂਆਂ ਦੇ ਨਿਕਲ ਰਹੇ ਪਸੀਨੇ ਦਾ ਪੂਰਾ ਮਜ਼ਾ ਲੈ ਰਹੇ ਹਨ ਕਿਉਂਕਿ ਅਕਾਲੀ ਦਲ ਵੱਲੋਂ ਬੀਤੇ ਸਮੇਂ 'ਚ ਕਰਵਾਈਆਂ ਗਈਆਂ ਵੱਡੀਆਂ ਰੈਲੀਆਂ 'ਚ ਭਾਜਪਾ ਦੇ ਆਗੂ ਕੇਵਲ ਖੁਦ ਹੀ ਆਪਣੇ ਚੰਦ ਕੁ ਸਾਥੀਆਂ ਸਮੇਤ ਹੀ ਸ਼ਾਮਿਲ ਤਾਂ ਹੁੰਦੇ ਰਹੇ ਹਨ ਪਰ ਕਦੇ ਵੀ ਉਨ੍ਹਾਂ ਨੇ ਅਕਾਲੀ ਦਲ ਦੀਆਂ ਰੈਲੀਆਂ ਨੂੰ ਕਾਮਯਾਬ ਕਰਨ ਲਈ ਭਾਜਪਾ ਵਰਕਰਾਂ ਦੀਆਂ ਭੀੜਾਂ ਇਕੱਠੀਆਂ ਕਰਨ 'ਚ ਦਿਲਚਸਪੀ ਨਹੀਂ ਲਈ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਹੁਣ ਪ੍ਰਧਾਨ ਮੰਤਰੀ ਦੀ ਰੈਲੀ ਦੀਆਂ ਤਿਆਰੀਆਂ ਮੌਕੇ ਭੁਗਤਣਾ ਪੈ ਰਿਹਾ ਹੈ। ਕੁੱਲ ਮਿਲਾ ਕੇ ਭਾਜਪਾ ਆਗੂਆਂ ਦੀ ਟੇਕ ਪੂਰੀ ਤਰ੍ਹਾਂ ਅਕਾਲੀ ਦਲ ਦੇ ਆਗੂਆਂ, ਵਰਕਰਾਂ ਤੇ ਸਮਰਥਕਾਂ ਤੇ ਹੀ ਟਿਕੀ ਹੋਈ ਹੈ।ਇਸ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਭਾਜਪਾ-ਅਕਾਲੀ ਦਲ ਦੇ 6 ਉਮੀਦਵਾਰ ਜਿਨ੍ਹਾਂ 'ਚ ਸੋਮ ਪ੍ਰਕਾਸ਼, ਸੰਨੀ ਦਿਓਲ, ਹਰਦੀਪ ਪੁਰੀ, ਚਰਣਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਸਮੇਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, 9 ਹਲਕਿਆਂ ਤੋਂ ਭਾਜਪਾ-ਅਕਾਲੀ ਹਲਕਾ ਇੰਚਾਰਜ, ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮੱਲਿਕ ਮੰਚ 'ਤੇ ਰਹਿਣਗੇ। 

ਇਸ ਤੋਂ ਇਲਾਵਾ ਕੈਪਟਨ ਅਭਿਮਨਿਊ ਤੇ ਸੰਗਠਨ ਮੰਤਰੀ ਦਿਨੇਸ਼ ਵੀ ਪਹੁੰਚ ਰਹੇ ਹਨ।ਲੋਕਸਭਾ ਮੀਡੀਆ ਇੰਚਾਰਜ ਨਿਪੁਣ ਸ਼ਰਮਾ ਨੇ ਦੱਸਿਆ ਕਿ ਰੈਲੀ ਨੂੰ ਸਫਲ ਬਣਾਉਣ ਲਈ ਹੁਸ਼ਿਆਰਪੁਰ ਨਾਲ ਸਬੰਧਤ ਤਿੰਨ ਵੱਡੇ ਨੇਤਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਭਾਜਪਾ ਰਾਸ਼ਟਰੀ ਉਪ-ਪ੍ਰਧਾਨ ਅਵਿਨਾਸ਼ ਰਾਏ ਖੰਨਾ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਆਪਣੇ ਸਾਥੀਆਂ ਨਾਲ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ। ਅੱਜ ਰੈਲੀ 2 ਵਜੇ ਸ਼ੁਰੂ ਹੋਵੇਗੀ ਤੇ ਰੈਲੀ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਤੇ ਵਰਕਰਾਂ ਨੂੰ ਡਿਊਟੀਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।