ਕਪੂਰਥਲਾ ਸਾਈਕਲਿੰਗ ਕਲੱਬ ਵੱਲੋਂ ਵੋਟਰ ਜਾਗਰੂਕਤਾ ਰੈਲੀ

by

ਕਪੂਰਥਲਾ : ਜ਼ਿਲਾ ਵਾਸੀਆਂ ਨੂੰ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਮਤਦਾਨ ਦੇ ਸੰਵਿਧਾਨਕ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈਆਂ ਜਾ ਰਹੀਆਂ 'ਸਵੀਪ' ਗਤੀਵਿਧੀਆਂ ਤਹਿਤ ਅੱਜ ਕਪੂਰਥਲਾ ਸਾਈਕਲਿੰਗ ਕਲੱਬ ਦੇ ਮੈਂਬਰਾਂ ਵੱਲੋਂ ਸਾਈਕਲ ਰੈਲੀ ਕੱਢੀ ਗਈ। ਸਵਾਮੀ ਆਨੰਦ ਗਿਰੀ ਜੀ ਮਹਾਰਾਜ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੱਢੀ ਗਈ ਇਸ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਨੋਡਲ ਅਫ਼ਸਰ 'ਸਵੀਪ'-ਕਮ-ਸਹਾਇਕ ਕਮਿਸ਼ਨਰ ਕਪੂਰਥਲਾ ਡਾ. ਸ਼ਿਖਾ ਭਗਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਪਾਉਣ ਦੇ ਅਧਿਕਾਰ ਨੂੰ ਕਦੇ ਵੀ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਇਹੀ ਸੰਵਿਧਾਨਕ ਅਧਿਕਾਰ ਚੰਗੇ ਨਾਗਰਿਕ ਦੀ ਨਿਸ਼ਾਨੀ ਸਾਬਿਤ ਹੁੰਦਾ ਹੈ। ਉਨਾਂ ਕਿਹਾ ਕਿ ਆਪਣੇ ਇਸ ਮੁਢਲੇ ਫਰਜ਼ ਦਾ ਸੁਨੇਹਾ ਸਾਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਮੁਲਕ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਸਕਣ।

ਪੁਰਾਣੀਆਂ ਕਚਹਿਰੀਆਂ ਤੋਂ ਆਰੰਭ ਹੋ ਕੇ ਸ਼ਹੀਦ ਭਗਤ ਸਿੰਘ ਚੌਕ, ਪੁਰਾਣੀ ਸਬਜ਼ੀ ਮੰਡੀ, ਭਗਵਾਨ ਵਾਲਮੀਕਿ ਚੌਕ ਤੋਂ ਹੁੰਦੀ ਹੋਈ ਇਹ ਰੈਲੀ ਵਾਪਸ ਪੁਰਾਣੀਆਂ ਕਚਹਿਰੀਆਂ ਵਿਖੇ ਜਾ ਕੇ ਸਮਾਪਤ ਹੋਈ। ਰੈਲੀ ਦੌਰਾਨ ਰਸਤੇ ਵਿਚ ਸ਼ਹਿਰ ਵਾਸੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਵਾਪਸੀ ਉਪਰੰਤ ਮੈਡਮ ਸੁਨੀਤਾ ਸਿੰਘ ਨੇ ਸਮੂਹ ਸਹਿਯੋਗੀ ਸ਼ਖਸੀਅਤਾਂ, ਕਲੱਬ ਮੈਂਬਰਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸਾਈਕਲਿੰਗ ਕਲੱਬ ਕਪੂਰਥਲਾ ਦੇ ਜਨਰਲ ਸਕੱਤਰ ਆਰ. ਸੀ ਬਿਰਹਾ, ਸਹਾਇਕ ਨੋਡਲ ਅਫ਼ਸਰ 'ਸਵੀਪ' ਪਰਮਜੀਤ ਸਿੰਘ, ਨਰਿੰਦਰ ਸਿੰਘ ਚੀਮਾ, ਗੁਲਸ਼ਨ ਕੁਮਾਰ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਬਲਵੰਤ ਸਿੰਘ ਬੱਲ, ਉਮੇਸ਼ ਸਹਿਗਲ, ਬਲਕਾਰ ਚੰਦ, ਰਾਜੀਵ ਸੂਦ, ਸ਼ਿਵਦੇਵ ਸਿੰਘ ਕਾਹਲੋਂ ਸਮੇਤ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।