ਜਲ ਸ਼ਕਤੀ ਅਭਿਆਨ’ ਤਹਿਤ ਕਪੂਰਥਲਾ ਸਮੇਤ ਦੇਸ਼ ਦੇ 255 ਜ਼ਿਲਿਆਂ ਵਿਚ ਸੁਧਾਰਿਆ ਜਾਵੇਗਾ ਪਾਣੀ ਦਾ ਪੱਧਰ : ਜਿੰਦਲ

by mediateam

ਕਪੂਰਥਲਾ : ਭਾਰਤ ਸਰਕਾਰ ਵੱਲੋਂ ਕਪੂਰਥਲਾ ਸਮੇਤ ਦੇਸ਼ ਦੇ 255 ਜ਼ਿਲਿਆਂ ਲਈ ਵਿਸ਼ੇਸ਼ 'ਜਲ ਸ਼ਕਤੀ ਅਭਿਆਨ' ਸ਼ੁਰੂ ਕੀਤਾ ਗਿਆ ਹੈ, ਜਿਨਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਸ ਅਭਿਆਨ ਤਹਿਤ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ, ਪਾਣੀ ਦੀ ਦੁਰਵਰਤੋਂ ਰੋਕਣ, ਲੋੜ ਅਨੁਸਾਰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਦੇ ਟੀਚੇ ਮਿੱਥੇ ਗਏ ਹਨ। ਇਨਾਂ ਟੀਚਿਆਂ ਦੀ ਪ੍ਰਾਪਤੀ ਲਈ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਐਸ. ਕੇ ਜਿੰਦਲ, ਆਈ. ਏ. ਐਸ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਨੂੰ ਕਪੂਰਥਲਾ ਜ਼ਿਲੇ ਦੀ ਜਿੰਮੇਵਾਰੀ ਸੌਂਪੀ ਗਈ ਹੈ, ਜਿਸ ਵਿਚ ਸ੍ਰੀ ਵੈਂਕਟ ਸੁਬੱਈਆ ਅਤੇ ਸ੍ਰੀ ਸੰਦੀਪ ਧਨੋਟ ਸ਼ਾਮਿਲ ਹਨ। ਇਸ ਟੀਮ ਵੱਲੋਂ ਅੱਜ ਜ਼ਿਲੇ ਵਿਚ ਪਾਣੀ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਟੀਮ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। 

ਇਸ ਦੌਰਾਨ ਸ੍ਰੀ ਐਸ. ਕੇ ਜਿੰਦਲ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪਾਣੀ ਦੀ ਘਾਟ ਨੂੰ ਗੰਭੀਰਤਾ ਨਾਲ ਲੈਂਦਿਆਂ 'ਜਲ ਸ਼ਕਤੀ ਅਭਿਆਨ' ਸ਼ੁਰੂ ਕੀਤਾ ਹੈ। ਉਨਾਂ ਦੱਸਿਆ ਕਿ 15 ਸਤੰਬਰ ਤੱਕ ਚੱਲਣ ਵਾਲੇ ਇਸ ਅਭਿਆਨ ਦੇ ਪਹਿਲੇ ਪੜਾਅ ਤਹਿਤ ਪਾਣੀ ਬਚਾਉਣ, ਪਾਣੀ ਦੀ ਦੁਰਵਰਤੋਂ ਰੋਕਣ, ਪਾਣੀ ਦੀ ਗੁਣਵੱਤਾ ਸੁਧਾਰਨ, ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ, ਜਿਸ ਉਪਰੰਤ 'ਜ਼ਿਲਾ ਪੱਧਰੀ ਪਾਣੀ ਸੰਭਾਲ ਯੋਜਨਾ' ਦਾ ਖਰੜਾ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਉਨਾਂ ਦੱਸਿਆ ਕਿ ਭਾਰਤ ਸਰਕਾਰ ਦਾ 2024 ਤੱਕ ਦੇਸ਼ ਦੇ ਹਰ ਘਰ ਵਿਚ ਪਾਈਪ ਰਾਹੀਂ ਪਾਣੀ ਪਹੁੰਚਾਉਣ ਦਾ ਟੀਚਾ ਹੈ। ਉਨਾਂ ਦੱਸਿਆ ਕਿ ਪਾਣੀ ਦੀ ਸੰਭਾਲ ਲਈ ਸ਼ੁਰੂਆਤੀ ਦੌਰ ਵਿਚ ਪੰਜ ਮੁੱਖ ਖੇਤਰਾਂ ਵਿਚ ਕੰਮ ਕੀਤਾ ਜਾਵੇਗਾ, ਜਿਸ ਵਿਚ ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਨੂੰ ਸਾਂਭਣ, ਰਵਾਇਤੀ ਛੱਪੜਾਂ ਅਤੇ ਅਜਿਹੇ ਹੋਰ ਟੋਭਿਆਂ ਦਾ ਨਵੀਨੀਕਰਨ, ਵਾਟਰਸ਼ੈੱਡਾਂ ਦਾ ਨਿਰਮਾਣ, ਰੀਚਾਰਜ ਵੈੱਲ ਪ੍ਰਣਾਲੀ ਵਿਕਸਿਤ ਕਰਨ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਭਵਿੱਖ ਵਿਚ ਮਨੁੱਖੀ ਹੋਂਦ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਉਨਾਂ ਦੱਸਿਆ ਕਿ ਸਰਕਾਰ ਨੇ ਰਿਮੋਰਟ ਸੈਂਸਿੰਗ ਪ੍ਰਣਾਲੀ ਰਾਹੀਂ ਦੇਸ਼ ਦੇ ਅਜਿਹੇ 255 ਜ਼ਿਲਿਆਂ ਦੀ ਸ਼ਨਾਖ਼ਤ ਕੀਤੀ ਹੈ, ਜਿਥੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਜਾਂ ਬਿਲਕੁਲ ਖ਼ਤਮ ਹੋਣ ਕੰਢੇ ਹੈ। ਇਸ ਲਈ ਇਸ ਅਭਿਆਨ ਨੂੰ ਆਪਣੇ ਜ਼ਿਲੇ ਦੇ ਵਿਕਾਸ ਅਤੇ ਫ਼ਾਇਦੇ ਦੀ ਕ੍ਰਾਂਤੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। 

ਉਨਾਂ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ, ਭੌਂ ਸੰਭਾਲ, ਜੰਗਲਾਤ, ਨਗਰ ਕੌਂਸਲ, ਕੇ. ਵੀ. ਕੇ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸੀਵਰੇਜ ਆਦਿ ਵਿਭਾਗਾਂ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਇਨਾਂ ਨੂੰ ਇਸੇ ਤਰਾਂ ਜਾਰੀ ਰੱਖਣ ਅਤੇ ਇਨਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਉਨਾਂ ਕਿਹਾ ਕਿ ਵਿਦਿਆਰਥੀਆਂ, ਵਲੰਟੀਅਰਾਂ, ਪੰਚਾਇਤਾਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਆਦਿ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ ਅਤੇ ਲੋਕਾਂ ਨੂੰ ਪਾਣੀ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਕੀਤੇ ਗਏ ਕੰਮਾਂ ਦੀ 15-15 ਦਿਨ ਬਾਅਦ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇ ਅਤੇ ਇਸ ਸਬੰਧੀ ਸਾਧਨਾਂ ਅਤੇ ਫੰਡਾਂ ਆਦਿ ਦੀ ਕਮੀ ਨੂੰ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨਾਂ ਕਿਹਾ ਕਿ ਸਾਨੂੰ ਦਿਹਾਤੀ ਅਤੇ ਸ਼ਹਿਰੀ ਦੋਵਾ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ, ਤਾਂ ਹੀ ਇਸ ਮਿਸ਼ਨ ਨੂੰ ਸਫ਼ਲ ਕੀਤਾ ਜਾ ਸਕਦਾ ਹੈ। ਉਨਾਂ ਧਰਤੀ ਹੇਠਲੇ ਅਤੇ ਨਹਿਰੀ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ, ਫ਼ਸਲੀ ਵਿਭਿੰਨਤਾ, ਤੁਪਕਾ ਸਿੰਚਾਈ ਪ੍ਰਣਾਲੀ, ਜ਼ਮੀਨਦੋਜ਼ ਪਾਈਪ ਲਾਈਨ, ਸੀਵਰੇਜ ਪਾਣੀ ਦੇ ਟ੍ਰੀਟਮੈਂਟ, ਖੇਤਾਂ ਦੀ ਲੇਜ਼ਰ ਲੈਵਲਿੰਗ, ਵੱਧ ਤੋਂ ਵੱਧ ਪੌਦੇ ਲਗਾਉਣ, ਛੱਪੜ ਤੇ ਟੋਭੇ ਨਵਿਆਉਣ, ਬਰਸਾਤੀ ਅਤੇ ਕਿਚਨ ਦੇ ਪਾਣੀ ਦੀ ਸੰਭਾਲ ਲਈ ਵਾਟਰ ਹਾਰਵੈਸਟਿੰਗ ਆਦਿ ਵਰਗੇ ਉਪਰਾਲੇ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਅਧਿਕਾਰੀਆਂ ਤੋਂ ਇਸ ਮਿਸ਼ਨ ਦੀ ਸਫਲਤਾ ਲਈ ਸੁਝਾਅ ਲਏ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਮੁੱਖ ਖੇਤੀਬਾੜੀ ਅਫ਼ਸਰ ਸ. ਕੰਵਲਜੀਤ ਸਿੰਘ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ, ਬੀ. ਡੀ. ਪੀ. ਓ ਫਗਵਾੜਾ ਸ੍ਰੀ ਹਰਬਲਾਸ, ਬੀ. ਡੀ. ਪੀ. ਓ ਨਡਾਲਾ ਸ. ਪਰਮਜੀਤ ਸਿੰਘ ਕਾਹਲੋਂ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਸੁਖਪਿੰਦਰ ਸਿੰਘ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਡਿਪਟੀ ਡਾਇਰੈਕਟਰ ਕੇ. ਵੀ. ਕੇ ਸ. ਜੁਗਰਾਜ ਸਿੰਘ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ੍ਰੀ ਆਦਰਸ਼ ਕੁਮਾਰ, ਵਣ ਰੇਂਜ ਅਫ਼ਸਰ ਸ. ਦਵਿੰਦਰ ਪਾਲ ਸਿੰਘ, ਐਸ. ਡੀ. ਓ ਭੌਂ ਸੰਭਾਲ ਸ. ਰਵਿੰਦਰ ਸਿੰਘ, ਖੇਤੀਬਾੜੀ ਅਫ਼ਸਰ ਸੁਲਤਾਨਪੁਰ ਲੋਧੀ ਸ. ਜਸਵੀਰ ਸਿੰਘ ਖਿੰਡਾ, ਇੰਜ: ਜਗਦੀਸ਼ ਸਿੰਘ, ਖੇਤੀ ਵਿਕਾਸ ਅਫ਼ਸਰ ਸ. ਬਲਕਾਰ ਸਿੰਘ ਤੇ ਸ੍ਰੀ ਵਿਸ਼ਾਲ ਕੌਸ਼ਲ, ਸ੍ਰੀ ਸਾਹਿਲ ਓਬਰਾਏ, ਸ. ਸਤਨਾਮ ਸਿੰਘ, ਸ੍ਰੀ ਰਾਜੇਸ਼ ਰਾਏ, ਸ੍ਰੀ ਵਿਸ਼ਾਲ ਅਰੋੜਾ, ਸ੍ਰੀ ਜਸਕਰਨ ਵਰਮਾ, ਮੈਡਮ ਅੰਜੂ, ਸ. ਦਵਿੰਦਰ ਪਾਲ ਸਿੰਘ ਆਹੂਜਾ, ਏ. ਪੀ. ਓ ਸ. ਚਰਨਜੀਤ ਸਿੰਘ, ਸ. ਸੁਰਿੰਦਰ ਪਾਲ ਸਿੰਘ ਤੇ ਸ੍ਰੀਮਤੀ ਮਨਿੰਦਰ ਕੌਰ, ਸ. ਬਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।