Breaking News :

ਫੇਸਬੁੱਕ ਨੂੰ ਭਾਰਤੀਆਂ ਦੀ ਬਦੌਲਤ ਹੋਈ ਰਿਕਾਰਡ ਆਮਦਨ

1 ਫਰਵਰੀ - ਵਿਕਰਮ ਸਹਿਜਪਾਲ

ਵਾਸ਼ਿੰਗਟਨ : ਡਾਟਾ ਪ੍ਰਾਈਵੇਸੀ ‘ਤੇ ਡੂੰਘੀ ਜਾਂਚ ਦਾ ਸਾਹਮਣਾ ਕਰ ਰਹੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਅਕਤੂਬਰ-ਦਸੰਬਰ ਤਿਮਾਹੀ ‘ਚ 16.91 ਅਰਬ ਡਾਲਰ ਦੀ ਰਿਕਾਰਡ ਆਮਦਨ ਦਰਜ ਕੀਤੀ ਹੈ। ਇਹ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ‘ਚ ਹੋਈ 12.97 ਅਰਬ ਡਾਲਰ ਦੀ ਆਮਦਨੀ ਦੇ ਮੁਕਾਬਲੇ ਕਰੀਬ 30.38 ਫ਼ੀਸਦੀ ਜ਼ਿਆਦਾ ਹੈ। ਕੰਪਨੀ ਦਾ ਨਤੀਜਾ ਆਉਣ ਤੋਂ ਬਾਅਦ ਉਸ ਦੇ ਸ਼ੇਅਰਾਂ ‘ਚ 12 ਫ਼ੀਸਦੀ ਮਜ਼ਬੂਤੀ ਦਰਜ ਕੀਤੀ ਗਈ। ਕੰਪਨੀ ਨੇ ਕਿਹਾ ਕਿ ਭਾਰਤ ਜਿਹੇ ਉੱਭਰਦੇ ਬਾਜ਼ਾਰਾਂ ‘ਚ ਹੋਏ ਵਿਕਾਸ ਦੀ ਬਦੌਲਤ ਕੰਪਨੀ ਦੇ ਮਾਸਿਕ ਸਰਗਰਮ ਯੂਜ਼ਰ (ਐੱਮ.ਏ.ਯੂ.) ਦੀ ਗਿਣਤੀ ਨੌਂ ਫ਼ੀਸਦੀ ਵਧ ਕੇ 2.32 ਅਰਬ ‘ਤੇ ਪਹੁੰਚ ਗਈ। ਫੇਸਬੁੱਕ ਦੇ ਮੁੱਖ ਵਿੱਤੀ ਅਧਿਕਾਰੀ ਡੇਵ ਵੇਹਨਰ ਨੇ ਕਿਹਾ ਕਿ 2018 ਦੇ ਪੂਰੇ ਸਾਲ ‘ਚ ਕੰਪਨੀ ਦੀ ਆਮਦਨ 37 ਫ਼ੀਸਦੀ ਵਧ ਕੇ 55.8 ਅਰਬ ਡਾਲਰ ‘ਤੇ ਪਹੁੰਚ ਗਈ ਤੇ ਅਸੀਂ 15 ਅਰਬ ਡਾਲਰ ਦਾ ਫ਼੍ਰੀ ਕੈਸ਼ ਫਲੋ ਤਿਆਰ ਕੀਤਾ ਹੈ।

ਰੋਜ਼ਾਨਾ ਸਰਗਰਮ ਯੂਜ਼ਰਾਂ ਦੀ ਗਿਣਤੀ ਨੌਂ ਫ਼ੀਸਦੀ ਵਧ ਕੇ 1.52 ਅਰਬ ‘ਤੇ ਪਹੁੰਚ ਗਈ। ਇਸ ‘ਚ ਭਾਰਤ, ਇੰਡੋਨੇਸ਼ੀਆ ਤੇ ਫਿਲਪੀਨ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਤਿਮਾਹੀ ‘ਚ ਕੰਪਨੀ ਦਾ ਸ਼ੁੱਧ ਲਾਭ 6.88 ਅਰਬ ਡਾਲਰ ਰਿਹਾ, ਜੋ ਪ੍ਰਤੀ ਸ਼ੇਅਰ 2.38 ਡਾਲਰ ਦੇ ਬਰਾਬਰ ਹੈ। ਇਹ ਇਕ ਸਾਲ ਪਹਿਲਾਂ ਪ੍ਰਤੀ ਸ਼ੇਅਰ 1.44 ਡਾਲਰ ਸੀ। ਫੇਸਬੁੱਕ ਦੇ ਸੰਸਥਾਪਕ ਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਕਿ ਸਾਡੀ ਕਮਿਊਨਿਟੀ ਤੇ ਕਾਰੋਬਾਰ ‘ਚ ਵਿਸਥਾਰ ਜਾਰੀ ਹੈ। ਵੱਡੇ ਸਮਾਜਕ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਅਸੀਂ ਕੰਪਨੀ ਦੇ ਸੰਚਾਲਨ ਦੇ ਤਰੀਕਿਆਂ ‘ਚ ਬਦਲਾਅ ਕੀਤਾ ਹੈ। ਅਸੀਂ ਲੋਕਾਂ ਨੂੰ ਇਕ ਦੂਜੇ ਨਾਲ ਜੋੜਨ ਲਈ ਨਵੇਂ ਤਰੀਕੇ ਈਜ਼ਾਦ ਕਰਨ ‘ਤੇ ਲਗਾਤਾਰ ਨਿਵੇਸ਼ ਕਰ ਰਹੇ ਹਾਂ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.