ਅਫ਼ਗਾਨਿਸਤਾਨ 'ਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਵਾਪਸੀ ਸੰਭਵ, ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤਾ

ਅਫ਼ਗਾਨਿਸਤਾਨ 'ਚ ਮੌਜੂਦ ਅਮਰੀਕੀ ਫ਼ੌਜੀਆਂ ਦੀ ਵਾਪਸੀ ਸੰਭਵ, ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤਾ

ਵੈੱਬ ਡੈਸਕ (Nri Media) : ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤੇ ਲਈ ਮੰਚ ਤਿਆਰ ਹੈ। ਅਫ਼ਗਾਨਿਸਤਾਨ ਵਿਚ ਕਰੀਬ ਦੋ ਦਹਾਕਿਆਂ ਤੋਂ ਜਾਰੀ ਹਿੰਸਾ ਨੂੰ ਰੋਕਣ ਲਈ ਸ਼ਨਿਚਰਵਾਰ ਨੂੰ ਖਾੜੀ ਦੇਸ਼ ਕਤਰ ਦੀ ਰਾਜਧਾਨੀ ਦੋਹਾ ਵਿਚ ਸਮਝੌਤੇ 'ਤੇ ਦਸਤਖ਼ਤ ਹੋਣਗੇ। ਇਸ ਸਮਝੌਤੇ ਨਾਲ ਅਫ਼ਗਾਨਿਸਤਾਨ ਵਿਚ ਮੌਜੂਦ 14 ਹਜ਼ਾਰ ਅਮਰੀਕੀ ਫ਼ੌਜੀਆਂ ਦੀ ਵਾਪਸੀ ਸੰਭਵ ਹੋ ਸਕੇਗੀ। ਪਾਕਿਸਤਾਨ ਇਸ ਸਮਝੌਤੇ 'ਚ ਮੁੱਖ ਧਿਰ ਹੈ। ਇਸ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀਰਵਾਰ ਨੂੰ ਕਤਰ ਪੁੱਜ ਗਏ। 

ਦੋਹਾ ਵਿਚ ਕਤਰ ਦੇ ਅਮੀਰ (ਸੱਤਾ ਮੁਖੀ) ਸ਼ੇਖ ਤਮੀਮ ਬਿਨ ਹਾਮਦ ਅਲ-ਥਾਨੀ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋਈ ਹੈ। ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੇ ਆਪਣੇ ਆਗੂ ਦੀ ਕਤਰ ਦੇ ਅਮੀਰ ਨਾਲ ਮੁਲਾਕਾਤ ਦਾ ਵੀਡੀਓ ਜਾਰੀ ਕਰਦੇ ਹੋਏ ਟਵੀਟ ਵਿਚ ਇਸ ਦੀ ਸੂਚਨਾ ਦਿੱਤੀ ਹੈ। ਇਸ ਤੋਂ ਪਹਿਲੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਮਰਾਨ ਦੀ ਕਤਰ ਯਾਤਰਾ ਦੇ ਸਬੰਧ ਵਿਚ ਕਿਹਾ ਸੀ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਣਗੇ ਅਤੇ ਖੇਤਰੀ ਵਿਕਾਸ ਲਈ ਸਹਿਯੋਗ ਵਧੇਗਾ। 

2018 ਪਿੱਛੋਂ ਇਮਰਾਨ ਖ਼ਾਨ ਦੀ ਪ੍ਰਧਾਨ ਮੰਤਰੀ ਦੇ ਰੂਪ ਵਿਚ ਇਹ ਦੂਜੀ ਕਤਰ ਯਾਤਰਾ ਹੈ। ਇਸ ਦੇ ਜਵਾਬ ਵਿਚ ਕਤਰ ਦੇ ਅਮੀਰ ਜੂਨ 2019 ਵਿਚ ਪਾਕਿਸਤਾਨ ਆਏ ਸਨ ਅਤੇ ਤਦ ਦੋਵਾਂ ਦੇਸ਼ਾਂ ਵਿਚਕਾਰ ਕਈ ਖੇਤਰਾਂ ਵਿਚ ਨਿਵੇਸ਼ ਦੇ ਸਮਝੌਤੇ ਹੋਏ ਸਨ। ਦੱਸ ਦਈਏ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤਾ ਸ਼ਨਿਚਰਵਾਰ ਨੂੰ ਹੋਣਾ ਪ੍ਰਸਤਾਵਿਤ ਹੈ। ਇਸ ਤੋਂ ਪਹਿਲੇ ਇਮਰਾਨ ਦਾ ਕਤਰ ਦੌਰਾ ਕਾਫ਼ੀ ਮਹੱਤਵਪੂਰਣ ਹੈ। 

ਕਤਰ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ ਨੂੰ ਮਾਨਤਾ ਦੇ ਰੱਖੀ ਸੀ ਅਤੇ ਦੋਹਾ ਵਿਚ ਤਾਲਿਬਾਨ ਦਾ ਰਾਜਨੀਤਕ ਦਫ਼ਤਰ ਅਜੇ ਵੀ ਕੰਮ ਕਰ ਰਿਹਾ ਹੈ। ਕਤਰ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸ਼ਾਂਤੀ ਸਮਝੌਤੇ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.