• Friday, July 19

ਆਸਟ੍ਰੇਲੀਆ 'ਚੋਂ ਪਤੀ ਨੇ ਰਚੀ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼

-ਪਤੀ ਤੇ ਉਸ ਦੀ ਪ੍ਰੇਮਿਕਾ ਕਤਲ ਦੇ ਮਾਸਟਰ ਮਾਈਂਡ

ਫਿਰੋਜ਼ਪੁਰ (ਵਿਕਰਮ ਸਹਿਜਪਾਲ) : ਸ਼ੱਕੀ ਹਾਲਾਤ ‘ਚ ਲਾਪਤਾ ਹੋਈ ਐੱਨ.ਆਰ.ਆਈ. ਔਰਤ ਰਵਨੀਤ ਕੌਰ ਦੇ ਮਾਮਲੇ ‘ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਵਨੀਤ ਨੂੰ ਉਸ ਦੇ ਪਤੀ ਜਸਪ੍ਰੀਤ ਸਿੰਘ ਨੇ ਆਸਟ੍ਰੇਲੀਆ ‘ਚ ਬੈਠੇ ਹੀ ਪਹਿਲਾਂ ਅਗਵਾ ਤੇ ਫਿਰ ਉਸ ਦਾ ਕਤਲ ਕਰਵਾ ਦਿੱਤਾ। ਰਵਨੀਤ ਦੀ ਲਾਸ਼ ਪੁਲਿਸ ਨੇ ਲਹਿਰਾਗਾਗਾ ਨਹਿਰ ‘ਚੋਂ ਬਰਾਮਦ ਕਰ ਲਈ ਹੈ। ਥਾਣਾ ਆਰਫਕੇ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਰਵਨੀਤ ਕੌਰ ਦੇ ਪਿਤਾ ਹਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਦੀ ਧੀ ਦਾ ਵਿਆਹ ਜਸਪ੍ਰੀਤ ਸਿੰਘ ਨਾਲ ਹੋਇਆ ਸੀ ਤੇ ਇਨ੍ਹਾਂ ਦੇ ਘਰ 4 ਸਾਲ ਦੀ ਬੱਚੀ ਹੈ। ਪੂਰਾ ਪਰਿਵਾਰ ਆਸਟਰੇਲੀਆ ਵਿਚ ਪੀ.ਆਰ. ਹੈ। 

ਉਸ ਨੇ ਦੱਸਿਆ ਸੀ ਕਿ ਉਸ ਦੀ ਧੀ ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ਰਹਿਣ ਆਈ ਹੋਈ ਸੀ ਤੇ 14 ਮਾਰਚ ਨੂੰ ਉਹ ਫੋਨ ‘ਤੇ ਗੱਲ ਕਰਦੇ-ਕਰਦੇ ਅਚਾਨਕ ਲਾਪਤਾ ਹੋ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਪਰਚਾ ਦਰਜ ਕੀਤਾ ਸੀ।ਐੱਸ.ਆਈ.ਅਨੁਸਾਰ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਗਈ, ਤਾਂ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਦੇ ਆਸਟਰੇਲੀਆ ‘ਚ ਰਹਿੰਦੀ ਐੱਨ.ਆਰ.ਆਈ. ਲੜਕੀ ਕਿਰਨਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਹਨ ਤੇ ਇਸ ਬਾਰੇ ਰਵਨੀਤ ਕੌਰ ਨੂੰ ਪਤਾ ਲੱਗ ਗਿਆ ਸੀ। ਉਸ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਦੋਵਾਂ ਨੇ ਕਿਰਨਪ੍ਰੀਤ ਕੌਰ ਦੀ ਰਿਸ਼ਤੇਦਾਰ ਤਰਨਜੀਤ ਕੌਰ ਨਾਲ ਮਿਲ ਕੇ ਇਹ ਯੋਜਨਾ ਬਣਾਈ। 

14 ਮਾਰਚ ਨੂੰ ਜਦੋਂ ਰਵਨੀਤ ਕੌਰ ਆਪਣੇ ਪੇਕੇ ਪਿੰਡ ਸੀ ਤਾਂ ਜਸਪ੍ਰੀਤ ਸਿੰਘ ਨੇ ਉਸ ਨੂੰ ਫੋਨ ਕੀਤਾ ਤੇ ਜਾਣਬੁੱਝ ਕੇ ਲੰਬੀਆਂ ਗੱਲਾਂ ਕਰਦਾ ਰਿਹਾ। ਆਪਣੇ ਨਾਲ ਹੋਣ ਵਾਲੀ ਅਣਹੋਣੀ ਤੋਂ ਅਣਜਾਣ ਰਵਨੀਤ ਕੌਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਗੱਲਾਂ ਕਰਦੇ-ਕਰਦੇ ਪਿੰਡ ਤੋਂ ਕਿੰਨਾ ਦੂਰ ਨਿਕਲ ਆਈ ਹੈ, ਜਿਥੇ ਪਹਿਲਾਂ ਹੀ ਗੱਡੀ ਲੈ ਕੇ ਬੈਠੀਆਂ ਕਿਰਨਪ੍ਰੀਤ ਕੌਰ ਤੇ ਤਰਨਜੀਤ ਕੌਰ ਨੇ ਉਸ ਨੂੰ ਕੋਈ ਨਸ਼ੇ ਵਾਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਗੱਡੀ ਵਿਚ ਬਿਠਾ ਕੇ ਲੈ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਲਹਿਰਾਗਾਗਾ ਨਹਿਰ ‘ਚ ਸੁੱਟ ਦਿੱਤਾ। ਐੱਸ.ਆਈ. ਨੇ ਦੱਸਿਆ ਕਿ ਇਸ ਮਾਮਲੇ ‘ਚ ਤਰਨਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਵਾ ਦੇ ਮਾਮਲੇ ਨੂੰ ਕਤਲ ਦੇ ਕੇਸ ‘ਚ ਤਬਦੀਲ ਕਰਦੇ ਹੋਏ ਤਰਨਜੀਤ ਕੌਰ, ਕਿਰਨਪ੍ਰੀਤ ਕੌਰ ਤੇ ਜਸਪ੍ਰੀਤ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਤਰਨਜੀਤ ਕੌਰ ਦੀ ਨਿਸ਼ਾਨਦੇਹੀ ‘ਤੇ ਨਹਿਰ ‘ਚੋਂ ਰਵਨੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.