Breaking News :

ਕੈਨੇਡੀਅਨ ਸਰਕਾਰ ਨੈਨੀਜ਼ ਨੂੰ ਦਵੇਗੀ ਓਪਨ ਵਰਕ ਪਰਮਿਟ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਸਰਕਾਰ ਨੇ ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ ਜੋ ਬੀਤੀ ਚਾਰ ਮਾਰਚ ਨੂੰ ਸ਼ੁਰੂ ਕੀਤੇ ਪਾਇਲਟ ਪ੍ਰੋਗਰਾਮ ਤਹਿਤ ਯੋਗ ਹੋਣਗੇ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ 21 ਮਾਰਚ ਨੂੰ ਜਾਰੀ ਤਾਜ਼ਾ ਹਦਾਇਤਾਂ ਤਹਿਤ ਕੈਨੇਡਾ ਦੀ ਪੀਆਰ ਲਈ ਅਰਜ਼ੀ ਦਾਖ਼ਲ ਕਰਨ ਵੇਲੇ ਨੈਨੀਜ਼ ਦੁਆਰਾ ਓਪਨ ਵਰਕ ਪਰਮਿਟ ਦੀ ਅਰਜ਼ੀ ਵੀ ਦਾਇਰ ਕੀਤੀ ਜਾ ਸਕੇਗੀ। ਇਮੀਗ੍ਰੇਸ਼ਨ ਵਿਭਾਗ ਨੇ ਅੱਗੇ ਕਿਹਾ ਕਿ ਵਰਕ ਪਰਮਿਟ ਵਾਲੀ ਅਰਜ਼ੀ ਦੀ ਪ੍ਰੋਸੈਸਿੰਗ ਉਸ ਵੇਲੇ ਹੀ ਸ਼ੁਰੂ ਕੀਤੀ ਜਾਵੇਗੀ ਜਦੋਂ ਸਬੰਧਤ ਉਮੀਦਵਾਰ ਪੀਆਰ ਦੀ ਯੋਗਤਾ ਵਾਲੇ ਟੈਸਟ ਨੂੰ ਪਾਸ ਕਰ ਲੈਣਗੇ। 

ਓਪਨ ਵਰਕ ਪਰਮਿਟ ਲਈ ਜ਼ਰੂਰੀ ਸ਼ਰਤਾਂ ਅਧੀਨ ਉਮੀਦਵਾਰ ਕੈਨੇਡਾ ਵਿਚ ਕੰਮ ਕਰਨ ਵਾਸਤੇ ਅਧਿਕਾਰਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੈਨੀਜ਼ ਦੇ ਜੀਵਨ ਸਾਥੀਆਂ ਅਤੇ ਉਨ੍ਹਾਂ ਉਪਰ ਨਿਰਭਰ ਪਰਿਵਾਰਕ ਮੈਂਬਰ ਵੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਖ਼ਲ ਕਰ ਸਕਦੇ ਹਨ। ਯਾਦ ਰਹੇ ਕਿ ਕੈਨੇਡਾ 'ਚ ਵਿਦੇਸ਼ੀ ਨੈਨੀਆਂ ਭਾਵ ਕੇਅਰਗਿਵਰਜ਼ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਫੈਡਰਲ ਸਰਕਾਰ ਨੇ ਬੀਤੀ ਚਾਰ ਮਾਰਚ ਨੂੰ ਦੋ ਨਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਸਨ ਜਿਨ੍ਹਾਂ ਤਹਿਤ ਕੇਅਰਗਿਵਰਜ਼ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਸਕਦੀਆਂ ਹਨ ਅਤੇ ਦੋ ਸਾਲ ਦੇ ਤਜਰਬੇ ਮਗਰੋਂ ਉਨ੍ਹਾਂ ਨੂੰ ਤੁਰੰਤ ਪੀਆਰ ਮਿਲ ਜਾਵੇਗੀ। ਚਾਰ ਮਾਰਚ ਤੋਂ ਚਾਰ ਜੂਨ ਤਕ ਵਿਸ਼ੇਸ਼ ਯੋਜਨਾ ਤਹਿਤ ਉਨ੍ਹਾਂ ਕੇਅਰਗਿਵਰਜ਼ ਨੂੰ ਪੀਆਰ ਲਈ ਅਰਜ਼ੀ ਦਾਖ਼ਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਜੋ ਘੱਟੋ-ਘੱਟ ਇਕ ਸਾਲ ਤੋਂ ਕੈਨੇਡਾ 'ਚ ਹਨ ਅਤੇ ਕਾਨੂੰਨੀ ਤੌਰ 'ਤੇ ਕੰਮ ਕਰ ਰਹੀਆਂ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.