Breaking News :

ਕੈਨੇਡਾ : ਕੇਲਡਨ ‘ਚ ਧਮਾਕੇ ਨਾਲ ਮਿਟਿਆ ਘਰ ਦਾ ਨਾਮੋ-ਨਿਸ਼ਾਨ, 1 ਦੀ ਮੌਤ

ਉਨਟਾਰੀਓ (ਵਿਕਰਮ ਸਹਿਜਪਾਲ) : ਓਨਟਾਰੀਓ ਦੇ ਕੇਲਡਨ ਪਿੰਡ ਵਿਚ ਹੋਏ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਐਤਵਾਰ ਸਵੇਰੇ ਐਮਰਜੰਸੀ ਅਮਲੇ ਨੂੰ ਕੇਲਡਨ ਦੇ ਮੈਪਲ ਗਰੋਵ ਰੋਡ ਉਤੇ ਸਥਿਤ ਘਰ ਵਿਚ ਧਮਾਕਾ ਹੋਣ ਸੰਬੰਧੀ ਸੂਚਨਾ ਮਿਲੀ। ਜਿਸ ਉਤੇ ਐਮਰਜੰਸੀ ਅਮਲਾ ਲਗਭਗ 6:30 ਵਜੇ ਮੌਕੇ ਉੱਤੇ ਪਹੁੰਚਿਆ। ਜਿਸ ਨੇ ਤੁਰੰਤ ਧਮਾਕੇ ਵਾਲੀ ਥਾਂ ਨੇੜਲੇ ਵੱਡੇ ਇਲਾਕੇ ਨੂੰ ਖਾਲੀ ਕਰਵਾ ਲਿਆ।

ਓ.ਪੀ.ਪੀ. ਦੇ ਕਾਂਸਟੇਬਲ ਇਆਨ ਮਾਈਕਲ ਮੁਤਾਬਕ ਧਮਾਕਾ ਕਿਸ ਕਾਰਨ ਹੋਇਆ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕੀਆ ਹੈ। ਇਸ ਧਮਾਕੇ ਕਰਕੇ ਜਿਥੇ ਇਕ ਘਰ ਦਾ ਨਾਮੋ-ਨਿਸ਼ਾਨ ਤਕ ਮਿੱਟ ਗਿਆ ਹੈ ਉਥੇ ਹੀ ਨੇੜਲੇ 6 ਹੋਰ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਦੀ ਪਛਾਣ 54 ਸਾਲਾ ਜੋਸਫ ਵੈਸਟਕੌਟ ਵਜੋਂ ਹੋਈ ਹੈ। ਕਾਂਸਟੇਬਲ ਮੁਤਾਬਕ ਕਈ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੇ ਇਕ ਗੈਰਾਜ ਦਾ ਦਰਵਾਜ਼ਾ ਟੁੱਟ ਗਿਆ।

ਪੁਲਸ ਮੁਤਾਬਕ ਜਦੋਂ ਐਮਰਜੰਸੀ ਅਮਲਾ ਮੌਕੇ ਉੱਤੇ ਪਹੁੰਚਿਆ ਤਾਂ ਉੱਥੇ ਗੈਸ ਲੀਕ ਹੋਣ ਬਾਰੇ ਪਤਾ ਲੱਗਿਆ ਪਰ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਧਮਾਕੇ ਦਾ ਕਾਰਨ ਗੈਸ ਲੀਕ ਹੋਣਾ ਹੀ ਸੀ। ਇਸ ਇਲਾਕੇ ਨੂੰ ਦਿੱਤੀ ਜਾਣ ਵਾਲੀ ਨੈਚੂਰਲ ਗੈਸ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਕੇਲਡਨ ਦੇ ਫਾਇਰ ਵਿਭਾਗ ਨੇ ਦੱਸਿਆ ਕਿ ਧਮਾਕਾ ਐਨਾ ਜ਼ਬਰਦਸਤ ਸੀ ਕਿ ਇਸ ਨਾਲ ਮਲਬਾ ਨੇੜਲੀਆਂ ਸਟਰੀਟਸ ਵਿਚ ਜਾ ਡਿੱਗਿਆ ਤੇ ਰੁੱਖਾਂ ਤੱਕ ਪਹੁੰਚ ਗਿਆ। ਇਸ ਇਲਾਕੇ 'ਚੋਂ ਕਰੀਬ 30 ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਸੁਰੱਖਿਅਤ ਟਿਕਾਣੇ (ਚਰਚ) ਵਿਚ ਰਹਿਣ ਲਈ ਭੇਜ ਦਿੱਤਾ ਗਿਆ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.