IndvsAus: ਆਸਟ੍ਰੇਲੀਆ ਖ਼ਿਲਾਫ਼ ਸਾਲ ਦੀ ਪਹਿਲੀ ਜਿੱਤ ਹਾਸਲ ਕਰਨ ਲਈ ਉੱਤਰੇਗੀ ਟੀਮ ਇੰਡੀਆ

IndvsAus: ਆਸਟ੍ਰੇਲੀਆ ਖ਼ਿਲਾਫ਼ ਸਾਲ ਦੀ ਪਹਿਲੀ ਜਿੱਤ ਹਾਸਲ ਕਰਨ ਲਈ ਉੱਤਰੇਗੀ ਟੀਮ ਇੰਡੀਆ

ਸਪੋਰਟਸ ਡੈਸਕ: ਭਾਰਤ ਨੂੰ ਮੰਗਲਵਾਰ ਨੂੰ ਇੱਥੇ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਖ਼ਿਲਾਫ਼ ਹੋਣ ਵਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨ ਡੇ ਮੈਚ ਵਿਚ ਪਾਰੀ ਦੀ ਸ਼ੁਰੂਆਤ ਕਰਨ ਲਈ ਰੋਹਿਤ ਸ਼ਰਮਾ ਦੇ ਨਾਲ ਲੈਅ ਵਿਚ ਚੱਲ ਰਹੇ ਲੋਕੇਸ਼ ਰਾਹੁਲ ਤੇ ਤਜਰਬੇਕਾਰ ਸ਼ਿਖਰ ਧਵਨ ਵਿਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ। ਤਿੰਨਾਂ ਬੱਲੇਬਾਜ਼ਾਂ ਦੇ ਮੈਚ ਵਿਚ ਖੇਡਣ ਦੀ ਪੂਰੀ ਉਮੀਦ ਹੈ ਤੇ ਇਸ ਕਾਰਨ ਭਾਰਤੀ ਕਪਤਾਨ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਖੇਡਣ ਲਈ ਤਿਆਰ ਹਨ। ਜੇ ਮੌਜੂਦਾ ਲੈਅ ਨੂੰ ਮਾਪਦੰਡ ਮੰਨਿਆ ਜਾਂਦਾ ਹੈ ਤਾਂ ਰਾਹੁਲ ਇਸ ਦੌੜ ਵਿਚ ਧਵਨ ਨੂੰ ਪਿੱਛੇ ਛੱਡ ਦੇਣਗੇ ਪਰ ਆਸਟ੍ਰੇਲੀਆ ਖ਼ਿਲਾਫ਼ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਧਵਨ ਦਾ ਰਿਕਾਰਡ ਸ਼ਾਨਦਾਰ ਹੈ। ਦੋਵਾਂ ਟੀਮਾਂ ਵਿਚਾਲੇ ਵਨ ਡੇ ਵਿਸ਼ਵ ਕੱਪ ਵਿਚ ਪਿਛਲੇ ਮੁਕਾਬਲੇ ਦੌਰਾਨ ਧਵਨ ਨੇ ਸੈਂਕੜਾ ਲਾ ਕੇ ਭਾਰਤ ਦੀ ਸੌਖੀ ਜਿੱਤ ਦੀ ਨੀਂਹ ਰੱਖੀ ਸੀ। ਹਾਲਾਂਕਿ ਇਸ ਮੁਕਾਬਲੇ ਨੂੰ ਸੱਤ ਤੋਂ ਜ਼ਿਆਦਾ ਮਹੀਨੇ ਬੀਤ ਚੁੱਕੇ ਹਨ ਤੇ ਤਦ ਤੋਂ ਧਵਨ ਸੱਟਾਂ ਤੋਂ ਪਰੇਸ਼ਾਨ ਰਹੇ ਹਨ। ਧਵਨ ਇਸ ਦੌਰਾਨ ਖ਼ਰਾਬ ਲੈਅ ਨਾਲ ਵੀ ਜੂਝਦੇ ਰਹੇ ਪਰ ਸ੍ਰੀਲੰਕਾ ਖ਼ਿਲਾਫ਼ ਪਿਛਲੇ ਟੀ-20 ਮੈਚ ਵਿਚ ਉਨ੍ਹਾਂ ਨੇ ਅਰਧ ਸੈਂਕੜਾ ਲਾਇਆ। ਵਿਸ਼ਵ ਕੱਪ ਦੌਰਾਨ ਧਵਨ ਦੀ ਮੌਜੂਦਗੀ ਵਿਚ ਰਾਹੁਲ ਕੰਮ ਚਲਾਊ ਹੱਲ ਵਜੋਂ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਸਨ ਪਰ ਇਸ ਨੰਬਰ 'ਤੇ ਸ਼੍ਰੇਅਸ ਅਈਅਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਾਨਖੇੜੇ ਸਟੇਡੀਅਮ ਵਿਚ ਉਨ੍ਹਾਂ ਦੇ ਪੰਜਵੇਂ ਨੰਬਰ ਉਤਰਨ ਦੀ ਸੰਭਾਵਨਾ ਹੈ।


ਨੰਬਰ ਗੇਮ

  1. 10 ਦੌੜਾਂ ਬਣਾਉਣ ਨਾਲ ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਵਨ ਡੇ ਵਿਚ 5000 ਦੌੜਾਂ ਪੂਰੀਆਂ ਕਰ ਲੈਣਗੇ। ਉਹ ਸਭ ਤੋਂ ਘੱਟ ਪਾਰੀਆਂ ਵਿਚ ਇੰਨੀਆਂ ਦੌੜਾਂ ਬਣਾਉਣ ਵਾਲੇ ਪਹਿਲੇ ਆਸਟ੍ਰੇਲੀਆਈ ਬੱਲੇਬਾਜ਼ ਬਣਨਗੇ। ਡੀਨ ਜੋਂਸ ਨੇ 128 ਪਾਰੀਆਂ ਖੇਡ ਕੇ ਇਹ ਮੁਕਾਮ ਹਾਸਲ ਕੀਤਾ ਸੀ ਜਦਕਿ ਵਾਰਨਰ ਅਜੇ ਤਕ 114 ਪਾਰੀਆਂ ਖੇਡ ਚੁੱਕੇ ਹਨ।
  2. 100 ਵਿਕਟਾਂ ਵਨਡੇ ਵਿਚ ਪੂਰੀਆਂ ਕਰਨ ਲਈ ਪੈਟ ਕਮਿੰਸ ਨੂੰ ਚਾਰ ਵਿਕਟਾਂ ਦੀ ਲੋੜ ਹੈ।
  3. 01 ਵਿਕਟ ਲੈਣ ਨਾਲ ਹੀ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਵਨ ਡੇ ਵਿਚ 100 ਵਿਕਟਾਂ ਦਾ ਅੰਕੜਾ ਛੂਹ ਲੈਣਗੇ।
  4. 2018 ਤੋਂ ਬਾਅਦ ਵਨ ਡੇ ਵਿਚ ਵਿਚ ਪਹਿਲੀ ਵਾਰ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਦੀ ਤਿਕੜੀ ਇਕੱਠੇ ਖੇਡ ਰਹੀ ਹੈ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕੇਦਾਰ ਜਾਧਵ, ਰਿਸ਼ਭ ਪੰਤ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਯੁਜਵਿੰਦਰ ਸਿੰਘ ਚਹਿਲ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ।

ਆਸਟ੍ਰੇਲੀਆ: ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਪੈਟ ਕਮਿੰਸ, ਏਸ਼ਟਨ ਏਗਰ, ਪੀਟਰ ਹੈਂਡਸਕਾਂਬ, ਜੋਸ਼ ਹੇਜ਼ਲਵੁਡ, ਮਾਰਨਸ ਲਾਬੂਸ਼ਾਨੇ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਏਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜ਼ਾਂਪਾ।

ਤਰੇਲ ਤੇ ਪਿੱਚ ਦੀ ਖੇਡ:

ਵਾਨਖੇੜੇ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਬੱਲੇਬਾਜ਼ਾਂ ਲਈ ਢੁੱਕਵੀਂ ਹੁੰਦੀ ਹੈ ਤੇ ਉਮੀਦ ਮੁਤਾਬਕ ਸ਼ਾਮ ਦੇ ਸਮੇਂ ਕਾਫੀ ਤਰੇਲ ਪੈ ਸਕਦੀ ਹੈ ਤੇ ਇਸ ਦਾ ਫ਼ਾਇਦਾ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਪੁੱਜੇਗਾ। ਨਾਲ ਹੀ ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਮਹਿਮਾਨ ਟੀਮ ਨੇ ਸ਼ਨਿਚਰਵਾਰ ਰਾਤ ਨੂੰ ਤਰੇਲ ਵਿਚ ਕੈਂਪ ਲਾਇਆ ਸੀ ਤੇ ਗਿੱਲੀ ਗੇਂਦ ਨਾਲ ਅਭਿਆਸ ਵੀ ਕੀਤਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.