Breaking News :

ਨਸ਼ੇ ਕਰ 13 ਸਾਲਾਂ ਵਿਦਿਆਰਥਣ ਦਾ ਹੋਇਆ ਬੁਰਾ ਹਾਲ ਹਸਪਤਾਲ 'ਚ ਦਾਖਲ

ਬਠਿੰਡਾ : ਭਾਵੇਂ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਅਸਲ ਸੱਚਾਈ ਕੋਹਾਂ ਦੂਰ ਜਾਪਦੀ ਹੈ। ਜਿੱਥੇ ਨਸ਼ੇ ਨੇ ਸੂਬੇ ਗੱਭਰੂਆਂ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ, ਉਥੇ ਹੀ ਹੁਣ ਨਾਬਾਲਗ ਬੱਚੀਆਂ ਵੀ ਨਸ਼ੇ ਦੇ ਪ੍ਰਕੋਪ ਤੋਂ ਨਹੀਂ ਬਚ ਸਕੀਆਂ। ਇਸ ਤਰ੍ਹਾਂ ਦਾ ਇਕ ਤਾਜਾ ਮਾਮਲਾ ਰਾਮਾਂ ਵਿਚ ਸਾਹਮਣੇ ਆਇਆ ਹੈ, ਜਿੱਥੇ ਅੱਠਵੀਂ ਜਮਾਤ ਦੀ 13 ਸਾਲਾਂ ਵਿਦਿਆਰਥਣ ਨਸ਼ੇ ਦੀ ਐਨੀ ਆਦੀ ਹੋ ਗਈ ਹੈ ਕਿ ਉਸ ਨੂੰ ਹੁਣ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਹੈ। ਤਲਵੰਡੀ ਸਾਬੋ ਦੇ ਸਕੂਲ ਦੀ ਉਕਤ ਵਿਦਿਆਰਥਣ ਵੱਲੋਂ ਕੀਤੇ ਗਏ ਖੁਲਾਸੇ ਹਰ ਕਿਸੇ ਨੂੰ ਝੰਝੋੜ ਕੇ ਹੀ ਨਹੀਂ ਰੱਖ ਦਿੰਦੇ ਸਗੋਂ ਕੈਪਟਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਫੂਕ ਕੱਢ ਰਹੇ ਹਨ।

ਹਸਪਤਾਲ ਵਿਚ ਨਸ਼ਾ ਛੱਡ ਰਹੀ ਨਾਬਾਲਗ ਲੜਕੀ ਦੇ ਦੱਸਣ ਅਨੁਸਾਰ ਇਕ ਸਾਲ ਪਹਿਲਾਂ ਪਿੰਡ ਦੀਆਂ ਹੀ ਰਹਿਣ ਵਾਲੀਆਂ ਵੱਡੀ ਉਮਰ ਦੀਆਂ ਲੜਕੀਆਂ ਨੇ ਉਸ ਨੂੰ ਚਿੱਟੇ ਦੀ ਲਤ ਲਗਾ ਦਿੱਤੀ ਸੀ। ਪਹਿਲਾਂ ਤਾਂ ਲੜਕੀਆਂ ਉਸ ਨੂੰ ਮੁਫ਼ਤ ਵਿਚ ਚਿੱਟਾ ਦਿੰਦੀਆਂ ਰਹੀਆਂ ਪਰ ਜਦੋਂ ਉਹ ਨਸ਼ੇ ਦੀ ਆਦੀ ਹੋ ਗਈ ਤਾਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਲੜਕੀ ਮੁਤਾਬਿਕ ਇਸ ਤੋਂ ਬਾਅਦ ਉਸ ਨੇ ਘਰ ਵਿੱਚੋਂ ਪੈਸੇ ਚੋਰੀ ਕਰਕੇ ਨਸ਼ਾ ਖਰੀਦਣਾ ਸ਼ੁਰੂ ਕਰ ਦਿੱਤਾ। ਉਕਤ ਲੜਕੀ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਉਸ ਤੋਂ ਇਲਾਵਾ ਹੋਰ ਵੀ ਕਈ ਲੜਕੀਆਂ ਨਸ਼ਾ ਕਰਦੀਆਂ ਹਨ। ਉਸਨੇ ਦੱਸਿਆ ਕਿ ਨਸ਼ਾ ਬੜੀ ਹੀ ਅਸਾਨੀ ਨਾਲ ਮਿਲ ਰਿਹਾ ਹੈ। ਮੋਬਾਇਲ ਫੋਨ 'ਤੇ ਹੀ ਨਸ਼ੇ ਦੇ ਸੌਦਾਗਰ ਦੱਸੀ ਥਾਂ 'ਤੇ ਨਸ਼ਾ ਪਹੁੰਚਾ ਦਿੰਦੇ ਹਨ। 

ਪ੍ਰਾਈਵੇਟ ਸਕੂਲ ਵਿਚ ਪੜਨ ਰਹੀ ਉਕਤ ਲੜਕੀ ਨੇ ਦੱਸਿਆ ਕਿ ਚਿੱਟੇ ਦੀ 600 ਰੁਪਏ ਦੀ ਇਕ ਪੁੜੀ ਹਰ ਰੋਜ਼ ਪੀ ਜਾਂਦੀ ਹੈ। ਪੀੜਤ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਉਸਦੀ ਮਾਂ ਰੇਡੀਮੇਡ ਕੱਪੜਿਆਂ ਦੀ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਚਲਾ ਰਹੀ ਹੈ।ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਜਾਣ ਬਾਅਦ ਇਹ ਲੜਕੀ ਹੀ ਉਸਦਾ ਇਕਲੌਤਾ ਸਹਾਰਾ ਹੈ ਜਿਸਦਾ ਪਾਲਣ ਪੋਸ਼ਣ ਲਈ ਮਿਹਨਤ ਮਜ਼ਦੂਰੀ ਖਾਤਰ ਉਹ ਜਿਆਦਤਰ ਘਰ ਤੋਂ ਬਾਹਰ ਰਹਿੰਦੀ ਸੀ। ਉਸਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਸਦੇ ਪੈਸੇ ਗਾਇਬ ਹੋ ਰਹੇ ਹਨ। ਇਸ ਤੋਂ ਇਲਾਵਾ ਇਕ ਦਿਨ ਘਰ ਵਿੱਚੋਂ ਅਜੀਬ ਤਰ੍ਹਾਂ ਦੇ ਧੂੰਏ ਦੀ ਦੁਰਗ ਵੀ ਆ ਰਹੀ ਸੀ ਜਿਸ ਤੋਂ ਉਸਨੂੰ ਲੜਕੀ ਦੇ ਨਸ਼ੇ ਕਰਨ ਦਾ ਸ਼ੱਕ ਪੈਦਾ ਹੋਇਆ। 

ਉਸਨੇ ਦੱਸਿਆ ਕਿ ਇਸ ਦੌਰਾਨ ਉਸਦੀ ਲੜਕੀ ਦੀਆਂ ਹਰਕਤਾਂ ਵੀ ਅਜੀਬ ਹੋ ਗਈਆਂ ਸਨ। ਉਸਨੇ ਦੱਸਿਆ ਉਸਦਾ ਸ਼ੱਕ ਉਸ ਸਮੇਂ ਪੱਕਾ ਹੋ ਗਿਆ ਜਦੋਂ ਲੰਘੇ ਸੋਮਵਾਰ ਇਕ ਨੌਜਵਾਨ ਲੜਕੀ ਨੂੰ ਘਰ ਵਿਚ ਹੀ ਨਸ਼ਾ ਦੇਣ ਲਈ ਆਇਆ ਤਾਂ ਉਸਨੇ ਉਕਤ ਨੌਜਵਾਨ ਨੂੰ ਉਥੋਂ ਭਜਾ ਦਿੱਤਾ। ਲੜਕੀ ਵੀ ਉਸ ਨਾਲ ਲੜਕੇ ਘਰੋਂ ਚਲੀ ਗਈ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਭਾਲ ਕੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾਇਆ।

ਥਾਣਾ ਰਾਮਾਂ ਦੀ ਐਸਐਚਓ ਸੁਖਵੀਰ ਕੌਰ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਨੂੰ ਪੀੜਤ ਲੜਕੀ ਦੀ ਮਾਂ ਨੇ ਫੋਨ ’ਤੇ ਦੱਸਿਆ ਸੀ ਕਿ ਉਸਦੀ ਲੜਕੀ ਨੂੰ ਕੋਈ ਨਸ਼ਾ ਦੇਣ ਲਈ ਆਇਆ ਸੀ। ਹੁਣ ਉਸਦੀ ਲੜਕੀ ਵੀ ਘਰੋਂ ਚਲੀ ਗਈ ਹੈ। ਕੁੜੀ ਦੀ ਭਾਲ ਕਰਕੇ ਉਸਦੀ ਮਾਂ ਦੇ ਹਵਾਲੇ ਕੀਤਾ ਤੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਲੜਕੀ ਦਾ ਇਲਾਜ ਕਰ ਰਹੇ ਡਾ.ਅਰੁਣ ਗੋਇਲ ਨੇ ਦੱਸਿਆ ਕਿ ਉਕਤ ਲੜਕੀ ਬੁਰੀ ਤਰ੍ਹਾਂ ਨਸ਼ੇ ਦੀ ਆਦੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੀ ਅਜੇ ਘਬਰਾਈ ਹੋਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.