• Friday, July 19

ਪੁਲਿਸ ਵੱਲੋਂ ਪਾਦਰੀ ਸਮੇਤ 6 ਵਿਅਕਤੀਆਂ ਤੋਂ ਹਵਾਲਾ ਰਾਸ਼ੀ ਦੇ 9 ਕਰੋੜ 66 ਲੱਖ 61 ਹਜ਼ਾਰ 700 ਰੁਪਏ ਫੜਨ ਦਾ ਦਾਅਵਾ

30 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) : 

ਮੀਡਿਆ ਡੈਸਕ (ਖੰਨਾ) :  ਪੁਲਿਸ ਵੱਲੋਂ ਜਲੰਧਰ ਦੇ ਇਕ ਪਾਦਰੀ ਸਮੇਤ 6 ਵਿਅਕਤੀਆਂ ਤੋਂ ਹਵਾਲਾ ਰਾਸ਼ੀ ਦੇ 9 ਕਰੋੜ 66 ਲੱਖ 61 ਹਜ਼ਾਰ 700 ਰੁਪਏ ਫੜਨ ਦਾ ਦਾਅਵਾ ਕੀਤਾ ਗਿਆ। ਕਾਬੂ ਕੀਤੇ ਵਿਅਕਤੀਆਂ 'ਚ ਜਲੰਧਰ ਦੇ ਪਿੰਡ ਪ੍ਰਤਾਪਪੁਰਾ ਦੀ ਚਰਚ ਦਾ ਪਾਦਰੀ ਐਨਥਨੀ ਵਾਸੀ ਪ੍ਰਤਾਪਪੁਰਾ ਥਾਣਾ ਲਾਬੜਾਂ, ਰਛਪਾਲ ਸਿੰਘ ਵਾਸੀ ਭੀਖੀਵਿੰਡ, ਜ਼ਿਲ੍ਹਾ ਤਰਨਤਾਰਨ, ਰਵਿੰਦਰ ਲਿੰਗਾਇਤ ਉਰਫ਼ ਰਵੀ ਵਾਸੀ ਕਾਰਤੀਕੇ ਪਾਰਕ ਡੇਰਾਬਲੀ ਪਨਵਿੱਲ, ਨਵੀਂ ਮੁੰਬਈ, ਸ਼ਿਵਾਂਗੀ ਲਿੰਗਾਇਤ ਪਤਨੀ ਰਵਿੰਦਰ ਲਿੰਗਾਇਤ, ਅਸ਼ੋਕ ਕੁਮਾਰ ਵਾਸੀ ਗਵਾਭੀ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਤੇ ਹਰਪਾਲ ਸਿੰਘ ਵਾਸੀ ਛੋਟੀ ਬਾਰਾਦਰੀ, ਜਲੰਧਰ ਸ਼ਾਮਿਲ ਹਨ।

ਪੁਲਿਸ ਅਨੁਸਾਰ ਇਹ ਸਾਰੇ ਜਲੰਧਰ ਤੋਂ ਅੰਬਾਲਾ ਜਾ ਰਹੇ ਸਨ, ਜਿਨ੍ਹਾਂ ਨੂੰ ਮੁਖ਼ਬਰ ਦੀ ਸੂਚਨਾ 'ਤੇ ਦੋਰਾਹਾ ਵਿਖੇ ਨਾਕਾਬੰਦੀ ਦੌਰਾਨ ਹਵਾਲਾ ਰਾਸ਼ੀ ਸਮੇਤ ਕਾਬੂ ਕੀਤਾ ਗਿਆ। ਇਹ ਤਿੰਨ ਗੱਡੀਆਂ 'ਚ ਸਵਾਰ ਸਨ। ਗੱਡੀਆਂ ਦੀ ਤਲਾਸ਼ੀ ਦੌਰਾਨ ਹਵਾਲਾ ਰਾਸ਼ੀ ਦੇ 9,66,61,700 ਰੁਪਏ ਜ਼ਬਤ ਕੀਤੇ ਗਏ। ਇਸ ਰਾਸ਼ੀ ਸਬੰਧੀ ਉਹ ਪੁਲਿਸ ਨੂੰ ਕੋਈ ਸਬੂਤ ਨਹੀਂ ਦਿਖਾ ਸਕੇ। ਪੁਲਿਸ ਨੇ ਇਸ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦਿੱਤੀ। ਖੰਨਾ ਪੁਲਿਸ ਵੱਲੋਂ ਭਾਵੇਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਨਾਕਾਬੰਦੀ ਦੌਰਾਨ ਦੋਰਾਹਾ ਤੋਂ ਕਾਬੂ ਕੀਤਾ ਗਿਆ ਹੈ ਪਰ ਦੂਜੇ ਪਾਸੇ ਪਤਾ ਲੱਗਾ ਹੈ ਕਿ ਖੰਨਾ ਪੁਲਿਸ ਵੱਲੋਂ ਬੀਤੀ ਰਾਤ ਜਲੰਧਰ ਵਿਖੇ ਛਾਪਾਮਾਰੀ ਕੀਤੀ ਗਈ। ਪਾਦਰੀ ਦੇ ਘਰ ਤੋਂ ਉਕਤ ਵਿਅਕਤੀਆਂ ਨੂੰ ਲਿਆਂਦਾ ਗਿਆ। ਜਿਸ ਦੀ ਵੀਡਿਓ ਵੀ ਵਾਇਰਲ ਹੋਈ ਹੈ। ਖੰਨਾ ਪੁਲਿਸ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਰਹੀ ਜਿਸ ਕਰਕੇ ਪੁਲਿਸ ਕਾਰਵਾਈ ਸ਼ੱਕ ਦੇ ਘੇਰੇ 'ਚ ਹੈ।

ਐੱਸਐੱਸਪੀ ਖੰਨਾ ਧਰੁਵ ਦਹਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹੰਸ ਰਾਜ ਡੀਐੱਸਪੀ (ਆਈ) ਖੰਨਾ, ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਤੇ ਸਹਾਇਕ ਥਾਣੇਦਾਰ ਮਹਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਜੀਟੀ ਰੋਡ ਦੋਰਾਹਾ ਸਾਹਮਣੇ ਮੈਕਡੋਨਾਲਡ ਕੋਲ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਕੁਝ ਵਿਅਕਤੀ ਹਵਾਲਾ ਕਾਰੋਬਾਰ ਕਰਦੇ ਹਨ ਤੇ ਇਹ ਅੱਜ ਤਿੰਨ ਗੱਡੀਆਂ 'ਚ ਸਵਾਰ ਹੋ ਕੇ ਜਲੰਧਰ ਤੋਂ ਅੰਬਾਲਾ ਆ ਰਹੇ ਹਨ। ਸੂਚਨਾ ਮਿਲਣ 'ਤੇ ਪੁਲਿਸ ਨੇ ਤੁਰੰਤ ਇੰਸਪੈਕਟਰ ਕਰਨੈਲ ਸਿੰਘ ਨਾਕਾਬੰਦੀ ਕਰਕੇ ਜਲੰਧਰ-ਲੁਧਿਆਣਾ ਤੋਂ ਆ ਰਹੀਆਂ ਗੱਡੀਆਂ ਦੀ ਜਾਂਚ ਕਰਨੀ ਸ਼ੁਰੂ ਕੀਤੀ।

ਇਸੇ ਦੌਰਾਨ ਤਿੰਨ ਗੱਡੀਆਂ ਗੱਡੀ ਨੰਬਰ ਪੀਬੀ.10-ਜੀਬੀ- 0269 ਮਾਰਕਾ ਈਕੋਸਪੋਰਟ, ਦੂਸਰੀ ਗੱਡੀ ਨੰਬਰ ਪੀਬੀ02, ਬੀਐੱਨ- 3938 ਮਾਰਕਾ ਇਨੋਵਾ ਤੇ ਤੀਸਰੀ ਗੱਡੀ ਨੰਬਰ ਪੀਬੀ 06 ਏਕਿਊ- 8020 ਮਾਰਕਾ ਬਰੀਜ਼ਾ ਨੂੰ ਰੋਕ ਕੇ ਸਵਾਰਾਂ ਤੋਂ ਪੁੱਛਗਿੱਛ ਕੀਤੀ । ਗੱਡੀਆਂ ਦੀ ਤਲਾਸ਼ੀ ਲੈਣ 'ਤੇ ਗੱਡੀਆਂ 'ਚੋਂ 9 ਕਰੋੜ 66 ਲੱਖ 61 ਹਜ਼ਾਰ 700 ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ। ਉਕਤ ਵਿਅਕਤੀ ਮੌਕੇ 'ਤੇ ਰਕਮ ਸਬੰਧੀ ਕੋਈ ਦਸਤਾਵੇਜ਼/ਸਬੂਤ ਪੇਸ਼ ਨਹੀਂ ਕਰ ਸਕੇ। ਇਸ ਸਬੰਧੀ ਵਿਮਲ ਮਦਾਨ, ਆਈਟੀਓ ਤੇ ਵਰਿੰਦਰ ਕੁਮਾਰ ਆਈਟੀਓ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਦੀ ਟੀਮ ਤੇ ਦੀਪਕ ਰਾਜਪੂਤ ਅਸਿਸਟੈਂਟ ਡਾਇਰੈਕਟਰ ਇਨਫੋਸਰਮੈਂਟ ਜਲੰਧਰ ਨੂੰ ਮੌਕੇ 'ਤੇ ਬੁਲਾ ਕੇ ਬਰਾਮਦ ਕੈਸ਼, ਵਿਅਕਤੀਆਂ ਤੇ ਗੱਡੀਆਂ ਸਬੰਧੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਐੱਸੀ ਐੱਚ ਬਲਵਿੰਦਰ ਸਿੰਘ ਭਿਖੀ, ਡਿਪਟੀ ਖੰਨਾ ਹੰਸ ਰਾਜ, ਇੰਸਪੈਕਟਰ ਕਰਨੈਲ ਸਿੰਘ ਮ ਤੇ ਐੱਸਆਈ ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.