ਚੌਕਸੀ ਵਿਭਾਗ ਵਲੋਂ ਰਿਸ਼ਵਤ ਲੈਂਦਾ ਫਾਇਰ ਸਟੇਸ਼ਨ ਅਫ਼ਸਰ ਗਿ੍ਫ਼ਤਾਰ

ਚੌਕਸੀ ਵਿਭਾਗ ਵਲੋਂ ਰਿਸ਼ਵਤ ਲੈਂਦਾ ਫਾਇਰ ਸਟੇਸ਼ਨ ਅਫ਼ਸਰ ਗਿ੍ਫ਼ਤਾਰ

ਕਪੂਰਥਲਾ, 15 ਮਈ - ਚੌਕਸੀ ਵਿਭਾਗ ਦੀ ਟੀਮ ਨੇ ਕਪੂਰਥਲਾ ਵਿਖੇ ਤਾਇਨਾਤ ਫਾਇਰ ਸਟੇਸ਼ਨ ਦੇ ਅਫ਼ਸਰ ਅਜੇ ਗੋਇਲ ਨੂੰ ਐੱਨ.ਓ.ਸੀ. ਦੇਣ ਦੇ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਿਜੀਲੈਂਸ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਮਨ ਵਾਲੀਆ ਪੁੱਤਰ ਰਜਿੰਦਰ ਵਾਲੀਆ ਵਾਸੀ ਮਨਸੂਰਵਾਲ ਦੋਨਾ ਨੇ ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਕਰਮਵੀਰ ਸਿੰਘ ਚਾਹਲ ਨੂੰ ਸ਼ਿਕਾਇਤ ਦਿੱਤੀ ਕਿ ਅਜੈ ਗੋਇਲ ਫਾਇਰ ਸਟੇਸ਼ਨ ਅਫ਼ਸਰ ਉਸ ਪਾਸੋਂ ਪੈਟਰੋਲ ਪੰਪ ਲਈ ਐੱਨ.ਓ.ਸੀ. ਦੇਣ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਉਸ ਨੇ 11 ਦਸੰਬਰ 2018 ਨੂੰ ਇੰਡੀਅਨ ਆਇਲ ਕੰਪਨੀ ਦਾ ਪੰਪ ਔਜਲਾ ਰੋਡ ਮਨਸੂਰਵਾਲ ਦੋਨਾ ਲਈ ਆਨਲਾਈਨ ਅਪਲਾਈ ਕੀਤਾ ਸੀ, ਜਿਸ ਸਬੰਧੀ ਉਸ ਨੂੰ ਕੰਪਨੀ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ |

ਸ਼ਿਕਾਇਤਕਰਤਾ ਅਨੁਸਾਰ ਪੰਪ ਦੀ ਐੱਨ.ਓ.ਸੀ. ਲੈਣ ਸਬੰਧੀ ਉਸ ਨੇ ਬੀਤੀ 18 ਮਾਰਚ ਨੂੰ ਅਪਲਾਈ ਕੀਤਾ, ਜਿਸ ਦੀ ਇਕ ਕਾਪੀ ਫਾਇਰ ਸਟੇਸ਼ਨ ਅਫ਼ਸਰ ਫਾਇਰ ਬਿ੍ਗੇਡ ਕਪੂਰਥਲਾ ਨੂੰ ਪੁੱਜ ਗਈ, ਜਿਸ 'ਤੇ ਅਪ੍ਰੈਲ ਮਹੀਨੇ ਵਿਚ ਅਜੈ ਗੋਇਲ ਫਾਇਰ ਸਟੇਸ਼ਨ ਅਫ਼ਸਰ ਨੇ ਪੰਪ ਵਾਲੀ ਜਗ੍ਹਾ 'ਤੇ ਮੌਕਾ ਦੇਖਿਆ ਤੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਪੰਪ ਦੀ ਜਗ੍ਹਾ ਦੇ ਸਾਹਮਣੇ ਸੜਕ ਉਪਰੋਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ | ਇਸ ਸਬੰਧੀ ਉਸ ਨੇ ਤਾਰਾਂ ਨੂੰ ਉੱਚਾ ਕਰਵਾਉਣ ਬਾਰੇ ਸਵੈ ਘੋਸ਼ਣਾ ਪੱਤਰ ਦੇਣ ਲਈ ਕਿਹਾ, ਜਿਸ 'ਤੇ ਸ਼ਿਕਾਇਤਕਰਤਾ ਨੇ ਉਸ ਨੂੰ ਹੱਥ ਲਿਖ਼ਤ ਸਵੈ ਘੋਸ਼ਣਾ ਪੱਤਰ ਦੇ ਦਿੱਤਾ | ਅਜੈ ਗੋਇਲ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਦਫ਼ਤਰ ਵਿਚੋਂ ਸਰਕਾਰੀ ਫ਼ੀਸ 1 ਹਜ਼ਾਰ ਰੁਪਏ ਦੀ ਰਸੀਦ ਕਟਵਾ ਲਓ, ਜੋ ਕਿ ਸ਼ਿਕਾਇਤਕਰਤਾ ਨੇ ਕਟਵਾ ਲਈ | ਜਦੋਂ ਦੋ-ਤਿੰਨ ਦਿਨ ਬਾਅਦ ਅਜੈ ਗੋਇਲ ਨੂੰ ਐੱਨ.ਓ.ਸੀ. ਜਾਰੀ ਕਰਨ ਸਬੰਧੀ ਵਾਰ-ਵਾਰ ਮਿਲ ਕੇ ਪੁੱਛਿਆ ਗਿਆ ਤਾਂ ਉਹ ਲਾਅਰੇ ਲਗਾਉਂਦਾ ਰਿਹਾ ਤੇ ਉਸ ਨੇ ਐੱਨ.ਓ.ਸੀ. ਜਾਰੀ ਕਰਨ ਸਬੰਧੀ ਫ਼ੋਨ 'ਤੇ ਗੱਲਬਾਤ ਕੀਤੀ ਤੇ 10 ਹਜ਼ਾਰ ਰੁਪਏ ਦੀ ਕਥਿਤ ਤੌਰ 'ਤੇ ਰਿਸ਼ਵਤ ਦੀ ਮੰਗ ਕੀਤੀ | ਐੱਸ.ਐੱਸ.ਪੀ. ਵਿਜੀਲੈਂਸ ਨੇ ਦੱਸਿਆ ਕਿ ਹਰਮਨ ਵਾਲੀਆ ਦੀ ਸ਼ਿਕਾਇਤ 'ਤੇ ਡੀ.ਐੱਸ.ਪੀ. ਕਰਮਵੀਰ ਸਿੰਘ ਚਾਹਲ, ਇੰਸਪੈਕਟਰ ਲਖਵਿੰਦਰ ਸਿੰਘ, ਏ.ਐੱਸ.ਆਈ. ਗੁਰਿੰਦਰ ਸਿੰਘ, ਏ.ਐੱਸ.ਆਈ. ਸੁਖਚੈਨ ਸਿੰਘ, ਹਵਾਲਦਾਰ ਹਰੀਸ਼ ਕੁਮਾਰ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਸਿਪਾਹੀ ਰਵਿੰਦਰ ਕੁਮਾਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਸੰਜੀਵ ਕੁਮਾਰ 'ਤੇ ਆਧਾਰਿਤ ਟੀਮ ਦੇ ਨਾਲ ਸਰਕਾਰੀ ਗਵਾਹ ਡਾ. ਲਖਵਿੰਦਰ ਸਿੰਘ ਵੈਟਰਨਰੀ ਅਫ਼ਸਰ, ਡਾ. ਜਸਵਿੰਦਰਪਾਲ ਸਿਵਲ ਹਸਪਤਾਲ ਤੇ ਅਸ਼ੋਕ ਕੁਮਾਰ ਆਬਕਾਰੀ ਅਧਿਕਾਰੀ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ, ਜਿਸ 'ਤੇ ਹਰਮਨ ਵਾਲੀਆ ਪਾਸੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਅਜੈ ਗੋਇਲ ਨੂੰ ਰੰਗੇ ਹੱਥੀ ਗਿ੍ਫ਼ਤਾਰ ਕੀਤਾ ਗਿਆ ਤੇ ਉਸ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.