• Wednesday, October 16

Breaking News :

ਹਥਿਆਰਾਂ ਦੇ ਜ਼ੋਰ 'ਤੇ ਗੱਡੀਆਂ ਨੂੰ ਰੋਕ ਕੇ ਡਰਾਈਵਰ ਕੋਲੋਂ ਕਰੀਬ 63 ਹਜ਼ਾਰ ਰੁਪਏ ਲੁੱਟ ਲਏ

ਹਥਿਆਰਾਂ ਦੇ ਜ਼ੋਰ 'ਤੇ ਗੱਡੀਆਂ ਨੂੰ ਰੋਕ ਕੇ ਡਰਾਈਵਰ ਕੋਲੋਂ ਕਰੀਬ 63 ਹਜ਼ਾਰ ਰੁਪਏ ਲੁੱਟ ਲਏ

ਨਕੋਦਰ : ਮੰਗਲਵਾਰ ਦੁਪਹਿਰੇ ਤਿੰਨ ਵਜੇ ਦੇ ਕਰੀਬ ਨਕੋਦਰ-ਕਪੂਰਥਲਾ ਮਾਰਗ 'ਤੇ ਅੱਡਾ ਟੁੱਟ ਕਲਾਂ ਦੇ ਪੈਟਰੋਲ ਪੰਪ ਨੇੜੇ ਤਿੰਨ ਸਪਲੈਂਡਰ ਮੋਟਰਸਾਈਕਲਾਂ 'ਤੇ ਸਵਾਰ 9 ਵਿਅਕਤੀਆਂ ਨੇ ਫਲਾਂ ਦੇ ਪੈਸਿਆਂ ਦੀ ਉਗਰਾਹੀ ਕਰ ਕੇ ਆ ਰਹੀ ਗੱਡੀ ਨੂੰ ਹਥਿਆਰਾਂ ਦੇ ਜ਼ੋਰ 'ਤੇ ਰੋਕ ਕੇ ਡਰਾਈਵਰ ਕੋਲੋਂ ਕਰੀਬ 63 ਹਜ਼ਾਰ ਰੁਪਏ ਲੁੱਟ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਨਕੋਦਰ ਵੱਲ ਨੂੰ ਫਰਾਰ ਹੋ ਗਏ। 'ਪੰਜਾਬੀ ਜਾਗਰਣ' ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਿਤੇਸ਼ ਫਰੂਟ ਕੰਪਨੀ ਕਪੂਰਥਲਾ ਦੇ ਮੁਲਾਜ਼ਮ ਤੇ ਬਲੈਰੋ ਕੈਂਪਰ ਪੀਬੀ09 8352 ਨੂੰ ਚਲਾ ਰਹੇ ਡਰਾਈਵਰ ਰਾਮ ਜੀਆ ਪੁੱਤਰ ਰਾਮ ਕੁਮਾਰ ਮੂਲ ਵਾਸੀ ਹਰਿਆਣਾ ਹਾਲ ਵਾਸੀ ਕਪੂਰਥਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਹੀ ਕੇਲੇ ਲੈ ਕੇ ਕਪੂਰਥਲਾ ਤੋਂ ਨਕੋਦਰ ਸਪਲਾਈ ਦੇਣ ਜਾਂਦਾ ਹੈ। ਮੰਗਲਵਾਰ ਜਦੋਂ ਉਹ ਉਗਰਾਹੀ ਕਰ ਕੇ ਦੁਪਹਿਰ 3 ਵਜੇ ਦੇ ਕਰੀਬ ਨਕੋਦਰ ਤੋਂ ਵਾਪਸ ਕਪੂਰਥਲਾ ਜਾ ਰਿਹਾ ਸੀ ਤਾਂ ਟੁੱਟ ਕਲਾਂ ਤੋਂ ਅੱਗੇ ਪੈਟਰੋਲ ਪੰਪ ਨੇੜੇ 3 ਸਪਲੈਂਡਰ ਮੋਟਰਸਾਈਕਲਾਂ 'ਤੇ ਸਵਾਰ 9 ਲੁਟੇਰਿਆਂ ਨੇ ਉਸ ਦੀ ਗੱਡੀ ਨੂੰ ਘੇਰ ਲਿਆ।

ਲੁਟੇਰਿਆਂ ਨੇ ਇਕ ਮੋਟਰਸਾਈਕਲ ਗੱਡੀ ਦੇ ਅੱਗੇ ਲਾ ਦਿੱਤਾ ਤੇ ਦੋ ਆਸੇ-ਪਾਸੇ। ਲੁਟੇਰਿਆਂ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰਿਆ ਤੇ ਫਿਰ ਹਥਿਆਰਾਂ ਦੇ ਜ਼ੋਰ 'ਤੇ ਪੈਸਿਆਂ ਵਾਲਾ ਬੈਗ ਉਨ੍ਹਾਂ ਹਵਾਲੇ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਸ ਕਈ ਦਿਨਾਂ ਤੋਂ ਉਡੀਕ ਕਰ ਰਹੇ ਸਨ। ਲੁਟੇਰਿਆਂ ਨੇ ਉਸ ਨਾਲ ਬੈਠੇ ਹੈਲਪਰ ਫਾਰੂ ਜਿਸ ਨੇ ਪੈਸਿਆਂ ਵਾਲਾ ਬੈਗ ਆਪਣੇ ਥੱਲ੍ਹੇ ਲੁਕੋ ਲਿਆ ਸੀ, ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਵਾਪਸ ਨਕੋਦਰ ਵੱਲ ਫਰਾਰ ਹੋ ਗਏ। ਰਾਮ ਜੀਆ ਨੇ ਦੱਸਿਆ ਕਿ ਬੈਗ 'ਚ 62,990 ਰੁਪਏ ਸਨ ਜੋ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਜਾਂਦੇ-ਜਾਂਦੇ ਗੱਡੀ ਦੀ ਚਾਬੀ ਵੀ ਨਾਲ ਲੈ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਨਕੋਦਰ ਦੇ ਮੁਖੀ ਮੁਹੰਮਦ ਜਮੀਲ, ਐੱਸਆਈ ਜੋਗਿੰਦਰ ਸਿੰਘ, ਏਐੱਸਆਈ ਹਰਭਜਨ ਸਿੰਘ ਪੁਲਿਸ ਸਮੇਤ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਨੇੜਲੇ ਪੈਟਰੋਲ ਪੰਪਾਂ ਤੇ ਬੈਂਕਾਂ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਪਰ ਲੁਟੇਰਿਆਂ ਦਾ ਅਜੇ ਤਕ ਕੋਈ ਸੁਰਾਗ ਪੁਲਿਸ ਦੇ ਹੱਥ ਨਹੀ ਲੱਗਾ ਸੀ। ਪੁਲਿਸ ਨੇ ਲੁੱਟ ਦਾ ਮਾਮਲਾ ਦਰਜ ਕਰ ਲਿਆ ਤੇ ਭਾਲ ਸ਼ੁਰੂ ਕਰ ਦਿੱਤੀ। ਇੰਸਪੈਕਟਰ ਮੁਹੰਮਦ ਜਮੀਲ ਨੇ ਕਿਹਾ ਕਿ ਲੁਟੇਰਿਆਂ ਦਾ ਛੇਤੀ ਹੀ ਪਤਾ ਕਰ ਲਿਆ ਜਾਵੇਗਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.