• Thursday, August 06

ਤਰਨ ਤਾਰਨ ਨਾਲ ਲਗਦੇ ਪਿੰਡ ਵਿਚ ਹੋਇਆ ਬੰਬ ਧਮਾਕਾ ਪੁਲਿਸ ਲਈ ਭੇਤ ਬਣਿਆ

ਤਰਨ ਤਾਰਨ ਨਾਲ ਲਗਦੇ ਪਿੰਡ ਵਿਚ ਹੋਇਆ ਬੰਬ ਧਮਾਕਾ ਪੁਲਿਸ ਲਈ ਭੇਤ ਬਣਿਆ

ਤਰਨ ਤਾਰਨ (ਇੰਦਰਜੀਤ ਸਿੰਘ) : ਲੰਘੀ ਰਾਤ ਤਰਨਤਾਰਨ ਨਾਲ ਲਗਦੇ ਪਿੰਡ ਵਿਚ ਹੋਇਆ ਬੰਬ ਧਮਾਕਾ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੇ ਨਾਲ ਨਾਲ ਇਕ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਿਆ। ਇਹ ਧਮਾਕਾ ਜਿਥੇ ਸਥਾਨਕ ਪੁਲਿਸ ਲਈ ਭੇਤ ਬਣਿਆ ਹੋਇਆ ਹੈ, ਉਥੇ ਹੀ ਇਸ ਧਮਾਕੇ ਨੇ ਖੁਫ਼ੀਆ ਏਜੰਸੀਆਂ ਦੀ ਨੀਂਦ ਵੀ ਉਡਾ ਦਿੱਤੀ ਹੈ।ਘਟਨਾ ਦੇ ਕਰੀਬ 18 ਘੰਟੇ ਬਾਅਦ ਐਨਆਈਏ ਦੀ ਟੀਮ ਅਤੇ ਫੋਰੈਂਸਿਕ ਵਿਭਾਗ ਅਤੇ ਐਨਆਈਏ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਪੁਲਿਸ ਨੇ ਮੌਕੇ ਤੋਂ ਲਾਸ਼ਾਂ ਹਟਾਈਆਂ। ਦੂਜੇ ਪਾਸੇ ਉਕਤ ਇਲਾਕੇ ਨੂੰ ਪੁਲਿਸ ਨੇ ਸਾਰਾ ਦਿਨ ਸੀਲ ਕਰੀ ਰੱਖਿਆ। ਬਾਰਡਰ ਜ਼ੋਨ ਦੇ ਆਈਜੀ ਐਸਪੀਐਸ ਪਰਮਾਰ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। 

ਹਾਲਾਂਕਿ ਬੰਬ ਧਮਾਕੇ ਦੇ ਤਾਰ ਕਿਸ ਨਾਲ ਜੁੜੇ ਹਨ, ਇਹ ਦੱਸਣ ਲਈ ਪੁਲਿਸ ਤਿਆਰ ਨਹੀਂ ਹੈ।ਬੁੱਧਵਾਰ ਦੀ ਰਾਤ ਨੂੰ ਕਰੀਬ ਅੱਠ ਵਜੇ ਤਰਨਤਾਰਨ-ਖਡੂਰ ਸਾਹਿਬ ਮਾਰਗ ਤੇ ਪੈਂਦੇ ਪਿੰਡ ਪੰਡੋਰੀ ਗੋਲਾ ਤੋਂ ਥੋੜਾ ਅੱਗੇ ਕਲੇਰ ਪਿੰਡ ਦੇ ਖੇਤਾਂ 'ਚ ਖਾਲੀ ਪਏ ਪਲਾਟ ਵਿਚ ਜ਼ੋਰਦਾਰ ਧਮਾਕਾ ਹੋਇਆ ਸੀ। ਇਸ ਧਮਾਕੇ ਦੀ ਆਵਾਜ਼ ਕੋਈ ਤਿੰਨ ਕਿਲੋਮੀਟਰ ਤਕ ਸੁਣੀ ਗਈ। ਧਮਾਕੇ ਦੀ ਅਵਾਜ਼ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਉਕਤ ਪਲਾਟ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਜਦਕਿ ਇਕ ਨੌਜਵਾਨ ਗੰਭੀਰ ਹਾਲਤ 'ਚ ਮਿਲਿਆ।ਵੀਰਵਾਰ ਨੂੰ ਘਟਨਾ ਸਥਾਨ 'ਤੇ ਪਹੁੰਚੇ ਆਈਜੀ ਬਾਰਡਰ ਜ਼ੋਨ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਏਨੀ ਛੇਤੀ ਕੁਝ ਨਹੀਂ ਕਿਹਾ ਜਾ ਸਕਦਾ। ਧਮਾਕੇ ਵਿਚ ਮਾਰੇ ਗਏ ਅਤੇ ਜ਼ਖ਼ਮੀ ਹੋਇਆ ਨੌਜਵਾਨ ਬੰਬਨੁਮਾ ਵਸਤੂ ਜਿਸ ਨਾਲ ਧਮਾਕਾ ਹੋਇਆ ਹੈ ਉਹ ਇਥੇ ਲੁਕਾਉਣ ਲਈ ਆਏ ਸਨ ਜਾਂ ਪਹਿਲਾਂ ਤੋਂ ਰੱਖੀ ਵਿਸਫੋਟਕ ਸਮੱਗਰੀ ਨੂੰ ਕੱਢਣ ਵਾਸਤੇ, ਇਹ ਭੇਦ ਹਾਲੇ ਵੀ ਪੁਲਿਸ ਲਈ ਭੇਦ ਹੀ ਬਣਿਆ ਹੋਇਆ ਹੈ।ਤਰਨਤਾਰਨ 'ਚ ਹੋਏ ਬੰਬ ਧਮਾਕੇ ਨੂੰ ਲੈ ਕੇ ਪੁਲਿਸ ਕਿਸੇ ਕਿਸਮ ਦਾ ਰਿਸਕ ਨਹੀਂ ਲੈ ਰਹੀ। ਹਰ ਪਹਿਲੂ ਤੋਂ ਜਾਂਚ ਮੁਕੰਮਲ ਕੀਤੀ ਜਾ ਸਕੇ, ਇਸਦੇ ਲਈ ਇਹ ਮਾਮਲਾ ਐਨਆਈਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੇ ਧਿਆਨ ਵਿਚ ਵੀ ਲਿਆਂਦਾ ਗਿਆ। ਮੌਕੇ 'ਤੇ ਪਹੁੰਚੇ ਏਜੰਸੀ ਦੇ ਅਧਿਕਾਰੀਆਂ ਵੱਲੋਂ ਜਿਥੇ ਆਸ ਪਾਸ ਦਾ ਇਲਾਕਾ ਬਰੀਕੀ ਨਾਲ ਛਾਣਿਆ ਗਿਆ। ਉਥੇ ਹੀ ਮੌਕੇ ਤੋਂ ਮਿਲੇ ਬੰਬ ਦੇ ਮਲਬੇ ਨੂੰ ਵੀ ਜਾਂਚ ਲਈ ਕਬਜ਼ੇ ਵਿਚ ਲੈ ਲਿਆ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਧਮਾਕਾ ਕਿਸ ਤਰ੍ਹਾਂ ਦੇ ਵਿਸਫੋਟਕ ਪਦਾਰਥ ਨਾਲ ਹੋਇਆ ਹੈ।ਬੰਬ ਧਮਾਕੇ ਦਾ ਸਬੰਧ ਅੱਤਵਾਦ ਨਾਲ ਤਾਂ ਨਹੀਂ ਹੈ, ਇਸ ਪਹਿਲੂ 'ਤੇ ਵੀ ਤਰਨਤਾਰਨ ਪੁਲਿਸ ਜਾਂਚ ਕਰ ਰਹੀ ਹੈ। 

ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਨੂੰ ਲੈ ਕੇ ਪੁਲਿਸ ਪੂਰੀ ਚੌਕਸੀ ਵਰਤਦਿਆਂ ਇਸ ਪਹਿਲੂ ਨੂੰ ਵੀ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ। ਐਸਐਸਪੀ ਧਰੁਵ ਦਹੀਆ ਨੇ ਕਿਹਾ ਕਿ ਅੱਤਵਾਦ ਨਾਲ ਇਸਦਾ ਸਬੰਧ ਹੈ ਜਾਂ ਨਹੀਂ ਇਹ ਹਾਲੇ ਨਹੀਂ ਦੱਸਿਆ ਜਾ ਸਕਦਾ ਪਰ ਇਸ ਪਹਿਲੂ ਨੂੰ ਅਣਗੌਲਿਆ ਵੀ ਨਹੀਂ ਕੀਤਾ ਜਾ ਰਿਹਾ।ਘਟਨਾ ਸਥਾਨ 'ਤੇ ਜਿਥੇ ਐਨਆਈਏ ਦੀ ਟੀਮ ਵੱਲੋਂ ਜਾਂਚ ਕੀਤੀ ਗਈ, ਉਥੇ ਹੀ ਪੰਜਾਬ ਪੁਲਿਸ ਨੇ ਬੀਡੀਐਸ ਵਿੰਗ ਵੱਲੋਂ ਘਟਨਾ ਸਥਾਨ ਵਾਲੇ ਪਲਾਟ ਦੇ ਨਾਲ ਲੱਗਦੇ ਖੇਤਾਂ ਦਾ ਚੱਪਾ ਚੱਪਾ ਵਾਚਿਆ ਗਿਆ। ਮੌਕੇ 'ਤੇ ਮੌਜੂਦ ਐਸਪੀ ਸਥਾਨਕ ਅਤੇ ਐਸਪੀ ਪੜਤਾਲ ਹਰਜੀਤ ਸਿੰਘ ਧਾਲੀਵਾਲ ਦੀ ਨਿਗਰਾਨੀ 'ਚ ਪੁਲਿਸ ਵੱਲੋਂ ਘਟਨਾ ਸਥਾਨ ਤੇ ਇਕ ਇਕ ਸਬੂਤ ਇਕੱਤਰ ਕਰਨ ਦਾ ਯਤਨ ਕੀਤਾ ਗਿਆ ਅਤੇ ਡਾਗ ਸਕਵਾਇਡ ਦੀ ਮਦਦ ਵੀ ਲਈ ਗਈ। 

ਹਾਲਾਂਕਿ ਇਨ੍ਹਾਂ ਅਧਿਕਾਰੀਆਂ ਨੇ ਧਮਾਕੇ ਬਾਰੇ ਬਹੁਤੀ ਜਾਣਕਾਰੀ ਦੇਣ ਤੋਂ ਅਸਮਰੱਥਾ ਪ੍ਰਗਟ ਕਰਦਿਆਂ ਏਨਾ ਹੀ ਕਿਹਾ ਕਿ ਜਾਂਚ ਤੋਂ ਬਾਅਦ ਹੀ ਕੋਈ ਖੁਲਾਸਾ ਹੋ ਸਕੇਗਾ।ਖਡੂਰ ਸਾਹਿਬ ਮਾਰਗ ਦੇ ਜਿਸ ਇਲਾਕੇ ਵਿਚ ਧਮਾਕਾ ਹੋਇਆ, ਉਸ ਵਿਚ ਮਾਰੇ ਗਏ ਅਤੇ ਜ਼ਖ਼ਮੀ ਹੋਇਆ ਨੌਜਵਾਨ ਆਸ ਪਾਸ ਦੇ ਪਿੰਡਾਂ ਦੇ ਹੀ ਹਨ। ਪੁਲਿਸ ਨੇ ਮਿ੍ਤਕਾਂ ਦੀ ਸ਼ਨਾਖ਼ਤ ਹਰਪ੍ਰੀਤ ਸਿੰਘ (20) ਪੁੱਤਰ ਕੁਲਦੀਪ ਸਿੰਘ ਵਾਸੀ ਬਚੜੇ ਅਤੇ ਵਿਕਰਮਜੀਤ ਸਿੰਘ ਵਿੱਕੀ (28) ਪੁੱਤਰ ਸਵਿੰਦਰ ਸਿੰਘ ਵਾਸੀ ਕੱਦਗਿੱਲ ਵੱਜੋਂ ਦੱਸੀ ਜਦਕਿ ਇਸ ਧਮਾਕੇ ਵਿਚ ਗੰਭੀਰ ਜ਼ਖ਼ਮੀ ਹੋਇਆ ਗੁਰਜੰਟ ਸਿੰਘ ਪੁੱਤਰ ਰੇਸ਼ਮ ਸਿੰਘ ਵੀ ਪਿੰਡ ਬਚੜੇ ਦਾ ਹੀ ਰਹਿਣ ਵਾਲਾ ਹੈ। ਗੁਰਜੰਟ ਸਿੰਘ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.