Breaking News :

ਨਿਰਭੈਆ ਕਾਂਡ ਵਾਂਗ ਮੁੜ ਦੁਹਰਾਇਆ ਗਿਆ ਲੁਧਿਆਣਾ ਗੈਂਗ ਰੇਪ ਕੈਪਟਨ ਸਰਕਾਰ ਦੇ ਉੱਪਰ ਲੱਗਾ ਧੱਬਾ : ਖਹਿਰਾ

ਚੰਡੀਗੜ (ਇੰਦਰਜੀਤ ਸਿੰਘ ਚਾਹਲ) : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਲੁਧਿਆਣਾ ਵਿਖੇ ਕਾਲਜ ਦੀ ਲੜਕੀ ਨਾਲ 10 ਦੇ ਕਰੀਬ ਅਪਰਾਧੀਆਂ ਵੱਲੋਂ ਕੀਤੇ ਗਏ ਗੈਂਗ ਰੇਪ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਪਰ ਲੱਗਾ ਦਾਗ ਕਰਾਰ ਦਿੱਤਾ। ਗੈਂਗ ਰੇਪ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਦਿਲ ਦਹਿਲਾ ਦੇਣ ਵਾਲੇ ਇਸ ਹਾਦਸੇ ਨੇ ਅੋਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ ਨੂੰ ਪ੍ਰਬਲ ਕੀਤਾ ਹੈ। ਉਹਨਾਂ ਨੇ ਲੁਧਿਆਣਾ ਗੈਂਗ ਰੇਪ ਦੀ ਤੁਲਨਾ ਦਿੱਲੀ ਦੇ ਨਿਰਭੈਆ ਮਾਮਲੇ ਨਾਲ ਕੀਤੀ। ਉਹਨਾਂ ਕਿਹਾ ਕਿ ਲੁਧਿਆਣਾ ਗੈਂਗ ਰੇਪ ਦੇ ਇੱਕ ਦਿਨ ਬਾਅਦ ਹੀ ਅੰਮ੍ਰਿਤਸਰ ਵਿਖੇ ਗੈਂਗ ਰੇਪ ਦੀ ਖਬਰ ਆਈ ਹੈ ਜਿਥੇ ਕਿ ਇੱਕ ਆਟੋ ਰਿਕਸ਼ਾ ਡਰਾਈਵਰ ਅਤੇ ਉਸ ਦੇ ਦੋਸਤ ਨੇ ਲੁਧਿਆਣਾ ਦੀ 15 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ। ਦੋਨਾਂ ਹੀ ਮਾਮਲ਼ਿਆਂ ਵਿੱਚ ਪੁਲਿਸ ਦੀ ਅਣਗਹਿਲੀ ਸਾਹਮਣੇ ਆਈ ਹੈ।ਉਹਨਾਂ ਕਿਹਾ ਕਿ ਗੈਂਗ ਰੇਪ ਦੀ ਪੀੜਤ ਲੁਧਿਆਣਾ ਦੀ ਕਾਲਜ ਵਿੱਚ ਪੜਣ ਵਾਲੀ ਲੜਕੀ ਆਪਣੇ ਦੋਸਤ ਨਾਲ ਗਈ ਸੀ ਅਤੇ ਉਸ ਨੂੰ ਇਸ ਪੀੜਦਾਇਕ ਤਜਰਬੇ ਵਿੱਚੋਂ ਗੁਜਰਣਾ ਪਿਆ। ਭਾਂਵੇ ਕਿ ਪੀੜਤਾ ਦੇ ਲੜਕੇ ਮਿੱਤਰ ਦੇ ਦੋਸਤ ਨੇ ਪੁਲਿਸ ਤੱਕ ਪਹੁੰਚ ਵੀ ਕੀਤੀ ਪਰੰਤੂ ਪੁਲਿਸ ਸਮੇਂ ਸਿਰ ਮਦਦ ਕਰਨ ਵਿੱਚ ਫੇਲ ਰਹੀ।


ਉਹਨਾਂ ਮੰਗ ਕੀਤੀ ਕਿ ਸਮੇਂ ਸਿਰ ਕਾਰਵਾਈ ਕਰਨ ਵਿੱਚ ਅਸਫਲ ਰਹੇ ਏ.ਐਸ.ਆਈ ਨੂੰ ਬਰਖਾਸਤ ਕਰਕੇ ਪੁਲਿਸ ਨੂੰ ਚਿਤਾਵਨੀ ਦਿੱਤੀ ਜਾਵੇ।ਇਸੇ ਤਰਾਂ ਹੀ ਹੋਟਲ ਵਿੱਚ ਨਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਣ ਦੇ ਦੂਸਰੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਅਪਰਾਧੀਆਂ ਦਾ ਸੁਰਾਗ ਲੱਭਣ ਵਿੱਚ ਅਸਫਲ ਰਹੀ। ਪੀੜਤਾ ਨੂੰ ਅਪਰਾਧ ਦੇ ਇਕ ਦਿਨ ਬਾਅਦ ਲੁਧਿਆਣਾ ਵਿਖੇ ਮਾਮਲਾ ਦਰਜ਼ ਕਰਵਾਉਣਾ ਪਿਆ।ਖਹਿਰਾ ਨੇ ਕਿਹਾ ਕਿ ਖਬਰਾਂ ਅਤੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਵੱਲੋਂ ਖੁਦ ਮੰਨਣ ਅਨੁਸਾਰ ਸਰਾਭਾ ਨਗਰ ਦੇ ਸੁੰਨਸਾਨ ਇਲਾਕੇ ਵਿੱਚ ਬਲਾਤਕਾਰ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਮਾਜਿਕ ਅਪਮਾਨ ਤੋਂ ਡਰਦੇ ਅਨੇਕਾਂ ਅਜਿਹੇ ਮਾਮਲੇ ਰਿਪੋਰਟ ਹੀ ਨਹੀਂ ਕੀਤਾ ਜਾਂਦੇ। ਕੁਝ ਸਾਲ ਪਹਿਲਾਂ ਇੱਕ ਫਾਰਮ ਹਾਊਸ ਵਿੱਚ ਪੰਜਾਬ ਪੁਲਿਸ ਦੇ ਇੱਕ ਡੀ.ਐਸ.ਪੀ ਦਾ ਕਤਲ ਹੋਇਆ ਸੀ।ਖਹਿਰਾ ਨੇ ਕਿਹਾ ਕਿ ਅੋਰਤਾਂ ਖਿਲਾਫ ਵੱਧ ਰਹੇ ਅਪਰਾਧ ਸਿਆਸੀਕਰਨ ਦੀ ਮੁਕੰਮਲ ਸ਼ਿਕਾਰ ਪੰਜਾਬ ਪੁਲਿਸ ਦਾ ਗੈਰਸੰਵੇਦਨਸ਼ੀਲ ਚਿਹਰਾ ਦਰਸਾਉਂਦੇ ਹਨ। 


ਉਹਨਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਪੰਜਾਬ ਪੁਲਿਸ ਦੀ ਸਿਆਸੀ ਬਦਲਾਖੋਰੀ ਲਈ ਦੁਰਵਰਤੋਂ ਹੋ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਦੇ ਕੰਮਕਾਜ ਵਿੱਚ ਸਿਆਸੀ ਦਖਲ ਅੰਦਾਜੀ ਹੋਣ ਕਾਰਨ ਅਪਰਾਧ ਦੇ ਗਰਾਫ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ ਅਤੇ ਅਪਰਾਧੀ ਸਿਆਸੀ ਸਰਪ੍ਰਸਤੀ ਹੇਠ ਆਨੰਦ ਮਾਣ ਰਹੇ ਹਨ।ਪੀ.ਈ.ਪੀ ਪ੍ਰਧਾਨ ਨੇ ਟਿੱਪਣੀ ਕੀਤੀ ਕਿ ਸੂਬਾ ਪੁਲਿਸ ਵਿੱਚ ਅਹਿਮ ਨਿਯੁਕਤੀਆਂ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ ਸਿਫਾਰਿਸ਼ਾਂ ਉੱਪਰ ਹੋ ਰਹੀਆਂ ਹਨ ਅਤੇ ਯੋਗਤਾ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਬਹੁਤ ਸਾਰੇ ਯੋਗ ਅਫਸਰਾਂ ਨੂੰ ਜਿਲਿਆਂ ਵਿੱਚ ਸੇਵਾ ਕਰਨ ਦਾ ਮੋਕਾ ਹੀ ਨਹੀਂ ਦਿੱਤਾ ਗਿਆ।ਉਹਨਾਂ ਕਿਹਾ ਕਿ ਬਲਾਤਕਾਰ ਦੇ ਮਾਮਲਿਆਂ ਤੋਂ ਇਲਾਵਾ ਸੜਕਾਂ ਉੱਪਰ ਹੋ ਰਹੀਆਂ ਲੁੱਟਾਂ, ਕਤਲ, ਅਗਵਾ ਵਰਗੇ ਅਪਰਾਧ ਅਤੇ ਗੈਂਗ ਮੋਜੂਦਾ ਸਰਕਾਰ ਵਿੱਚ ਵੱਧ ਫੁੱਲ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦਾ ਰਾਜ ਬਹਾਲ ਕਰਨ ਲਈ ਪੁਲਿਸ ਵਿੱਚ ਸੁਧਾਰ ਕੀਤਾ ਜਾਣਾ ਸਮੇਂ ਦੀ ਮੰਗ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.