ਅੱਜ ਸ਼ਹੀਦੀ ਦਿਨ 'ਤੇ ਵਿਸੇਸ਼- ਗ਼ਦਰ ਲਹਿਰ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ

ਅੱਜ ਸ਼ਹੀਦੀ ਦਿਨ 'ਤੇ ਵਿਸੇਸ਼- ਗ਼ਦਰ ਲਹਿਰ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ

ਮੀਡੀਆ ਡੈਸਕ: ਕਰਤਾਰ ਸਿੰਘ ਸਰਾਭੇ ਦਾ ਜਨਮ 24 ਮਈ 1896 ਨੂੰ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੇ ਕੁੱਖੋਂ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਆਪ ਦੇ ਸਿਰੋਂ ਮਾਤਾ ਪਿਤਾ ਦਾ ਸਾਇਆ ਬਚਪਨ ਵਿਚ ਹੀ ਉਠ ਗਿਆ ਸੀ ਜਿਸ ਕਾਰਨ ਇਨ੍ਹਾਂ ਦਾ ਪਾਲਣ ਪੋਸਣ ਇਨ੍ਹਾਂ ਦੇ ਦਾਦੇ ਬਦਨ ਸਿੰਘ ਨੇ ਕੀਤਾ। ਸ. ਬਦਨ ਸਿੰਘ ਅਪਣੇ ਪੋਤਰੇ ਕਰਤਾਰ ਸਿੰਘ ਨੂੰ ਵੱਡਾ ਅਫ਼ਸਰ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਆਪ ਜੀ ਦੀ ਪੜ੍ਹਾਈ ਉੱਚ ਪੱਧਰੀ ਕਰਵਾਈ।

ਕਰਤਾਰ ਸਿੰਘ ਸਰਾਭਾ ਬਚਪਨ ਵਿਚ ਬਹੁਤ ਫ਼ੁਰਤੀਲਾ ਤੇ ਚੁਸਤ ਚਲਾਕ ਸੀ ਜਿਸ ਕਰ ਕੇ ਉਸ ਦੇ ਸਾਰੇ ਸਾਥੀ ਉਸ ਨੂੰ ਉੱਡਣਾ ਸੱਪ ਕਹਿੰਦੇ ਸਨ। ਕਰਤਾਰ ਸਿੰਘ ਨੇ ਅਪਣੀ ਮੁਢਲੀ ਪੜ੍ਹਾਈ ਅਪਣੇ ਪਿੰਡ ਸਰਾਭਾ ਦੇ ਸਕੂਲ ਤੋਂ ਤੇ ਅੱਠਵੀਂ, ਨੌਵੀਂ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਪਾਸ ਕਰਨ ਉਪਰੰਤ ਅਪਣੇ ਚਾਚਾ ਕੋਲ ਉੜੀਸਾ ਚਲੇ ਗਏ। ਉਥੇ ਆਪ ਨੇ ਦਸਵੀਂ ਜਮਾਤ ਪਾਸ ਕੀਤੀ। ਕਰਤਾਰ ਸਿੰਘ ਸਰਾਭਾ ਉਚੇਰੀ ਵਿਦਿਆ ਲਈ 1912 ਵਿਚ ਅਮਰੀਕਾ ਚਲੇ ਗਏ। ਅਮਰੀਕਾ ਪਹੁੰਚ ਕੇ ਸਾਨਫਰਾਂਸਿਸਕੋ ਦੀ ਬਰਕਲੇ ਯੂਨੀਵਰਸਟੀ ਵਿਚ ਦਾਖਲਾ ਲੈ ਕੇ ਰਸਾਇਣ ਵਿਦਿਆ ਦੀ ਪੜ੍ਹਾਈ ਸ਼ੁਰੂ ਕਰ ਦਿਤੀ।


ਜਦੋਂ ਕਰਤਾਰ ਸਿੰਘ ਨੇ ਅਮਰੀਕਾ ਵਿਚ ਭਾਰਤੀਆਂ ਨਾਲ ਹੋ ਰਹੇ ਸਲੂਕ  ਬਾਰੇ ਵੇਖਿਆ ਤਾਂ ਉਸ ਦੇ ਕੋਮਲ ਦਿਲ ਉਤੇ ਇਸ ਦਾ ਡੂੰਘਾ ਅਸਰ ਪਿਆ। ਇਸੇ ਦੌਰਾਨ ਕਰਤਾਰ ਸਿੰਘ ਦਾ ਮੇਲ ਪਿੰਡ ਦੇ ਹੀ ਰੁਲੀਆ ਸਿੰਘ ਨਾਲ ਹੋ ਗਿਆ ਜਿਹੜਾ ਬਾਬਾ ਸੋਹਣ ਸਿੰਘ ਭਕਨਾ ਵਰਗੇ ਗ਼ਦਰੀਆਂ ਦਾ ਸਾਥੀ ਸੀ। ਆਪ ਤੇਜ਼ ਬੁਧੀ, ਦ੍ਰਿੜ੍ਹ ਇਰਾਦੇ ਤੇ ਬੁਲੰਦ ਹੌਂਸਲੇ ਵਾਲੇ ਨਿਡਰ ਨੌਜੁਆਨ ਸਨ। ਇਹੀ ਕਾਰਨ ਸੀ ਕਿ ਗ਼ਦਰ ਪਾਰਟੀ ਦੇ ਕਾਰਜਕਰਤਾਵਾਂ ਨੇ ਪਾਰਟੀ ਦੇ ਅਖ਼ਬਾਰ 'ਗ਼ਦਰ ਦੀ ਗੂੰਜ਼' ਦੀ ਸਾਰੀ ਜ਼ਿੰਮੇਵਾਰੀ ਆਪ ਨੂੰ ਸੌਂਪ ਦਿਤੀ। ਦੇਸ਼ ਕੌਮ ਲਈ ਸੇਵਾ ਕਰਨ ਦੌਰਾਨ ਕਰਤਾਰ ਸਿੰਘ ਸਰਾਭਾ ਬਹੁਤਾ ਥੱਕ ਜਾਣ ਉਤੇ ਅਕਸਰ ਇਹ ਗੀਤ ਗਾਇਆ ਕਰਦੇ ਸਨ ।

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

ਜਿਨ੍ਹਾਂ ਨੇ ਦੇਸ਼ ਸੇਵਾ ਵਿਚ ਪੈਰ ਪਾਇਆ,

ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।


ਸੰਸਾਰ ਉਤੇ ਪਹਿਲੇ ਵਿਸ਼ਵ ਯੁਧ ਦੇ ਬੱਦਲ ਮੰਡਰਾ ਰਹੇ ਸਨ ਤੇ ਬਸਤੀਵਾਦੀ ਦੇਸ਼ਾਂ ਨੇ ਸਾਰੇ ਸੰਸਾਰ ਨੂੰ ਇਸ ਅੰਦਰ ਘੜੀਸ ਲਿਆ ਸੀ। ਅੰਤ ਨੂੰ 1914 ਵਿਚ ਪਹਿਲੀ ਸੰਸਾਰ ਜੰਗ ਦੇ ਭਾਂਬੜ ਮੱਚ ਉਠੇ। ਅਮਰੀਕਾ ਵਿਚ ਰਹਿੰਦੇ ਦੇਸ਼ ਭਗਤਾਂ ਨੇ ਮਹਿਸੂਸ ਕੀਤਾ ਕਿ ਹੁਣ ਜਦੋਂ ਅੰਗਰੇਜ਼ ਲੜਾਈ ਵਿਚ ਰੁਝੇ ਹੋਏ ਹਨ ਤਾਂ ਇਹੀ ਚੰਗਾ ਮੌਕਾ ਹੈ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਨੂੰ ਤੇਜ਼ ਕਰਨ ਦਾ।

ਇਸੇ ਲਈ ਗ਼ਦਰ ਪਾਰਟੀ ਦੇ ਮੈਂਬਰਾਂ ਨੇ ਭਾਰਤ ਵਲ ਵਹੀਰਾਂ ਘੱਤ ਦਿਤੀਆਂ। ਬਹੁਤ ਸਾਰੇ ਗ਼ਦਰੀ ਸੂਰਮੇ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿਚ ਫੜੇ ਗਏ ਪਰ ਕਰਤਾਰ ਸਿੰਘ ਕੋਲੰਬੋ ਬੰਦਰਗਾਹ ਰਾਹੀਂ ਪੰਜਾਬ ਪਹੁੰਚਣ ਵਿਚ ਸਫ਼ਲ ਹੋ ਗਿਆ। ਦੇਸ਼ ਪਹੁੰਚ ਕੇ ਇਨ੍ਹਾਂ ਰਾਸ ਬਿਹਾਰੀ ਬੋਸ ਤੇ ਹੋਰ ਆਜ਼ਾਦੀ ਪ੍ਰਵਾਨਿਆਂ ਨਾਲ ਮਿਲ ਕੇ ਦੇਸ਼ ਭਗਤ ਫ਼ੌਜੀਆਂ ਨਾਲ ਰਾਬਤਾ ਕਾਇਮ ਕੀਤਾ ਤੇ ਬਗਾਵਤ ਕਰਨ ਦਾ ਫ਼ੈਸਲਾ ਕੀਤਾ। ਗਦਰ ਦੀ ਤਿਆਰੀ ਲਈ ਪੈਸੇ ਦੀ ਪੂਰਤੀ ਲਈ ਉਨ੍ਹਾਂ ਨੇ ਡਾਕਾ ਮਾਰਨ ਦੀ ਸਕੀਮ ਬਣਾਈ। ਕਰਤਾਰ ਸਿੰਘ ਸਰਾਭਾ ਟੀਮ ਦਾ ਮੁਖੀ ਸੀ।


ਡਾਕੇ ਦੌਰਾਨ ਟੀਮ ਦੇ ਇਕ ਮੈਂਬਰ ਨੇ ਜਦੋਂ ਘਰ ਵਿਚ ਮੌਜੂਦ ਕੁੜੀ ਦਾ ਜ਼ਬਰਦਸਤੀ ਹੱਥ ਫੜ ਲਿਆ ਤਾਂ ਰੌਲਾ ਪੈਣ ਉਤੇ ਕਰਤਾਰ ਸਿੰਘ ਝੱਟ ਉੱਥੇ ਪਹੁੰਚ ਗਿਆ। ਕਰਤਾਰ ਸਿੰਘ ਨੇ ਅਪਣਾ ਪਿਸਤੌਲ ਉਸ ਸਾਥੀ ਉਪਰ ਤਾਣ ਕੇ ਉਸ ਨੂੰ ਲੜਕੀ ਦੇ ਪੈਰੀਂ ਹੱਥ ਲੱਗਾ ਕੇ ਮਾਫ਼ੀ ਮੰਗਣ ਲਈ ਕਿਹਾ। ਇਹ ਸਾਰੀ ਘਟਨਾ ਵੇਖ ਕੇ ਲੜਕੀ ਦੀ ਮਾਂ ਸਰਾਭੇ ਤੋਂ ਬਹੁਤ ਪ੍ਰਭਾਵਤ ਹੋਈ। ਕਰਤਾਰ ਸਿੰਘ ਸਰਾਭਾ ਤੋਂ ਡਾਕਾ ਮਾਰਨ ਦੀ ਅਸਲ ਵਜ੍ਹਾ ਪੁੱਛਣ ਉਪਰੰਤ ਕੁੱਝ ਪੈਸੇ ਗਹਿਣੇ ਰੱਖ ਕੇ ਬਾਕੀ ਸੱਭ ਕੁੱਝ ਸਰਾਭੇ ਹੁਰਾਂ ਨੂੰ ਦੇ ਦਿਤਾ। ਉਪਰੋਕਤ ਘਟਨਾ ਤੋਂ ਪਤਾ ਚਲਦਾ ਹੈ ਕਿ ਕਰਤਾਰ ਸਿੰਘ ਸਰਾਭਾ ਕਿੰਨੇ ਉੱਚੇ ਤੇ ਸੁੱਚੇ ਇਖ਼ਲਾਕ ਦਾ ਮਾਲਕ ਸੀ।

ਦੇਸ਼ ਦੀ ਆਜ਼ਾਦੀ ਪ੍ਰਾਪਤੀ ਲਈ ਕਰਤਾਰ ਸਿੰਘ ਸਰਾਭੇ ਨੇ ਬਹੁਤ ਭੱਜ ਦੌੜ ਕੀਤੀ ਤੇ 21 ਫ਼ਰਵਰੀ 1915 ਨੂੰ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਦਾ ਦਿਨ ਮਿਥਿਆ ਗਿਆ। ਪਰ ਇਸ ਭੇਦ ਨੂੰ ਗੁਪਤ ਨਾ ਰੱਖ ਸਕੇ ਤੇ ਕ੍ਰਿਪਾਲ ਸਿੰਘ ਵਰਗੇ ਦੇਸ਼ਧ੍ਰੋਹੀਆਂ ਕਰ ਕੇ ਇਹ ਮਿਤੀ 19 ਫ਼ਰਵਰੀ 1915 ਕਰਨੀ ਪਈ। ਪਰ ਇਸ ਦੀ ਸੂਹ ਵੀ ਸਰਕਾਰ ਨੂੰ ਮਿਲ ਗਈ ਤੇ ਉਸ ਨੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ।


ਦੇਸ਼ ਦੀ ਆਜ਼ਾਦੀ ਦੀ ਲੜਾਈ ਅਜੇ ਜਾਰੀ ਸੀ ਪਰ ਗੰਡਾ ਸਿੰਘ ਵਰਗੇ ਗੱਦਾਰਾਂ ਨੇ ਵਿਸ਼ਵਾਸਘਾਤ ਕਰ ਕੇ 2 ਮਾਰਚ 1915 ਨੂੰ ਕਰਤਾਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਸਰਗੋਧੇ (ਹੁਣ ਪਾਕਿਸਤਾਨ ਵਿਚ) ਅਪਣੇ ਫ਼ਾਰਮ ਉਤੇ ਬੁਲਾ ਕੇ ਗ੍ਰਿਫ਼ਤਾਰ ਕਰਵਾ ਦਿਤਾ। ਲਾਹੌਰ ਜੇਲ ਅੰਦਰ ਸਰਾਭਾ ਉਤੇ ਦੇਸ਼ਧ੍ਰੋਹੀ ਦਾ ਮੁਕੱਦਮਾ ਚਲਾਇਆ ਗਿਆ। ਜੱਜ ਨੇ ਸਰਾਭਾ ਤੇ ਉਸ ਦੇ ਛੇ ਸਾਥੀਆਂ ਨੂੰ ਮੌਤ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ। ਫ਼ਾਂਸੀ ਲੱਗਣ ਦੇ ਦਿਨ ਤੋਂ ਇਕ ਦਿਨ ਪਹਿਲਾਂ ਸਰਾਭੇ ਨੇ ਦੇਸ਼ ਵਾਸੀਆਂ ਲਈ ਇਕ ਕਵਿਤਾ ਲਿਖੀ ਸੀ :-

ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਵਿਚੋਂ ਨਾ ਭੁਲਾ ਜਾਣਾ।

ਖ਼ਾਤਰ ਦੇਸ਼ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ।

ਜੰਗੇ ਆਜ਼ਾਦੀ ਦੇ ਸਭ ਤੋਂ ਛੋਟੀ ਉਮਰ ਦੇ ਆਜ਼ਾਦੀ ਪ੍ਰਵਾਨੇ ਨੂੰ ਉਸ ਦੇ ਛੇ ਸਾਥੀਆਂ ਭਾਈ ਜਗਤ ਸਿੰਘ, ਭਾਈ ਸੁਰੈਣ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਹਰਨਾਮ ਸਿੰਘ, ਭਾਈ ਸੁਰੈਣ ਸਿੰਘ, ਸ੍ਰੀ ਵਿਸ਼ਣੂ ਗਣੇਸ਼ ਪਿੰਗਲੇ ਤੇ ਭਾਈ ਜਗਤ ਸਿੰਘ ਨੂੰ 16 ਨਵੰਬਰ 1915 ਵਾਲੇ ਦਿਨ ਫਾਂਸੀ ਲਗਾ ਦਿਤੀ।                    

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.