Kalpana Chawla ਨੇ ਜਦੋਂ ਭਾਰਤ ਦਾ ਪੁਲਾੜ 'ਚ ਨਾਂ ਕੀਤਾ ਰੌਸ਼ਨ, ਗੁਜ਼ਾਰੇ ਸੀ 372 ਘੰਟੇ

Kalpana Chawla ਨੇ ਜਦੋਂ ਭਾਰਤ ਦਾ ਪੁਲਾੜ 'ਚ ਨਾਂ ਕੀਤਾ ਰੌਸ਼ਨ, ਗੁਜ਼ਾਰੇ ਸੀ 372 ਘੰਟੇ

ਨਵੀਂ ਦਿੱਲੀ: kalpana Chawla ਇਕ ਸਮਾਂ ਸੀ ਜਦੋਂ ਕੁੜੀਆਂ ਨੂੰ ਘਰ ਦੀ ਚਾਰਦਿਵਾਰੀ ਦੇ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਪਰ ਬਦਲਦੇ ਸਮੇਂ ਦੇ ਨਾਲ ਮਾਪਿਆਂ ਦੀ ਸੋਚ ਬਦਲੀ ਤੇ ਅੱਜ ਦੇ ਇੰਟਰਨੈੱਟ ਯੁੱਗ 'ਚ ਕੁੜੀਆਂ ਪੁਲਾੜ ਤਕ ਪਹੁੰਚ ਚੁੱਕੀਆਂ ਹਨ। ਜੇਕਰ ਪੁਲਾੜ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਵਿਚ ਸਭ ਤੋਂ ਪਹਿਲਾ ਨਾਂ ਕਲਪਨਾ ਚਾਵਲਾ ਦਾ ਹੀ ਆਵੇਗਾ।


ਪੁਲਾੜ ਯਾਤਰਾ 'ਤੇ ਜਾਣ ਵਾਲੀ ਉਹ ਦੂਸਰੀ ਭਾਰਤੀ ਮਹਿਲਾ ਸੀ। ਕਲਪਨਾ ਚਾਵਲਾ ਤੋਂ ਪਹਿਲਾਂ ਭਾਰਤ ਦੇ ਰਾਕੇਸ਼ ਸ਼ਰਮਾ 1984 'ਚ ਸੋਵੀਅਤ ਪੁਲਾੜ ਯਾਨ ਰਾਹੀਂ ਪੁਲਾੜ ਗਏ ਸਨ। ਕਲਪਨਾ ਬਾਰੇ ਇਕ ਖ਼ਾਸ ਗੱਲ ਇਹ ਵੀ ਹੈ ਕਿ ਉਨ੍ਹਾਂ 8ਵੀਂ ਜਮਾਤ 'ਚ ਹੀ ਆਪਣੇ ਪਿਤਾ ਕੋਲ ਇੰਜੀਨੀਅਰ ਬਣਨ ਦੀ ਇੱਛਾ ਜ਼ਾਹਿਰ ਕਰ ਦਿੱਤੀ ਸੀ। ਹਾਲਾਂਕਿ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਇਕ ਡਾਕਟਰ ਜਾਂ ਟੀਚਰ ਬਣੇ। ਕਲਪਨਾ ਨੇ ਮਹਿਜ਼ 35 ਸਾਲ ਦੀ ਉਮਰ 'ਚ ਧਰਤੀ ਦੇ 252 ਚੱਕਰ ਲਗਾ ਕੇ ਦੇਸ਼ ਹੀ ਨਹੀਂ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।

ਹਰਿਆਣਾ 'ਚ ਹੋਇਆ ਸੀ ਜਨਮ

ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ 'ਚ ਹੋਇਆ ਸੀ। ਉਹ ਚਾਰ ਭਰਾ-ਭੈਣਾਂ 'ਚ ਸਭ ਤੋਂ ਛੋਟੀ ਸੀ। ਬਚਪਨ 'ਚ ਕਲਪਨਾ ਨੂੰ 'ਮੋਂਟੂ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ। ਆਪਣੇ ਨਾਂ ਅਨੁਸਾਰ ਹੀ ਕਲਪਨਾ ਨੇ ਦੁਨੀਆ ਨੂੰ ਇਹ ਦੱਸਿਆ ਕਿ ਜੇਕਰ ਅਸਮਾਨ ਜਾਣ ਦੀ ਕਲਪਨਾ ਕਰ ਰਹੇ ਹੋ ਤਾਂ ਪੂਰੇ ਯਤਨ ਵੀ ਕਰੋ। ਅੱਜ ਦੇਸ਼ ਦੀ ਹਰ ਲੜਕੀ ਲਈ ਕਲਪਨਾ ਇਕ ਆਦਰਸ਼ ਹੈ। ਮੋਂਟੂ ਇਸ ਤੋਂ ਵੀ ਇਕ ਕਦਮ ਅੱਗੇ ਵਧ ਗਈ ਤੇ ਉਹ ਆਪਣੀਆਂ ਕਲਪਨਾਵਾਂ ਦੇ ਨਾਲ ਹੀ ਮਰ ਕੇ ਅਮਰ ਹੋ ਗਈ।

1997 'ਚ ਸ਼ੁਰੂ ਕੀਤਾ ਸੀ ਪਹਿਲਾ ਪੁਲਾੜ ਮਿਸ਼ਨ

ਕਲਪਨਾ ਚਾਵਲਾ ਨੇ ਅੱਜ ਹੀ ਦੇ ਦਿਨ 19 ਨਵੰਬਰ 1997 ਨੂੰ ਆਪਣਾ ਪਹਿਲਾ ਪੁਲਾੜ ਮਿਸ਼ਨ ਸ਼ੁਰੂ ਕੀਤਾ ਸੀ। ਉਦੋਂ ਉਨ੍ਹਾਂ ਦੀ ਉਮਰ ਸਿਰਫ਼ 35 ਸਾਲ ਸੀ। ਉਨ੍ਹਾਂ 6 ਪੁਲਾੜ ਯਾਤਰੀਆਂ ਸਮੇਤ ਸਪੇਸ ਸ਼ਟਲ ਕੋਲੰਬੀਆ STS-87 ਤੋਂ ਉਡਾਨ ਭਰੀ ਸੀ। ਆਪਣੇ ਪਹਿਲੇ ਮਿਸ਼ਨ ਦੌਰਾਨ ਕਲਪਨਾ ਨੇ 1.04 ਕਰੋੜ ਮੀਲ ਸਫ਼ਰ ਤੈਅ ਕਰਦੇ ਹੋਏ ਕਰੀਬ 372 ਘੰਟੇ ਪੁਲਾੜ 'ਚ ਗੁਜ਼ਾਰੇ ਸਨ।

ਕਰਨਾਲ ਨਾਲ ਰਿਹਾ ਸੀ 'ਕਲਪਨਾ' ਦਾ ਨਾਤਾ

ਕਲਪਨਾ ਚਾਵਲਾ ਦੀ ਸ਼ੁਰੂਆਤੀ ਪੜ੍ਹਾਈ ਕਰਨਾਲ ਦੇ ਟੈਗੋਰ ਬਾਲ ਨਿਕੇਤਲ 'ਚ ਹੋਈ ਸੀ। ਹਰਿਆਣਾ ਦੇ ਰਵਾਇਤੀ ਸਮਾਜ 'ਚ ਕਲਪਨਾ ਵਰਗੀਆਂ ਕੁੜੀਆਂ ਦੇ ਖ਼ਾਬ ਪੂਰੇ ਹੋਣੇ ਅਸੰਭਵ ਸਨ। ਆਪਣਾ ਸੁਪਨਾ ਪੂਰਾ ਕਰਨ ਲਈ ਉਨ੍ਹਾਂ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਏਅਰੋਨਾਟਿਕਲ ਇੰਜੀਨੀਅਰਿੰਗ 'ਚ ਬੀਟੈੱਕ ਦੀ ਪੜ੍ਹਾਈ ਪੂਰੀ ਕੀਤੀ। ਉਦੋਂ ਤਕ ਭਾਰਤ ਪੁਲਾੜ 'ਚ ਕਾਫੀ ਪਿੱਛੇ ਸੀ, ਲਿਹਾਜ਼ਾ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਨਾਸਾ ਜਾਣਾ ਜ਼ਰੂਰੀ ਸੀ। ਇਸੇ ਉਦੇਸ਼ ਨਾਲ ਉਹ ਸਾਲ 1982 'ਚ ਅਮਰੀਕਾ ਚਲੀ ਗਈ। ਉਨ੍ਹਾਂ ਇੱਥੇ ਟੈਕਸਾਸ ਯੂਨੀਵਰਸਿਟੀ ਤੋਂ ਏਅਰੋਸਪੇਸ ਇੰਜੀਨੀਅਰਿੰਗ 'ਚ ਐੱਮਟੈੱਕ ਕੀਤੀ। ਫਿਰ ਯੂਨੀਵਰਸਿਟੀ ਆਫ ਕੋਲੋਰਾਡੋ ਤੋਂ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ।

1988 'ਚ ਪਹੁੰਚੀ ਸੀ ਨਾਸਾ

ਸਾਲ 1988 'ਚ ਕਲਪਨਾ ਚਾਵਲਾ ਨੇ ਨਾਸਾ ਜੁਆਇਨ ਕੀਤੀ। ਇੱਥੇ ਉਨ੍ਹਾਂ ਦੀ ਨਿਯੁਕਤੀ ਨਾਸਾ ਦੇ ਰਿਸਰਚ ਸੈਂਟਰ 'ਚ ਹੋਈ ਸੀ। ਇਸ ਤੋਂ ਬਾਅਦ ਮਾਰਚ 1995 'ਚ ਉਹ ਨਾਸਾ ਦੇ ਪੁਲਾੜ ਯਾਤਰੀ ਕੋਰ 'ਚ ਸ਼ਾਮਲ ਹੋਈ ਸੀ। ਕਰੀਬ ਅੱਠ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ 19 ਨਵੰਬਰ 1997 ਨੂੰ ਆਪਣਾ ਪਹਿਲਾ ਪੁਲਾੜ ਮਿਸ਼ਨ ਸ਼ੁਰੂ ਕੀਤਾ ਤਾਂ ਸਿਰਫ਼ ਨਾਸਾ ਹੀ ਨਹੀਂ, ਭਾਰਤ ਸਮੇਤ ਪੂਰੀ ਦੁਨੀਆ ਨੇ ਤਾੜੀਆਂ ਵਜਾ ਕੇ ਤੇ ਸ਼ੁਭਕਾਮਨਾਵਾਂ ਦੇ ਕੇ ਉਨ੍ਹਾਂ ਦੀ ਟੀਮ ਨੂੰ ਇਸ ਯਾਤਰਾ 'ਤੇ ਰਵਾਨਾ ਕੀਤਾ ਸੀ।

41 ਦੀ ਉਮਰ 'ਚ ਦੂਸਰੀ ਤੇ ਆਖ਼ਰੀ ਯਾਤਰਾ

1 ਫਰਵਰੀ 2003 ਨੂੰ ਪੁਲਾੜ ਇਤਿਹਾਸ ਦੇ ਸਭ ਤੋਂ ਮਨਹੂਸ ਦਿਨਾਂ 'ਚ ਮੰਨਿਆ ਜਾਂਦਾ ਹੈ। ਇਹੀ ਉਹ ਦਿਨ ਸੀ ਜਦੋਂ ਭਾਰਤ ਦੀ ਧੀ ਕਲਪਨਾ ਚਾਵਲਾ ਆਪਣੇ 6 ਹੋਰ ਸਾਥੀਆਂ ਨਾਲ ਪੁਲਾੜ ਤੋਂ ਧਰਤੀ 'ਤੇ ਪਰਤ ਰਹੀ ਸੀ। ਉਨ੍ਹਾਂ ਦਾ ਪੁਲਾੜ ਯਾਨ ਕੋਲੰਬੀਆਂ ਸ਼ਟਲ STS-107 ਧਰਤੀ ਤੋਂ ਕਰੀਬ ਦੋ ਲੱਖ ਫੁੱਟ ਦੀ ਉਚਾਈ 'ਤੇ ਸੀ। ਇਸ ਦੀ ਰਫ਼ਤਾਰ ਕਰੀਬ 20 ਹਜ਼ਾਰ ਕਿੱਲੋਮੀਟਰ ਪ੍ਰਤੀ ਘੰਟਾ ਸੀ। ਅਗਲੇ 16 ਮਿੰਟ 'ਚ ਉਨ੍ਹਾਂ ਦਾ ਯਾਨ ਅਮਰੀਕਾ ਦੇ ਟੈਕਸਾਸ ਸ਼ਹਿਰ 'ਚ ਉਤਰਨ ਵਾਲਾ ਸੀ।


ਪੂਰੀ ਦੁਨੀਆ ਬੇਸਬਰੀ ਨਾਲ ਯਾਨ ਦੀ ਧਰਤੀ 'ਤੇ ਵਾਪਸੀ ਦਾ ਇੰਤਜ਼ਾਰ ਕਰ ਰਹੀ ਸੀ। ਉਦੋਂ ਹੀ ਇਕ ਬੁਰੀ ਖ਼ਬਰ ਆਈ ਕਿ ਨਾਸਾ ਦਾ ਇਸ ਯਾਨ ਨਾਲ ਸੰਪਰਕ ਟੁੱਟ ਗਿਆ ਹੈ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝਦੇ ਇਸ ਪੁਲਾੜ ਯਾਨ ਦਾ ਮਲਬਾ ਟੈਕਸਾਸ ਦੇ ਡੈਲਸ ਇਲਾਕੇ 'ਚ ਲਗਪਗ 160 ਕਿਲੋਮੀਟਰ ਖੇਤਰਫਲ 'ਚ ਫੈਲ ਗਿਆ। ਹਾਦਸੇ 'ਚ ਕਲਪਨਾ ਚਾਵਲਾ ਸਮੇਤ ਸੱਤਾਂ ਪੁਲਾੜ ਯਾਤਰੀਆਂ ਦੀ ਮੌਤ ਹੋ ਗਈ।

ਅਮਰੀਕੀ ਨਾਗਰਿਕ ਬਣ ਗਈ ਕਲਪਨਾ

ਐੱਮਟੈੱਕ ਦੀ ਪੜ੍ਹਾਈ ਦੌਰਾਨ ਹੀ ਕਲਪਨਾ ਨੂੰ ਜੀਨ-ਪਿਅਰੇ ਹੈਰੀਸਨ ਨਾਲ ਪਿਆਰ ਹੋ ਗਿਆ ਸੀ। ਬਾਅਦ 'ਚ ਦੋਵਾਂ ਨੇ ਵਿਆਹ ਵੀ ਕਰ ਲਿਆ। ਇਸੇ ਦੌਰਾਨ ਉਨ੍ਹਾਂ ਨੂੰ 1991 'ਚ ਅਮਰੀਕਾ ਦੀ ਨਾਗਰਿਕਤਾ ਵੀ ਮਿਲ ਗਈ। ਇਸ ਤਰ੍ਹਾਂ ਭਾਰਤ ਦੀ ਬੇਟੀ ਅਮਰੀਕੀ ਦੀ ਹੋ ਕੇ ਰਹਿ ਗਈ, ਪਰ ਉਨ੍ਹਾਂ ਦਾ ਭਾਰਤ ਨਾਲ ਸਬੰਧ ਹਮੇਸ਼ਾ ਬਣਿਆ ਰਿਹਾ। ਦੇਸ਼ ਨਾਲ ਜੁੜੀ ਹੋਣ ਕਾਰਨ ਪੁਲਾੜ 'ਚ ਕੀਤੇ ਗਏ ਤਮਾਮ ਕਾਰਜਾਂ ਨੂੰ ਭਾਰਤ ਦੀਆਂ ਲੜਕੀਆਂ ਆਪਣੇ ਲਈ ਆਦਰਸ਼ ਮੰਨਦੀਆਂ ਹਨ।

ਇਸ ਲਈ ਹੋਇਆ ਸੀ ਹਾਦਸਾ

ਪੁਲਾੜ ਯਾਨ ਦੇ ਹਾਦਸਾਗ੍ਰਸਤ ਹੋਣ ਨਾਲ ਭਾਰਤ ਤੋਂ ਲੈ ਕੇ ਇਜ਼ਾਰਈਲ ਤੇ ਅਮਰੀਕਾ ਤਕ ਦੁੱਖ 'ਚ ਡੁੱਬ ਗਏ ਸਨ। ਵਿਗਿਆਨੀਆਂ ਮੁਤਾਬਿਕ- ਜਿਉਂ ਹੀ ਕੋਲੰਬੀਆ ਨੇ ਧਰਤੀ ਦੇ ਵਾਯੂਮੰਡਲ 'ਚ ਪ੍ਰਵੇਸ਼ ਕੀਤਾ, ਉਸ ਦੀਆਂ ਊਰਜਾ ਰੋਕੂ ਪਰਤਾਂ ਫੱਟ ਗਈਆਂ ਤੇ ਯਾਨ ਦਾ ਤਾਪਮਾਨ ਵਧਣ ਕਾਰਨ ਇਹ ਹਾਦਸਾ ਹੋ ਗਿਆ ਜਿਸ ਵਿਚ ਸਾਰੇ ਪੁਲਾੜ ਯਾਤਰੀਆਂ ਦੀ ਮੌਤ ਹੋ ਗਈ।

ਪਹਿਲੀ ਵਾਰ ਗਏ ਸੀ ਇਜ਼ਰਾਇਲੀ ਪੁਲਾੜ ਯਾਤਰੀ

ਮਿਸ਼ਨ ਕਮਾਂਡਰ ਰਿਕ ਹਸਬੈਂਡ ਦੀ ਅਗਵਾਈ 'ਚ ਹਾਦਸਾਗ੍ਰਸਤ ਹੋਣ ਵਾਲੇ ਕੋਲੰਬੀਆ ਸ਼ਟਲ ਯਾਨ STS-107 ਨੇ ਉਡਾਨ ਭਰੀ ਸੀ। ਟੀਮ 'ਚ ਇਕ ਇਜ਼ਰਾਇਲੀ ਵਿਗਿਆਨੀ ਆਇਲਨ ਰੈਮਨ ਵੀ ਸ਼ਾਮਲ ਸਨ। ਰੈਮਨ ਪੁਲਾੜ ਜਾਣ ਵਾਲੇ ਪਹਿਲੇ ਇਜ਼ਰਾਇਲੀ ਸਨ। ਉਨ੍ਹਾਂ ਤੋਂ ਇਲਾਵਾ ਇਸ ਟੀਮ 'ਚ ਵਿਲੀਅਮ ਮੈਕੋਲ, ਲੌਰੇਲ ਕਲਾਰਕ, ਆਇਲਨ ਰੈਮਨ, ਡੇਵਿਡ ਬ੍ਰਾਊਨ ਤੇ ਮਾਈਕਲ ਐਂਡਰਸਨ ਸ਼ਾਮਲ ਸਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.