Breaking News :

ਹੁਣ ਪੰਜਾਬ ਦੇ ਸਾਰੇ ਹੀ ਸਕੂਲਾਂ ਦੀਆਂ ਕੰਟੀਨਾਂ ਦੀ ਕੀਤੀ ਜਾਵੇਗੀ ਚੈਕਿੰਗ

ਚੰਡੀਗੜ, 10 ਜਨਵਰੀ ( ਵਿਜੈ ਕੁਮਾਰ ) –

ਜਲਦ ਹੀ ਪੂੂੂੂਰੇ ਪੰਜਾਬ ਵਿੱਚ ਚਾਹੇ ਪ੍ਰਾਈਵੇਟ ਸਕੂਲ ਹੋਣ ਜਾਂ ਹੋਣ ਸਰਕਾਰੀ ਸਕੂਲ, ਜਿਥੇ ਕੀਤੇ ਵੀ ਕੰਟੀਨ ਹੈ, ਓਥੇ-ਓਥੇ ਪੰਜਾਬ ਰਾਜ ਕਮਿਸ਼ਨ ਖਾਣ- ਪੀਣ ਵਾਲੇ ਸਮਾਨ ਦੀ ਗੁਣਵਤਾ ਜਾਂਚ ਕਰਨ ਲਈ ਅਚਨਚੇਤ ਚੈਕਿੰਗ ਕਰਨ ਲਈ ਪਹੁੰਚੇਗਾ। ਇਹ ਮੁਹਿੰਮ ਇਸ ਲਈ ਚਲਾਈ ਜਾਵੇਗੀ ਤਾਂਜੋ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਦੇ ਨਾਲ-ਨਾਲ ਚੰਗਾ ਖਾਣ-ਪੀਣ ਨੂੰ ਵੀ ਮਿਲੇ। ਇਸ ਲਈ ਹੁਣ ਸਮੁੱਚੇ ਸੂਬੇ ਦੇ ਫੂਡ ਇੰਸਪੈਕਟਰਾਂ ਨੂੰ ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਪੰਜਾਬ ਰਾਜ ਕਮਿਸ਼ਨ ਨੇ ਵਿਦਿਆਰਥੀਆਂ ਦੇ ਹੱਕਾਂ ਅਤੇ ਸਿਹਤ ਦੀ ਸੁਰੱਖਿਆ ਦੇ ਹਿੱਤ ਵਿਚ ਕਰਵਾਈ ਜਾ ਰਹੀ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਦੌਰਾਨ ਸਹਿਯੋਗ ਦੇਣ ਲਈ ਹਦਾਇਤ ਕੀਤੀ ਗਈ ਹੈ। ਇਹ ਜਾਣਕਾਰੀ ਕੇ.ਐਸ.ਪੰਨੂ, ਕਮਿਸ਼ਨਰ, ਫੂਡ ਸੇਫਟੀ ਪੰਜਾਬ ਵੱਲੋਂ ਦਿੱਤੀ ਗਈ ਹੈ।

ਇਸ ਮਾਮਲੇ ‘ਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐਨ.ਸੀ.ਪੀ.ਸੀ.ਆਰ) ਨੇ ਸਕੂਲੀ ਬੱਚਿਆਂ ਵਿੱਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਕ ਫੂਡ ਦੇ ਵੱਧ ਰਹੇ ਰੁਝਾਨ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਸਦੇ ਮੱਦੇਨਜ਼ਰ ਸਟੇਟ ਕਮਿਸ਼ਨ ਫਾਰ ਚਾਈਲਡ ਰਾਈਟਸ ਵੱਲੋਂ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਫੂਡ ਸੇਫਟੀ ਕਮਿਸ਼ਨਰੇਟ ਦਾ ਸਟਾਫ਼ ਵੀ ਜਾਂਚ ਟੀਮਾਂ ਨੂੰ ਸਹਿਯੋਗ ਦੇਵੇਗਾ। ਇਸ ਜਾਂਚ ਦੌਰਾਨ ਆਮਤੌਰ ‘ਤੇ ਸਕੂਲਾਂ ਦੀਆਂ ਕੰਟੀਨਾਂ ਵਿੱਚ ਬੱਚਿਆਂ ਨੂੰ ਵਰਤਾਏ ਜਾਂਦੇ ਵੱਧ ਚਰਬੀ, ਲੂਣ ਤੇ ਸ਼ੱਕਰ ਵਾਲੇ ਭੋਜਨ (ਐਚ.ਐਫ.ਐਸ.ਐਸ.) ਜਾਂ ਜੰਕ ਫੂਡ ਦੀ ਵਰਤੋਂ ਨਾਲ ਨਜਿੱਠਣ ਨੂੰ ਯਕੀਨੀ ਬਣਾਇਆ ਜਾਵੇਗਾ।

ਇਸਦੇ ਨਾਲ ਹੀ ਪੰਨੂ ਨੇ ਇਹ ਵੀ ਕਿਹਾ ਕਿ ਇਹ ਦੇਖਣ ਵਿੱਚ ਆਇਆ ਕਿ ਜੰਕ ਫੂਡ ਦੀ ਵਰਤੋਂ ਨਾਲ ਕਈ ਸਿਹਤ ਸਮੱਸਿਆਵਾਂ ਤੇ ਬਿਮਾਰੀਆਂ ਜਿਵੇਂ ਟਾਈਪ 2 ਡਾਇਬਟੀਜ਼, ਹਾਈਪਰਟੈਂਸ਼ਨ ਅਤੇ ਅੱਗੇ ਚੱਲਕੇ ਦਿਲ ਸਬੰਧੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਬਿਮਾਰੀਆਂ ਅਤੇ ਬੱਚਿਆਂ ਦਾ ਮੋਟਾਪਾ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਮਾੜਾ ਅਸਰ ਪਾਉਂਦਾ ਹੈ, ਜੋਕਿ ਸਮਾਜ ਲਈ ਇੱਕ ਨਾ ਪੂਰੇ ਹੋਣ ਵਾਲੇ ਘਾਟੇ ਦਾ ਕਾਰਨ ਬਣਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਪੀ.ਸੀ.ਆਰ. ਵੱਲੋਂ ਇਹ ਮਾਮਲਾ ਸੀ.ਪੀ.ਸੀ.ਆਰ. ਐਕਟ, 2005 ਦੀ ਧਾਰਾ 13(1) (ਐਫ) ਅਤੇ (ਕੇ) ਤਹਿਤ ਧਿਆਨ ਵਿੱਚ ਲਿਆਂਦਾ ਗਿਆ ਹੈ।

ਦਸ ਦੇਈਏ ਕਿ ਪੰਨੂ ਦਾ ਕਹਿਣਾ ਹੈ ਕਿ ਇਹ ਇੱਕ ਗੰਭੀਰ ਮੁੱਦਾ ਬਣ ਗਿਆ ਹੈ ਜੋ ਐਚ.ਐਫ.ਐਸ.ਐਸ. ਵਾਲੀਆਂ ਖ਼ੁਰਾਕੀ ਵਸਤਾਂ ਦੀ ਵਰਤੋਂ ਕਰ ਰਹੇ ਸਕੂਲੀ ਬੱਚਿਆਂ ਦੀ ਸਿਹਤ ਨਾਲ ਸਬੰਧਤ ਹੈ ਅਤੇ ਇਸ ਲਈ ਪੰਜਾਬ ਫੂਡ ਸੇਫਟੀ ਕਮਿਸ਼ਨਰੇਟ ਵੱਲੋਂ ਇਸ ਮੁੱਦੇ ਨਾਲ ਨਜਿੱਠਣ ਲਈ ਹਰ ਸੰਭਵ ਤੇ ਸੁਹਿਰਦ ਯਤਨ ਕੀਤੇ ਜਾਣਗੇ। ਇਸ ਮਗਰੋਂ ਹੁਣ ਸੂਬੇ ਦੇ ਹਰ ਇੱਕ ਸਕੂਲ ਵਿੱਚ ਪੰਜਾਬ ਰਾਜ ਕਮਿਸ਼ਨ ਦੀ ਟੀਮਾਂ ਵੱਲੋਂ ਖਾਣ-ਪੀਣ ਦੀ ਚੀਜਾਂ ਸਬੰਧੀ ਜਾਂਚ ਕੀਤੀ ਜਾਵੇਗੀ। ਜਿਥੇ ਵੀ ਨੁਕਸਾਨਦਾਇਕ ਖਾਣ ਵਾਲੇ ਪਦਾਰਥ ਮਿਲਣਗੇ ਉਸ ਥਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਹਰ ਥਾਂ ਤੋਂ ਸੈਂਪਲ ਲੈਕੇ ਜਾਂਚ ਲਈ ਭੇਜੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕਮਿਸ਼ਨ ਦੀ ਇਸ ਕਾਰਵਾਈ ਦਾ ਕੀ ਅਤੇ ਕਿੰਨਾ ਜਲਦੀ ਨਤੀਜਾ ਨਿਕਲਦਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.