• Friday, July 19

ਭਾਰਤ ਵਿਚ ਬ੍ਰਿਟਿਸ਼ ਡੋਮਿਨਿਕ ਐਕਿਊਥ ਨੇ ਕਿਹਾ ਕਿ 100 ਸਾਲ ਪਹਿਲਾਂ ਹੋਈ ਘਟਨਾ ਇਕ ਵੱਡੀ ਤ੍ਰਾਸਦੀ ਸੀ

13 ਅਪ੍ਰੈਲ, ਇੰਦਰਜੀਤ ਸਿੰਘ ਚਾਹਲ- (NRI MEDIA) : 

ਮੀਡਿਆ ਡੈਸਕ (ਇੰਦਰਜੀਤ ਸਿੰਘ ਚਾਹਲ) : ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਵਰ੍ਹੇਗੰਢ ਮੌਕੇ ਬ੍ਰਿਟਿਸ਼ ਸਰਕਾਰ ਨੇ ਇਕ ਵਾਰੀ ਫਿਰ ਮਾਫ਼ੀ ਮੰਗੀ ਹੈ ਅਤੇ ਇਸ ਨੂੰ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ। ਭਾਰਤ ਵਿਚ ਬ੍ਰਿਟਿਸ਼ ਡੋਮਿਨਿਕ ਐਕਿਊਥ ਨੇ ਕਿਹਾ ਕਿ 100 ਸਾਲ ਪਹਿਲਾਂ ਹੋਈ ਘਟਨਾ ਇਕ ਵੱਡੀ ਤ੍ਰਾਸਦੀ ਸੀ। ਇੱਥੇ ਜੋ ਕੁਝ ਵੀ ਹੋਇਆ ਉਸ ਦਾ ਹਮੇਸ਼ਾ ਸਾਨੂੰ ਮਲਾਲ ਰਿਹਾ ਹੈ। ਇਹ ਬੇਹੱਦ ਸ਼ਰਮਨਾਕ ਸੀ। ਦੂਸਰੇ ਪਾਸੇ, ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ 100 ਵਰ੍ਹੇ ਪੂਰੇ ਹੋਣ 'ਤੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਸੌ ਰੁਪਏ ਦਾ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਵਿਚ ਲਿਖਿਆ, 'ਅੱਜ, ਜਦੋਂ ਅਸੀਂ ਭਿਆਨਕ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ 100 ਵਰ੍ਹਿਆਂ ਦਾ ਨਿਰੀਖਣ ਕਰਦੇ ਹਾਂ ਤਾਂ ਭਾਰਤ ਉਸ ਦਿਨ 'ਤੇ ਸ਼ਹੀਦ ਹੋਏ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹੈ। ਉਨ੍ਹਾਂ ਦੀ ਵੀਰਤਾ ਅਤੇ ਬਲੀਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਦੀ ਯਾਦ ਸਾਨੂੰ ਉਸ ਭਾਰਤ ਦੇ ਨਿਰਮਾਣ ਲਈ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ ਜਿਸ 'ਤੇ ਉਨ੍ਹਾਂ ਨੂੰ ਮਾਣ ਹੋਵੇਗਾ।'


ਬ੍ਰਿਟਿਸ਼ ਹਾਈ ਕਮਿਸ਼ਨਰ ਤੋਂ ਇਲਾਵਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਪਤਵੰਤਿਆਂ ਨੇ ਸ਼ਹੀਦ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜਲ੍ਹਿਆਂਵਾਲਾ ਬਾਗ਼ ਅਤੇ ਇਸ ਦੇ ਆਸਪਾਸ ਦੇ ਖੇਤਰ ਵਿਚ ਕੜੀ ਸੁਰੱਖਿਆ ਹੈ। ਜਲ੍ਹਿਆਂਵਾਲਾ ਬਾਗ਼ ਦੇ ਮੁੱਖ ਦੁਆਰ ਸਮੇਤ ਪੂਰੇ ਖੇਤਰ ਵਿਚ ਪੁਲਿਸ ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਹਨ।ਜਲ੍ਹਿਆਂਵਾਲਾ ਕਤਲੇਆਮ ਦੇ 100 ਸਾਲ ਪੂਰੇ ਹੋਣ 'ਤੇ ਸ਼ਹਿਰ ਵਿਚ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਵੇਰੇ ਜਲ੍ਹਿਆਂਵਾਲਾ ਬਾਗ਼ ਪਹੁੰਚੇ। ਉਨ੍ਹਾਂ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਮੰਤਰੀ ਵੀ ਸਨ। ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਬ੍ਰਿਟਿਸ਼ ਹਾਈ ਕਮਿਸ਼ਨਰ ਸਵੇਰੇ ਜਲ੍ਹਿਆਂਵਾਲਾ ਬਾਗ਼ ਪਹੁੰਚੇ ਅਤੇ ਉੱਥੇ ਸ਼ਹੀਦ ਸਮਾਰਕ 'ਤੇ 100 ਸਾਲ ਪਹਿਲਾਂ ਮਾਰੇ ਗਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਸਮਾਰਕ 'ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਦੇ ਹੋਰਨਾਂ ਹਿੱਸਿਆਂ ਨੂੰ ਦੇਖਿਆ। ਬ੍ਰਿਟਿਸ਼ ਹਾਈ ਕਮਿਸ਼ਨਰ ਡੋਮਿਨਿਕ ਨੇ ਇਸ ਤੋਂ ਬਾਅਦ ਜਲ੍ਹਿਆਂਵਾਲਾ ਬਾਗ਼ ਦੀ ਵਿਜ਼ੀਟਰ ਬੁੱਕ 'ਚ ਆਪਣੀਆਂ ਭਾਵਨਾਵਾਂ ਲਿਖੀਆਂ। ਉਨ੍ਹਾਂ ਲਿਖਿਆ- 100 ਸਾਲ ਪਹਿਲਾਂ ਹੋਈ ਘਟਨਾ ਇਕ ਵੱਡਾ ਦੁਖਾਂਤ ਸੀ। ਇੱਥੇ ਜੋ ਵੀ ਹੋਇਆ ਉਸ ਦਾ ਸਾਨੂੰ ਹਮੇਸ਼ਾ ਮਲਾਲ ਰਿਹਾ ਹੈ। ਇਹ ਬੇਹੱਦ ਸ਼ਰਮਨਾਕ ਸੀ। ਅਸੀਂ ਇਤਿਹਾਸ ਨੂੰ ਦੁਬਾਰਾ ਨਹੀਂ ਲਿਖ ਸਕਦੇ।


ਹਾਈ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ਼ ਦੀ ਵਿਜ਼ੀਟਰ ਬੁੱਕ 'ਤੇ ਲਿਖਿਆ ਅਸੀਂ ਭਾਰਤ ਅਤੇ ਬ੍ਰਿਟੇਨ ਵਿਚਾਲੇ ਮਜ਼ਬੂਤ ਰਿਸ਼ਤਾ ਚਾਹੁੰਦੇ ਹਾਂ।ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਬਰਤਾਨਵੀ ਸਰਕਾਰ ਨੇ ਇਸ ਕਤਲੇਆਮ ਲਈ ਮਾਫ਼ੀ ਮੰਗੀ ਸੀ। ਬ੍ਰਿਟਿਸ਼ ਸੰਸਦ ਵਿਚ ਪ੍ਰਧਾਨ ਮੰਤਰੀ ਵੀ ਇਸ ਘਟਨਾ ਉੱਤੇ ਹਮਦਰਦੀ ਦਾ ਪ੍ਰਗਟਾਵਾ ਕਰ ਚੁੱਕੇ ਹਨ। 2014 ਵਿਚ ਜਦੋਂ ਡੇਵਿਡ ਕੈਮਰਨ ਜਲ੍ਹਿਆਂਵਾਲਾ ਬਾਗ਼ ਆਏ ਸਨ, ਉਨ੍ਹਾਂ ਵੀ ਖ਼ੂਨੀ ਕਾਂਡ ਨੂੰ ਸ਼ਰਮਨਾਕ ਦੱਸਿਆ ਸੀ।ਦੂਸਰੇ ਪਾਸੇ ਜਲ੍ਹਿਆਂਵਾਲਾ ਬਾਗ਼ ਪਹੁੰਚੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ, ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ, ਆਸ਼ਾ ਕੁਮਾਰੀ, ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਸਥਾਨਕ ਨੇਤਾ ਵੀ ਮੌਜੂਦ ਸਨ। 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਤਾਬਦੀ ਸ਼ਰਧਾਂਜਲੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸ਼ਰਧਾਂਜਲੀ ਸਮਾਗਮ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਵੇਰੇ ਜਲ੍ਹਿਆਂਵਾਲਾ ਬਾਗ਼ ਪਹੁੰਚਣਗੇ।ਦੂਸਰੇ ਪਾਸੇ, ਉਸ ਵੇਲੇ ਅਜੀਬੋ-ਗ਼ਰੀਬ ਸਥਿਤੀ ਪੈਦਾ ਹੋ ਗਈ ਜਦੋਂ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਤਾਂ ਉੱਥੇ ਮੌਜੂਦ ਐੱਨਐੱਸਯੂਆਈ ਦੇ ਕੁਝ ਵਰਕਰਾਂ ਨੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਗਾਏ।ਇਸ ਤੋਂ ਪਹਿਲਾਂ ਪੂਰੇ ਸ਼ਹਿਰ 'ਚੋਂ ਜਲਸਾ ਕੱਢ ਕੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਲੋਕਾਂ ਨੇ ਮੌਨ ਜਲਸਾ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਵਿਚ ਪੁਰਸ਼, ਔਰਤਾਂ, ਬੱਚਿਆਂ ਸਮੇਤ ਸਾਰੇ ਉਮਰ ਵਰਗ ਦੇ ਲੋਕ ਸ਼ਾਮਲ ਹੋਏ। ਇਸ ਤੋਂ ਬਾਅਦ ਲੋਕ ਸ਼ਹੀਦ ਸਮਾਰਕ 'ਤੇ ਸ਼ਰਧਾਂਜਲੀ ਦੇਣ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.