• Tuesday, September 17

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਰੂਪ ਅਗਨ ਭੇਟ ਹੋਏ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਰੂਪ ਅਗਨ ਭੇਟ ਹੋਏ

ਤਰਨਤਾਰਨ : ਤਰਨਤਰਾਨ ਦੇ ਪਿੰਡ ਮਾਣੋਚਾਹਲ 'ਚ ਸਥਿਤ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ 'ਚ ਸੁਖ ਆਸਨ ਵਾਲੇ ਕਮਰੇ ਵਿਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਲੱਗ ਗਈ, ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਰੂਪ ਅਗਨ ਭੇਟ ਹੋ ਗਏ। ਘਟਨਾ ਸੋਮਵਾਰ ਬਾਅਦ ਦੁਪਹਿਰ ਦੀ ਦੱਸੀ ਜਾ ਰਹੀ ਹੈ। ਪ੍ਰਬੰਧਕਾਂ ਵੱਲੋਂ ਅੱਗ ਲੱਗਣ ਦੇ ਨਿਸ਼ਾਨ ਮਿਟਾ ਦਿੱਤੇ ਗਏ, ਜਿਸ ਕਰਕੇ ਇਸ ਘਟਨਾ ਦਾ ਪਤਾ ਨਹੀਂ ਲੱਗਾ। ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਜਾਣਕਾਰੀ ਅਨੁਸਾਰ ਪ੍ਰਬੰਧਕਾਂ ਨੇ ਇਸ ਘਟਨਾ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ, ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਤੇ ਮੈਂਬਰ ਭਾਈ ਮਨਜੀਤ ਸਿੰਘ ਨੂੰ ਦਿੰਦਿਆਂ ਇਹ ਦੱਸਿਆ ਕਿ ਇਕ ਪਾਵਨ ਸਰੂਪ ਅਗਨ ਭੇਟ ਹੋਇਆ ਹੈ।

ਭਾਈ ਮਨਜੀਤ ਸਿੰਘ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਐਡੀਸ਼ਨਲ ਮੈਨੇਜਰ ਸਤਨਾਮ ਸਿੰਘ, ਕਾਰਜਕਾਰੀ ਹੈੱਡ ਗ੍ਰੰਥੀ ਸੁਖਵੰਤ ਸਿੰਘ ਤੇ ਹੋਰ ਅਮਲੇ ਨੂੰ ਜਦੋਂ ਮੌਕੇ 'ਤੇ ਭੇਜਿਆ ਤਾਂ ਪਤਾ ਲੱਗਾ ਕਿ ਦਸ ਪਾਵਨ ਸਰੂਪਾਂ ਨੂੰ ਅੱਗ ਲੱਗਣ ਨਾਲ ਨੁਕਸਾਨ ਪੁੱਜਾ ਹੈ। ਪਤਾ ਲੱਗਣ ਤੇ ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ ਅਜਨਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਸੋਹਲ, ਧਰਮ ਪ੍ਰਚਾਰ ਕਮੇਟੀ ਦੇ ਜਸਬੀਰ ਸਿੰਘ ਖਾਲਸਾ, ਹੀਰਾ ਸਿੰਘ ਮਨਿਆਲਾ, ਗਰਬਚਨ ਸਿੰਘ ਕਲਸੀਆਂ, ਰਣਜੀਤ ਸਿੰਘ ਉਧੋਕੇ, ਚਾਨਣ ਸਿੰਘ ਸਤਿਕਾਰ ਕਮੇਟੀ ਪੰਜਾਬ, ਡੀਐੱਸਪੀ ਸ੍ਰੀ ਗੋਇੰਦਵਾਲ ਸਾਹਿਬ ਹਰਵਿੰਦਰਪਾਲ ਸਿੰਘ, ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਜਸਪਾਲ ਸਿੰਘ, ਚੌਕੀ ਇੰਚਾਰਜ ਮਾਣੋਚਾਹਲ ਏਐੱਸਆਈ ਗੁਰਵੇਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਵੀ ਗੁਰਦੁਆਰਾ ਸਾਹਿਬ ਪਹੁੰਚ ਗਈ। ਭਾਈ ਤਰਲੋਚਨ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ ਕਿਉਂਕਿ ਇਨ੍ਹਾਂ ਨੇ ਪਹਿਲਾਂ ਸਬੂਤ ਮਿਟਾਏ ਤੇ ਫਿਰ ਇਕ ਸਰੂਪ ਦੇ ਅਗਨ ਭੇਟ ਹੋਣ ਦੀ ਗੱਲ ਕਹੀ ਜੋ ਇਥੇ ਆ ਕੇ ਝੂਠੀ ਨਿਕਲੀ ਹੈ।

ਦੂਜੇ ਪਾਸੇ ਗ੍ਰੰਥੀ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਸੁਖ ਆਸਨ ਵਾਲੇ ਕਮਰੇ 'ਚ ਲੱਗੀ ਅੱਗ ਨੂੰ ਸੰਗਤਾਂ ਨੇ ਜੱਦੋ-ਜਹਿਦ ਨਾਲ ਬੁਝਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਕ ਸਰੂਪ ਨੂੰ ਹੀ ਨੁਕਸਾਨ ਪੁੱਜਾ ਹੈ ਬਾਕੀ ਸਰੂਪਾਂ ਦੀਆਂ ਜਿਲਦਾਂ ਨੂੰ ਮਾਮੂਲੀ ਸੇਕ ਹੀ ਲੱਗਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਏਸੀ 'ਚੋਂ ਨਹੀਂ ਬਲਕਿ ਪਲੰਘਾ ਸਾਹਿਬ ਨਾਲ ਲੱਗੇ ਛੋਟੇ ਪੱਖੇ 'ਚੋਂ ਨਿਕਲੀ ਚੰਗਿਆੜੀ ਕਾਰਨ ਲੱਗੀ ਹੈ ਤੇ ਦਸ ਸਰੂਪ ਅੱਗ ਲੱਗਣ ਨਾਲ ਨੁਕਸਾਨੇ ਗਏ ਹਨ, ਜਿਨ੍ਹਾਂ ਦੇ ਹੁਣ ਪ੍ਰਕਾਸ਼ ਨਹੀਂ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਾਚੀ ਜਾ ਰਹੀ ਹੈ। ਮੁੱਢਲੀ ਜਾਂਚ 'ਚ ਪ੍ਰਬੰਧਕਾਂ ਅਤੇ ਗ੍ਰੰਥੀ ਦੀ ਅਣਗਿਲੀ ਸਾਹਮਣੇ ਆ ਰਹੀ ਹੈ। ਡੀਐੱਸਪੀ ਹਰਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਜੋ ਕਾਰਵਾਈ ਬਣਦੀ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ|


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.