Breaking News :

ਯਾਦਗਾਰੀ ਰਿਹਾ ਕਪੂਰਥਲਾ ਦਾ ਇਤਿਹਾਸਕ ਬਸੰਤ ਮੇਲਾ ਮਿਸ ਪੂਜਾ ਸਮੇਤ ਪ੍ਰਸਿੱਧ ਕਲਾਕਾਰਾਂ ਨੇ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੀ ਸਾਂਭ-ਸੰਭਾਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੂਰੀ ਤਰਾਂ ਨਾਲ ਵਚਨਬੱਧ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਅੱਜ ਨਗਰ ਕੌਂਸਲ ਕਪੂਰਥਲਾ ਵੱਲੋਂ ਸਥਾਨਕ ਸ਼ਾਲੀਮਾਰ ਬਾਗ ਵਿਖੇ ਕਰਵਾਏ 97ਵੇਂ ਬਸੰਤ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਉਨਾਂ ਸਾਰਿਆਂ ਨੂੰ ਬਸੰਤ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਣਦੇਖੀ ਕਾਰਨ ਇਹ ਇਤਿਹਾਸਕ ਮੇਲਾ ਕਾਫੀ ਸਮੇਂ ਤੋਂ ਨਹੀਂ ਲੱਗਿਆ ਸੀ, ਪਰੰਤੂ ਕਾਂਗਰਸ ਸਰਕਾਰ ਦੇ ਆਉਂਦਿਆਂ ਹੀ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।


ਮੇਲੇ ਦਾ ਸ਼ੁੱਭ ਆਰੰਭ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਕੀਤਾ। ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਬਸੰਤ ਮੇਲਾ ਕਮੇਟੀ ਦੇ ਚੇਅਰਮੈਨ ਸ੍ਰੀ ਹਰਨੇਕ ਸਿੰਘ ਹਰੀ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ੍ਰੀ ਕੁਲਭੂਸ਼ਨ ਗੋਇਲ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਮੇਲੇ ਵਿਚ ਪ੍ਰਸਿੱਧ ਕਲਾਕਾਰ ਮਿਸ ਪੂਜਾ, ਹਾਸਰਸ ਕਲਾਕਾਰ ਭੋਟੂ ਸ਼ਾਹ ਤੇ ਕਵਿਤਾ ਭੱਲਾ, ਦਿਲਜਾਨ ਅਤੇ ਹਰਮਨ ਸ਼ਾਹ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਨੂੰ ਸ਼ਾਮ ਤੱਕ ਬੰਨੀ ਰੱਖਿਆ। ਇਸ ਤੋਂ ਇਲਾਵਾ ਮੁਟਿਆਰਾਂ ਨੇ ਗਿੱਧੇ ਦੀਆਂ ਧਮਾਲਾਂ ਨਾਲ ਖੂਬ ਵਾਹ-ਵਾਹ ਖੱਟੀ।