• Monday, August 19

Breaking News :

ਸ਼ਹੀਦ ਦੀ ਫੋਟੋ ਹੱਥਾਂ ਚ ਲਈ ਮਾਂ ਕਹਿ ਰਹੀ ਸੀ, 'ਰੱਬਾ ਕਦੋਂ ਵੇਖਾਂਗੀ ਆਪਣੇ ਸ਼ੇਰ ਪੁੱਤਰ ਨੂੰ... ਰੱਬਾ ਹੋਰ ਨਹੀਂ ਤਾਂ ਇਸ ਗੁਰਜੋਤ ਦੇ ਬਾਰੇ ਹੀ ਕੁਝ ਸੋਚ ਲੈਦਾਂ

16 ਫਰਵਰੀ,ਗੰਡੀਵਿੰਡ,ਇੰਦਰਜੀਤ ਸਿੰਘ ਚਾਹਲ - (NRI MEDIA) :

ਵੀਰ ਸਪੂਤ ਦੇ ਅੰਤਿਮ ਦਰਸ਼ਨਾਂ ਲਈ ਪਿੰਡ ਦੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਛਲਕ ਪਈਆਂ। ਸ਼ਹੀਦ ਸੁਖਜਿੰਦਰ ਦੀ ਮਾਂ ਤੇ ਪਤਨੀ ਦੀ ਹਾਲਤ ਦੇਖ ਕੇ ਹਰ ਅੱਖ ਭਰ ਆਈ।ਸ਼ਹੀਦ ਸੁਖਜਿੰਦਰ ਸਿੰਘ ਦੀ ਸ਼ਨੀਵਾਰ ਸਵੇਰੇ ਮ੍ਰਿਤਕ ਦੇਹ ਤਿੰਰਗੇ ਚ ਲਿਪਟੇ ਤਾਬੂਤ ਚ ਲਿਆਂਦੀ ਗਈ। ਮ੍ਰਿਤਕ ਸਰੀਰ ਪਹਿਲੇ ਤਰਨਤਾਰਨ ਦੇ ਸਿਵਲ ਹਸਪਤਾਲ ਪਹੁੰਚਾ ਤੇ ਉੱਥੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਸ ਨੂੰ ਗੰਡੀਵਿੰਡ ਪਿੰਡ ਲੈ ਗਏ।ਕਾਇਰਤਾਪੂਰਨ ਹਮਲੇ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਨਿਵਾਸੀ ਸੀਆਰਪੀਐਫ ਦੇ ਜਵਾਨ ਸੁਖਜਿੰਦਰ ਸਿੰਘ ਜੋ ਸੱਤ ਮਹੀਨੇ ਦੇ ਬੱਚੇ ਦਾ ਪਿਤਾ ਸੀ, ਅੰਤਿਮ ਸੰਸਕਾਰ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਜਿਸ ਵਿਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਪਹੁੰਚੇ। ਉੱਥੇ ਹੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਇਲਾਕੇ ਭਰ ਦੇ ਲੋਕਾਂ ਦਾ ਇਕ ਤਰ੍ਹਾਂ ਨਾਲ ਹੜ ਆ ਗਿਆ। ਸ਼ਹੀਦ ਦੀ ਚਿਤਾ ਨੂੰ ਅਗਨੀ ਪਿਤਾ ਗੁਰਮੇਜ ਸਿੰਘ ਅਤੇ ਭਰਾ ਗੁਰਜੰਟ ਸਿੰਘ ਨੇ ਦਿਖਾਈ।ਵਿਧਾਨਸਭਾ ਹਲਕਾ ਪੱਟੀ ਦੇ ਪਿੰਡ ਗੰਡੀਵਿੰਡ ਨਿਵਾਸੀ ਮੱਧਮ ਵਰਗ ਕਿਸਾਨ ਗੁਰਮੇਜ ਸਿੰਘ ਦਾ 32 ਸਾਲਾ ਪੁੱਤਰ ਸੁਖਜਿੰਦਰ ਸਿੰਘ ਸੀਆਰਪੀਐੱਫ ਦੀ 76ਵੀਂ ਬਟਾਲੀਅਨ ਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਸੀ। ਪੁਲਵਾਮਾ ਚ ਅੱਤਵਾਦੀ ਹਮਲੇ ਚ ਸ਼ਹੀਦ ਹੋਣ ਵਾਲੇ ਸੁਖਜਿੰਦਰ ਸਿੰਘ ਨੂੰ ਸੱਤ ਸਾਲ ਪਹਿਲਾਂ ਪ੍ਰਮੋਸ਼ਨ ਮਿਲਿਆ ਸੀ। ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਬਣੇ ਸੁਖਜਿੰਦਰ ਸਿੰਘ ਨੂੰ ਤਰੱਕੀ ਮਿਲਦਿਆਂ ਹੀ ਉਸ ਦੇ ਘਰ ਗੁਰਜੋਤ ਸਿੰਘ ਨੇ ਜਨਮ ਲਿਆ ਸੀ, ਪਰ ਹੁਣ ਮਾਸੂਮ ਦੇ ਸਿਰ ਤੋਂ ਪਿਤਾ ਦਾ ਸਾਇਆ ਸਦਾ ਲਈ ਉੱਠ ਗਿਆ ਹੈ।


ਸ਼ਹੀਦ ਦੀ ਫੋਟੋ ਹੱਥਾਂ ਚ ਲਈ ਮਾਂ ਹਰਭਜਨ ਕੌਰ ਵਿਰਲਾਪ ਕਰਦੀ ਹੋਈ ਕਹਿ ਰਹੀ ਸੀ, 'ਰੱਬਾ ਕਦੋਂ ਵੇਖਾਂਗੀ ਆਪਣੇ ਸ਼ੇਰ ਪੁੱਤਰ ਨੂੰ...। ਰੱਬਾ ਹੋਰ ਨਹੀਂ ਤਾਂ ਇਸ ਗੁਰਜੋਤ ਦੇ ਬਾਰੇ ਹੀ ਕੁਝ ਸੋਚ ਲੈਦਾਂ।'ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਹਮਲੇ ਵਿਚ ਸ਼ਹੀਦ ਹੋਣ ਵਾਲੇ ਜਵਾਨ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਭਾਰਤ ਦੇ ਹੌਂਸਲੇ ਨੂੰ ਪਸਤ ਕਰਨ ਲਈ ਅਜਿਹੀਆਂ ਕਾਇਰਤਾ ਵਾਲੀਆਂ ਹਰਕਤਾਂ ਤਾਂ ਕਰਦੀਆਂ ਹਨ ਪਰ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੇ ਜਵਾਨਾਂ ਦੇ ਹੌਂਸਲੇ ਬਹੁਤ ਮਜਬੂਤ ਹਨ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੇ ਜਵਾਨਾਂ 'ਤੇ ਮਾਣ ਹੈ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਰਾਖੀ ਲਈ ਡੋਲਿਆ ਜਾ ਰਿਹਾ ਖੂਨ ਅਜਾਈਂ ਨਹੀਂ ਜਾਵੇਗਾ।


ਇਸ ਮੌਕੇ 'ਤੇ ਸੰਸਦ ਮੈਂਬਰ ਭਗਵੰਤ ਮਾਨ, ਰਾਜ ਸਭਾ ਮੈਂਬਰ ਵਿਜੈ ਗੋਇਲ, ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਜੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਤੇ ਐਸਪੀ ਹੈਡ ਕੁਆਰਟਰ ਗੁਰਨਾਮ ਸਿੰਘ ਸਮੇਤ ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਸ਼ਹੀਦ ਸੁਖਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਮੌਜੂਦ ਸਨ।ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਅੱਜ ਪੂਰਾ ਦੇਸ਼ ਇੰਨ੍ਹਾਂ ਜਵਾਨਾਂ ਦੀ ਕੁਰਬਾਨੀ ਨੂੰ ਸਲਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਸੀਆਰਪੀਐਫ ਜਵਾਨ ਸੁਖਜਿੰਦਰ ਸਿੰਘ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਂਕਰੀ ਦੇਣ ਦੇ ਨਾਲ ਨਾਲ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।ਕੈਬਨਿਟ ਵਜੀਰ ਸਰਕਾਰੀਆ ਨੇ ਇਸ ਮੌਕੇ ਖਾਸ ਤੌਰ 'ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਆਏ ਦਿਨ ਅੱਤਵਾਦੀ ਹਮਲਿਆਂ ਅਤੇ ਸਰਹੱਦਾਂ ਉੱਪਰ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਜਿਸ ਕਾਰਨ ਦੇਸ਼ ਭਰ ਦੇ ਲੋਕਾਂ ਦੇ ਮਨਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ।ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰਾਂ ਇੰਨ੍ਹਾਂ ਪਰਿਵਾਰਾਂ ਦੇ ਨਾਲ ਹਨ। ਜਦੋਂਕਿ ਮਾਨਵਤਾ ਵਿਰੋਧੀ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਵਿਰੁੱਧ ਸਖਤ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.