• Wednesday, September 18

ਪੰਜਾਬ ਬਜਟ 2019-20 : ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ

ਪੰਜਾਬ ਬਜਟ 2019-20 : ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ

ਚੰਡੀਗੜ੍ਹ (ਇੰਦਰਜੀਤ ਸਿੰਘ ਚਾਹਲ) : ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਡਾ ਫੈਸਲਾ ਲੈਂਦੇ ਹੋਏ ਪੈਟਰੋਲ 5 ਰੁਪਏ ਤੇ ਡੀਜ਼ਲ 1 ਰੁਪਏ ਸਸਤਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਅੱਜ ਰਾਤ 12 ਵਜੇ ਤੋਂ ਬਾਅਦ ਘਟ ਹੋਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਚ ਪੈਟਰੋਲ ਦੀਆਂ ਕੀਮਤਾਂ ਚ ਭਾਰੀ ਫਰਕ ਸੀ ਤੇ ਇਸ ਫ਼ਰਕ ਨੂੰ ਕਾਫ਼ੀ ਦੇਰ ਤੋਂ ਘਟਾਉਣ ਦੀ ਮੰਗ ਉੱਠ ਰਹੀ ਸੀ।ਮਨਪ੍ਰੀਤ ਬਾਦਲ ਨੇ ਸੋਮਵਾਰ ਨੂੰ 11,687 ਕਰੋੜ ਦੇ ਘਾਟੇ ਵਾਲਾ ਸਾਲ 2019-20 ਦਾ ਬਜਟ ਪੇਸ਼ ਕੀਤਾ। ਉਨ੍ਹਾਂ ਕੁਲ 1,58,493 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਬਜਟ 'ਚ ਵਿੱਤ ਮੰਤਰੀ ਨੇ ਸੂਬੇ ਦੇ ਪੈਟ੍ਰੋਲੀਅਮ ਪਦਾਰਥਾਂ ਦੀ ਕੀਮਤ ਗੁਆਂਢੀ ਸੂਬੇ ਅਨੁਸਾਰ ਬਣਾਉਣ ਦਾ ਭਰੋਸਾ ਦਿੱਤਾ। 

ਬਜਟ 'ਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਕਰਜ਼ਮਾਫੀ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ।ਮਨਪ੍ਰੀਤ ਬਾਦਲ ਜਦੋਂ ਬਜਟ ਪੇਸ਼ ਕਰ ਰਹੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਹੋਰ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸ਼੍ਰੋਅਦ ਵਿਧਾਇਕ ਪੁਲਵਾਮਾ ਚ ਹੋਏ ਅੱਤਵਾਦੀ ਹਮਲੇ ਚ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਸਦਨ ਚ ਸਿੱਧੂ ਤੇ ਮਜੀਠੀਆ ਚ ਤਿੱਖੀ ਬਹਿਸ ਛਿੜ ਗਈ ਜਿਸ ਕਾਰਨ ਵਿੱਤ ਮੰਤਰੀ ਨੂੰ ਆਪਣਾ ਬਜਟ ਭਾਸ਼ਣ ਵਿਚਕਾਰ ਰੋਕਣਾ ਪਿਆ। ਇਸ ਤੋਂ ਬਾਅਦ ਸਦਨ 'ਚ ਕਈ ਵਿਧਾਇਕ ਗਾਲੀ-ਗਲੋਚ 'ਤੇ ਉੱਤਰ ਆਏ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਧਾਇਕ ਸਦਨ 'ਚ ਵਿੱਤ ਮੰਤਰੀ ਸਾਹਮਣੇ ਨਾਅਰੇਬਾਜ਼ੀ ਕਰਨ ਲੱਗੇ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜ਼ੀਰੋ ਆਵਰ ਦੀ ਮੰਗ ਕਰ ਰਹੇ ਸਨ। ਹੰਗਾਮਾ ਇੰਨਾ ਵੱਧ ਗਿਆ ਸੀ ਕਿ ਸਪੀਕਰ ਨੇ ਭਾਜਪਾ ਤੇ ਅਕਾਲੀ ਦਲ ਦੇ ਮੈਂਬਰਾ ਨੂੰ ਨੇਮ ਕਰ ਦਿੱਤਾ ਤੇ ਮਾਰਸ਼ਲਾਂ ਨੂੰ ਇਨ੍ਹਾਂ ਮੈਂਬਰਾਂ ਨੂੰ ਬਾਹਰ ਕੱਢਣ ਦਾ ਆਦੇਸ਼ ਸੁਣਾਇਆ।


ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ 1 ਵਜੇ ਤਕ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਰੁਕਣ 'ਤੇ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਡੀ ਸਰਕਾਰ ਕਮਜ਼ੋਰ ਹੈ ਜੋ ਉਸ ਚੋਰ ਨੂੰ ਹੱਥ ਨਹੀਂ ਪਾਉਂਦੀ। ਰੰਧਾਵਾ ਦਰਅਸਲ ਮਜੀਠੀਆ ਤੋਂ ਗੁੱਸਾ ਸਨ। ਸਿੱਧੂ ਅਕਾਲੀ ਦਲ ਦੇ ਜਾਣ ਤੋਂ ਬਾਅਦ ਬਾਹਰ ਜਾਣਾ ਚਾਹੁੰਦੇ ਸਨ ਪਰ ਕਈ ਵਿਧਾਇਕਾਂ ਨੇ ਹੱਥ ਫੜ ਕੇ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕ ਲਿਆ। ਹੰਗਾਮੇ ਦੌਰਾਨ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੀ ਸਦਨ 'ਚ ਮੌਜੂਦ ਸਨ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਚ ਪਹਿਲੀ ਵਾਰ ਬਜਟ ਭਾਸ਼ਣ ਦੌਰਾਨ ਕਾਰਵਾਈ ਮੁਲਤਵੀ ਕੀਤੀ ਗਈ ਹੈ।ਵਿੱਤ ਮੰਤਰੀ ਬਾਦਲ ਖਰਚ 'ਚ ਕਟੌਤੀ ਦੇ ਹੱਕ 'ਚ ਰਹਿੰਦੇ ਹਨ। 

ਇਸ ਦਾ ਅਸਰ ਯਕੀਨੀ ਤੌਰ 'ਤੇ ਬਜਟ 'ਤੇ ਪਵੇਗਾ ਪਰ ਉਨ੍ਹਾਂ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮਾਲੀਆ ਪ੍ਰਾਪਤੀ 'ਚ ਵੀ ਕਮੀ ਆਈ ਹੈ। ਸਟਾਂਪ ਤੇ ਰਜਿਸਟ੍ਰੇਸ਼ਨ ਨੂੰ ਲੈ ਕੇ ਸਰਕਾਰ ਵੱਲੋਂ ਰੱਖੇ ਗਏ 2500 ਕਰੋੜ ਰੁਪਏ ਦੇ ਅਨੁਮਾਨ 'ਚ ਵੀ ਕਮੀ ਦਰਜ ਕੀਤੀ ਗਈ ਹੈ। ਮਾਲੀਆ ਪ੍ਰਾਪਤੀ 'ਚ ਕਮੀ ਤੇ ਸਬਸਿਡੀ ਦੇ ਵਧਦੇ ਬੋਝ ਕਾਰਨ ਕਿਸੇ ਵੱਡੇ ਐਲਾਨ ਦੀ ਉਮੀਦ ਘੱਟ ਹੈ।ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਕੁਲ ਜੀਡੀਪੀ 5,18,291 ਕਰੋੜ ਰੁਪਏ ਪਹੁੰਚ ਗਈ ਹੈ। ਅਗਲੇ ਸਾਲ ਕਰਜ਼ ਦਾ ਭੁਗਤਾਨ 28.93 ਫੀਸਦੀ ਤੋਂ ਘੱਟ ਹੋ ਕੇ 22.51 ਫੀਸਦੀ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਰਚ ਚ 9.5 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। 31 ਮਾਰਚ ਤਕ ਪੰਜਾਬ ਦਾ ਕਰਜ਼ 21,22,276 ਕਰੋੜ ਹੋਣ ਦਾ ਅਨੁਮਾਨ ਹੈ।ਕਿਸਾਨ ਕਰਜ਼ ਮਾਫੀ ਲਈ ਬਜਟ 'ਚ 3000 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਸਬੰਧੀ ਬਜਟ 'ਚ ਕੁਝ ਨਹੀਂ ਹੈ। ਵਿੱਤ ਮੰਤਰੀ ਨੇ ਦੱਸਿਆ ਕਿ 13,643 ਕਰੋੜ ਰੁਪਏ ਖੇਤੀ ਸੈਕਟਰ ਲਈ ਰੱਖੇ ਗਏ ਹਨ। ਬਿਜਲੀ 'ਤੇ ਸਰਕਾਰ 8,969 ਕਰੋੜ ਰੁਪਏ ਦੀ ਸਬਸਿਡੀ ਦੇਵੇਗੀ।


ਵਿੱਤ ਮੰਤਰੀ ਨੇ ਕਿਹਾ ਕਿ ਜ਼ਮੀਨ ਵਿਹੂਣੇ ਮਜ਼ਦੂਰ ਤੇ ਜਿਨ੍ਹਾਂ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਉਨ੍ਹਾਂ ਨੂੰ ਕਰਜ਼ਮਾਫੀ ਲਈ 3000 ਕਰੋੜ ਰੁਪਏ ਦਾ ਪ੍ਰਾਵਧਾਨ ਹੈ। ਬਜਟ 'ਚ ਪੇਡੂ ਵਿਕਾਸ ਤੇ ਪੰਚਾਇਤਾਂ ਲਈ 1089.54 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ।ਵਿੱਤ ਮੰਤਰੀ ਬਾਦਲ ਨੇ ਬਜਟ ਚ ਮਨਰੇਗਾ ਦੀ ਤਰਜ਼ 'ਤੇ ਸ਼ਹਿਰੀ ਬੇਰੁਜ਼ਗਾਰੀ ਖਤਮ ਕਰਨ ਲਈ 'ਮੇਰਾ ਕਾਮ ਮੇਰਾ ਗੌਰਵ' ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਈ 90 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਉਦਯੋਗਾਂ ਨੂੰ ਬਿਜਲੀ ਸਬਸਿਡੀ ਦੇਣ ਲਈ ਬਜਟ 'ਚ 1513 ਕਰੋੜ ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ 'ਮੇਕ ਇੰਨ ਪੰਜਾਬ' ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 'ਮੇਕ ਇਨ ਪੰਜਾਬ' ਪ੍ਰੋਜੈਕਟ ਬਣੇਗਾ ਤੇ ਇਸ ਲਈ 50 ਫੀਸਦੀ ਮਟੀਰੀਅਲ ਪੰਜਾਬ ਤੋਂ ਖਰੀਦਿਆ ਜਾਵੇਗਾ। ਬਜਟ 'ਚ ਡੇਰਾ ਬਾਬਾ ਨਾਨਕ ਕਸਬੇ ਦੇ ਬੁਨਿਆਦੀ ਢਾਂਚੇ ਲਈ 25 ਕਰੋੜ ਦੀ ਵਿਵਸਥਾ ਹੈ। ਪੋਸਟ ਮੈਟ੍ਰਿਕ ਯੋਜਨਾ ਲਈ 938.71 ਕਰੋੜ ਰੁਪਏ ਰੱਖੇ ਗਏ ਹਨ।ਬਜਟ 'ਚ ਸੂਬੇ ਲਈ ਨਵੇਂ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਵਿਵਸਥਾ ਕੀਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬੇ 'ਚ 2010 ਨਵੇਂ ਸਰਕਾਰੀ ਅੰਗਰੇਜ਼ੀ ਮੀਡੀਅਮ ਦੇ ਸਕੂਲ ਖੋਲ੍ਹੇ ਜਾਣਗੇ। ਸੂਬੇ 'ਚ ਅਜੇ ਤਕ 12,921 ਪ੍ਰਾਇਮਰੀ ਸਕੂਲ, 2672 ਮਿਡਲ ਸਕੂਲ, 1744 ਹਾਈ ਸਕੂਲ, 2387 ਇੰਗਲਿਸ਼ ਮੀਡੀਅਮ ਸਕੂਲ ਹਨ।


ਪੰਜਾਬ 'ਚ ਵੁੱਡ ਪਾਰਕ ਬਣਾਉਣ ਦੀ ਯੋਜਨਾ

ਵਿੱਤ ਮੰਤਰੀ ਨੇ ਕਿਹਾ ਕਿ ਬਜਟ 'ਚ ਬਲਾਕ ਲੈਵਲ ਖੇਡਾਂ ਲਈ 43 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਜਲੰਧਰ 'ਚ ਪੀਪੀਪੀ ਮਾਡਲ ਦੇ ਆਧਾਰ 'ਤੇ ਇਕ ਸਟੇਡੀਅਮ ਬਣਾਉਣ ਦਾ ਵੀ ਮਤਾ ਪਾਸ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵੁੱਡ ਪਾਰਕ ਬਣਾਉਣ ਦੀ ਯੋਜਨਾ ਹੈ। ਇਸ ਨਾਲ ਸੂਬੇ 'ਚ ਵੁੱਡ ਇੰਡਸਟਰੀ ਨੂੰ ਹੱਲਾਸ਼ੇਰੀ ਮਿਲੇਗੀ। ਫ਼ਿਲਹਾਲ ਪੰਜਾਬ ਦੀ ਲੱਕੜ ਹਰਿਆਣਾ ਦੇ ਯਮਨਾ ਨਗਰ ਤੋਂ ਆਉਂਦੀ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਲਈ ਬਜਟ 'ਚ 189.15 ਕਰੋੜ ਦੀ ਵਿਵਸਥਾ ਕੀਤੀ ਗਈ ਹੈ।


ਬਜਟ 'ਚ ਅਲਗ-ਅਲਗ ਵਿਵਸਥਾ

 • 167 ਸ਼ਹਿਰਾਂ ਚ ਨਾਲੀਆਂ, ਪਾਰਕ, ਸਟਰੀਟ ਲਾਈਟਾਂ ਲਈ 300 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
 • ਜਲ੍ਹਿਆਂਵਾਲਾ ਬਾਗ ਲਈ 5 ਕਰੋੜ ਦੀ ਵਿਵਸਥਾ ਕੀਤੀ ਗਈ ਹੈ।
 • ਹੋਸ਼ਿਆਰਪੁਰ, ਬਠਿੰਡਾ, ਪਟਿਆਲਾ 'ਚ ਬਣੇਗਾ ਪੰਜਾਬੀ ਖਾਣੇ ਦਾ ਫੂਡ ਸਟਰੀਟ।
 • ਲੁਧਿਆਣਾ ਦੇ ਬੁੱਢੇ ਨਾਲੇ ਲਈ 4.38 ਕਰੋੜ ਰੁਪਏ।
 • ਬਰਨਾਲਾ ਤੇ ਮਾਨਸਾ 'ਚ ਬਣਾਇਆ ਜਾਵੇਗਾ ਬਿਰਧ ਆਸ਼ਰਮ। ਇਨ੍ਹਾਂ ਲਈ 31.14 ਕਰੋੜ ਰੁਪਏ ਦੀ ਵਿਵਸਥਾ।
 • ਲੁਧਿਆਣਾ 'ਚ ਗੂੰਗੇ-ਬਹਿਰੇ ਬੱਚਿਆਂ ਲਈ ਸਕੂਲ ਖੁੱਲ੍ਹੇਗਾ।
 • ਸਮਾਰਟ ਵਿਲੇਜ ਲਈ 2600 ਕਰੋੜ ਰੁਪਏ ਰਾਖਵੇਂ ਕੀਤੇ।
 • ਮਨਰੇਗਾ 'ਚ 92 ਫੀਸਦੀ ਬਜਟ ਵਾਧਾ। 500 ਕਰੋੜ ਰੁਪਏ ਦੀ ਵਿਵਸਥਾ।
 • ਸਮਾਰਟ ਵਿਲੇਜ ਬਣਨ 'ਤੇ ਪੰਜ ਕਰੋੜ ਦਾ ਇਨਾਮ ਦਿੱਤਾ ਜਾਵੇਗਾ।


ਹੋਰ ਐਲਾਨ

 • ਪਟਿਆਲ਼ਾ ਚ ਓਪਨ ਯੂਨੀਵਰਸਿਟੀ ਖੋਲ੍ਹਣ ਦੀ ਯੋਜਨਾ। ਸਾਰੀਆਂ ਯੂਨੀਵਰਸਿਟੀਆਂ ਦੀ ਗ੍ਰਾਂਟ 6 ਫੀਸਦੀ ਵਾਧਾ।
 • 15 ਨਵੇਂ ITI ਖੋਲ੍ਹੇ ਜਾਣਗੇ, 15 ਕਰੋੜ ਰੁਪਏ ਦੀ ਵਿਵਸਥਾ।
 • ਸਰਬਤ ਸਿਹਤ ਬੀਮਾ ਯੋਜਨਾ ਦਾ ਐਲਾਨ। 42 ਲੱਖ ਪਰਿਵਾਰਾਂ ਨੂੰ ਇਸ ਤਹਿਤ ਕਵਰ ਕੀਤਾ ਜਾਵੇਗਾ। ਇਸ ਲਈ 250 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.