• Saturday, August 08

Breaking News :

ਮੈਂ ਪੰਜਾਬ 'ਚ ਨਾਗਰਿਕਤਾ ਸੋਧ ਬਿੱਲ ਨਹੀਂ ਪਾਸ ਹੋਣ ਦਵਾਂਗਾ : ਕੈਪਟਨ

ਮੈਂ ਪੰਜਾਬ 'ਚ ਨਾਗਰਿਕਤਾ ਸੋਧ ਬਿੱਲ ਨਹੀਂ ਪਾਸ ਹੋਣ ਦਵਾਂਗਾ : ਕੈਪਟਨ

ਨਵੀਂ ਦਿੱਲੀ (Vikram Sehajpal) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਭਾਵੇਂ ਪੁਲਿਸ ਵੱਲੋਂ ਆਪਣੇ ਉਤੇ ਹਮਲੇ ਦੀ ਸੂਰਤ ਵਿੱਚ ਗੋਲੀ ਚਲਾਉਣ ਦੇ ਹੱਕ ਵਿੱਚ ਹਨ ਪ੍ਰੰਤੂ ਉਹ ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦੇਣ ਦੇ ਖਿਲਾਫ ਹਨ ਕਿਉਂਕਿ ਇਹ ਦੇਸ਼ ਦੀ ਸੰਵਿਧਾਨਕ ਭਾਵਨਾ ਦੇ ਉਲਟ ਹੈ। ਇਸ ਦੇ ਨਾਲ ਹੀ ਉਨਾਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਨੂੰ ਸੂਬੇ ਦੀ ਵਿਧਾਨ ਸਭਾ ਵਿੱਚ ਪਾਸ ਹੋਣ ਨਹੀਂ ਦੇਣਗੇ। ਐਚ.ਟੀ. ਸੰਮੇਲਨ 2019 ਵਿੱਚ 'ਇਕ ਵਧੀਆ ਕੱਲ' ਸੈਸ਼ਨ ਦੌਰਾਨ ਛਤੀਸਗੜ ਦੇ ਮੁੱਖ ਮੰਤਰੀ ਭੁਪੇਸ਼ ਬਾਘੇਲ ਨਾਲ ਸ਼ਮੂਲੀਅਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਤੇਲੰਗਾਨਾ ਵਿੱਚ ਬਲਾਤਕਾਰ ਦੇ ਮੁਲਜ਼ਮਾਂ ਨੂੰ ਮਾਰਨ ਦੀ ਘਟਨਾ ਦੇ ਸੰਦਰਭ ਵਿੱਚ ਬੋਲਦਿਆਂ ਕਿਹਾ, ''ਜੇ ਪੁਲਿਸ ਵਾਲਿਆਂ ਉਪਰ ਮੁਲਜ਼ਮਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਕੀਤੀ ਗਈ ਕਾਰਵਾਈ ਜਾਇਜ਼ ਹੈ।''

ਉਨਾਂ ਹਾਲਾਂਕਿ ਇਹ ਗੱਲ ਸਾਫ ਕੀਤੀ ਕਿ ਐਨਕਾਊਂਟਰ ਵਰਗੀ ਕੋਈ ਗੱਲ ਨਹੀਂ ਸੀ। ਉਨਾਂ ਆਪਣੇ ਸੂਬੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੁਲਿਸ ਨੂੰ ਇਸ ਮੁੱਦੇ 'ਤੇ ਪੂਰੀ ਤਰਾਂ ਸ਼ਪੱਸ਼ਟ ਹੈ ਕਿ ਅਤਿਵਾਦੀਆਂ, ਗੁੰਡਿਆਂ/ਗੈਂਗਸਟਰਾਂ ਨੂੰ ਹਥਿਆਰਾਂ ਦਾ ਆਤਮ ਸਮਰਪਣ ਕਰਨ ਲਈ ਕਿਹਾ ਜਾਂਦਾ ਹੈ ਨਹੀਂ ਤਾਂ ਨਤੀਜੇ ਭੁਗਤਣੇ ਪੈਂਦੇ ਹਨ। ਦੋ ਕਾਂਗਰਸੀ ਮੁੱਖ ਮੰਤਰੀਆਂ, ਜਿਨਾਂ ਨੇ ਭਾਜਪਾ ਦੇ ਕਾਂਗਰਸ ਮੁਕਤ ਸੁਫਨੇ ਨੂੰ ਪ੍ਰੇਸ਼ਾਨ ਕੀਤਾ, ਨੂੰ ਸੈਸ਼ਨ ਦੌਰਾਨ ਕਈ ਮੁੱਦਿਆਂ 'ਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਤੇਲੰਗਾਨਾ ਘਟਨਾ ਸਣੇ ਸਭ ਅਹਿਮ ਮੁੱਦਿਆਂ 'ਤੇ ਦੋਵਾਂ ਆਗੂਆਂ ਦੀ ਇਕੋ ਸਹਿਮਤੀ ਦੇਖਣ ਨੂੰ ਮਿਲੀ। ਸ੍ਰੀ ਬਘੇਲ ਨੇ ਕਿਹਾ ਕਿ ਦੇਸ਼ ਦੇ ਲੋਕ ਨਿਆਂ ਵਿੱਚ ਦੇਰੀ ਤੋਂ ਅੱਕ ਚੁੱਕੇ ਹਨ ਅਤੇ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ਹੈ।

ਆਪਣੀ ਪ੍ਰਚੱਲਿਤ ਸ਼ੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕੌਮੀ ਨਾਗਰਿਕਤਾ ਰਜਿਸਟਰ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਇਹ ਭਾਰਤ ਦੀ ਲੋਕਤੰਤਰੀ ਭਾਵਨਾ ਦੇ ਖਿਲਾਫ ਜੋ ਕਿ ਇਕ ਆਜ਼ਾਦ ਮੁਲਕ ਹੈ। ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਕੇਂਦਰ ਦੇ ਕਾਨੂੰਨ ਬਣਾਉਣ ਤੋਂ ਬਾਅਦ ਇਸ ਸਮੱਸਿਆ ਨਾਲ ਪੰਜਾਬ ਕਿਵੇਂ ਟਾਕਰਾ ਕਰੇਗਾ ਤਾਂ ਉਨਾਂ ਕਿਹਾ, ''ਪ੍ਰਸਤਾਵਿਤ ਨਾਗਰਿਕਤਾ ਸੋਧ ਬਿੱਲ ਨੂੰ ਸੰਸਦ ਵੱਲੋਂ ਪਾਸ ਹੋਣ 'ਤੇ ਸਾਡੀ ਵਿਧਾਨ ਸਭਾ ਵਿੱਚ ਆਉਣ ਦਿਓ, ਉਥੇ ਸਾਡੇ ਕੋਲ ਦੋ-ਤਿਹਾਈ ਬਹੁਮਤ ਹੈ।'' ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀ ਬਘੇਲ ਦੋਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕੌਮੀ ਨਾਗਰਿਕਤਾ ਰਜਿਸਟਰ ਦਾ ਵਿਰੋਧ ਕਰਦੀ ਹੈ ਜਿਹੜਾ ਕਿ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰਨ ਵਾਸਤੇ ਹਥਿਆਰ ਵਜੋਂ ਵਰਤਿਆ ਜਾ ਰਿਹਾ।

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੀ ਹੋਵੇਗਾ ਜੇ ਬੰਗਲਾਦੇਸ਼ ਅਸਾਮ ਵਿੱਚੋਂ ਕੱਢੇ ਜਾਣ ਵਾਲੇ ਲੋਕਾਂ ਨੂੰ ਲੈਣ ਤੋਂ ਇਨਕਾਰ ਕਰ ਦੇਵੇ? ਉਨਾਂ ਕਿਹਾ ਕਿ ਕੇਂਦਰ ਅਜਿਹੇ ਅਹਿਮ ਮੁੱਦਿਆਂ ਉਤੇ ਇਕਪਾਸੜ ਫੈਸਲੇ ਨਹੀਂ ਲੈ ਸਕਦਾ। ਅਜਿਹਾ ਫੈਸਲਾ ਕਈ ਦਿੱਕਤਾਂ ਖੜੀਆਂ ਕਰ ਦੇਵੇਗਾ। ਉਨਾਂ ਕਿਹਾ, ''ਕੀ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਨੂੰ ਅਸੀਂ ਦੇਸ਼ ਆਉਣ ਤੋਂ ਰੋਕ ਸਕਦੇ ਹਾਂ ਜੇ ਉਹ ਵਾਪਸ ਦੇਸ਼ ਪਰਤਣ ਦੀ ਇੱਛਾ ਰੱਖਣ?'' ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਂਰਾਸ਼ਟਰ ਤੇ ਹਰਿਆਣਾ ਦੇ ਚੋਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਦਾ ਰਾਸ਼ਟਰਵਾਦ ਦਾ ਏਜੰਡਾ ਹੁਣ ਚੋਣਾਂ ਵਿੱਚ ਨਹੀਂ ਚੱਲੇਗਾ। ਉਨਾਂ ਕਿਹਾ ਕਿ ਹਰ ਭਾਰਤੀ ਦਿਲ ਤੋਂ ਰਾਸ਼ਟਰਭਗਤ ਹੈ ਪਰ ਲੋਕ ਸਭ ਤੋਂ ਪਹਿਲਾਂ ਆਪਣੀਆਂ ਇੱਛਾਵਾਂ ਦੀ ਪੂਰਤੀ ਚਾਹੁੰਦੇ ਹਨ। 

ਉਨਾਂ ਕਿਹਾ ਕਿ ਐਨ.ਡੀ.ਏ. ਸਰਕਾਰ ਦੇ ਕਾਰਜਕਾਲ ਤੋਂ ਬਾਅਦ ਤਾਜ਼ਾ ਚੋਣ ਨਤੀਜਿਆਂ ਨੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ 'ਬਦਲਾਅ ਦੀ ਹਵਾ' ਚੱਲ ਰਹੀ ਹੈ। ਉਨਾਂ ਕਿਹਾ ਕਿ ਇਸ ਸਮੇਂ ਇਹ ਗੱਲ ਅਹਿਮ ਹੈ ਕਿ ਕਿਸੇ ਵੀ ਪਾਰਟੀ ਦਾ ਸਰਕਾਰ ਵਿੱਚ ਬਣੇ ਰਹਿਣਾ ਉਸ ਦੇ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ। ਜੇ ਕੋਈ ਪਾਰਟੀ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਤਾਂ ਲੋਕ ਉਸ ਨੂੰ ਸੱਤਾ ਤੋਂ ਬਾਹਰ ਕਰ ਦਿੰਦੇ ਹਨ। ਉਨਾਂ ਅਕਾਲੀ ਦਲ ਦੇ ਚੋਣਾਂ ਵਿਚਲੇ ਪ੍ਰਦਰਸ਼ਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਦਾ ਸਫਾਇਆ ਹੋ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਸ਼ਟਰਵਾਦ ਦੀ ਗੱਲ ਪਾਕਿਸਤਾਨ ਦੇ ਖਤਰੇ ਖਾਸ ਕਰ ਕੇ ਆਪਣੇ ਸੂਬੇ ਦੇ ਸੰਦਰਭ ਵਿੱਚ ਕਰਦੇ ਹਨ। ਛਤੀਸਗੜ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਰਾਸ਼ਟਰਵਾਦ ਦਾ ਨਾਅਰਾ ਗਾਂਧੀ ਤੋਂ ਨਹੀਂ ਬਲਕਿ ਹਿਟਲਰ ਤੋਂ ਪ੍ਰਭਾਵਿਤ ਹੈ। 

ਸ੍ਰੀ ਬਘੇਲ ਨੇ ਕਿਹਾ ਕਿ ਭਾਜਪਾ ਨੇ ਪੁਲਵਾਮਾ ਮਾਮਲੇ 'ਤੇ ਇਕ ਵਾਰ ਤਾਂ ਸਿਆਸਤ ਕਰ ਕੇ ਚੋਣਾਂ ਵਿੱਚ ਸਫਲਤਾ ਹਾਸਲ ਕਰ ਲਈ ਪਰ ਦੁਬਾਰਾ ਇਸ ਨੂੰ ਮਹਾਂਰਾਸ਼ਟਰ ਤੇ ਹਰਿਆਣਾ ਵਿੱਚ ਅਜਿਹੇ ਨਤੀਜੇ ਨਹੀਂ ਮਿਲ ਸਕੇ। ਦੋਵੇਂ ਮੁੱਖ ਮੰਤਰੀ ਇਸ ਗੱਲ ਲਈ ਦ੍ਰਿੜ ਜਾਪੇ ਕਿ ਆਗਾਮੀ ਝਾਰਖੰਡ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਸ਼ ਵਿੱਚ ਬਦਲਾਅ ਆਵੇਗਾ। ਸ੍ਰੀ ਬਘੇਲ ਨੇ ਕਿਹਾ ਕਿ ਬਦਲਾਅ ਦਾ ਚੱਲ ਰਿਹਾ ਸਮਾਂ ਇਸ ਤੋਂ ਬਾਅਦ ਹੋਰ ਤੇਜ਼ੀ ਫੜੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਦਲਾਅ ਲੋਕਤੰਤਰ ਦਾ ਹਿੱਸਾ ਹੈ ਅਤੇ ਭਾਜਪਾ ਦਾ ਵੋਟ ਫੀਸਦੀ ਪਿਛਲੇ ਕੁਝ ਮਹੀਨਿਆਂ ਵਿੱਚ ਵੱਡੇ ਪੱਧਰ 'ਤੇ ਘਟਿਆ ਹੈ ਜੋ ਕਿ ਸਿੱਧ ਕਰਦਾ ਹੈ ਕਿ ਤਬਦੀਲੀ ਸ਼ੁਰੂ ਹੋ ਗਈ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਕਿਸੇ ਵੀ ਪਛਾਣ ਸੰਕਟ ਹੋਣ ਦੀ ਗੱਲ ਨੂੰ ਇਨਕਾਰ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਦੇ ਅੰਤ੍ਰਿਮ ਪ੍ਰਧਾਨ ਤੋਂ ਬਾਅਦ ਪਾਰਟੀ ਦਾ ਪ੍ਰਦਰਸ਼ਨ ਸੁਧਰਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਲੋਕਾਂ ਦਾ ਹਾਲੇ ਵੀ ਇੰਡੀਅਨ ਨੈਸ਼ਨਲ ਕਾਂਗਰਸ ਵੱਲ ਵਿਸ਼ਵਾਸ ਹੈ। 'ਕਾਂਗਰਸ ਦੀ ਅਗਵਾਈ ਲਈ ਕੌਣ ਸਰਵੋਤਮ ਆਗੂ ਹੈ?' ਸਵਾਲ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਕਾਂਗਰਸ ਵਰਕਿੰਗ ਕਮੇਟੀ ਨੇ ਕਰਨਾ ਹੈ ਅਤੇ ਉਹ ਆਪਣੇ ਵਿਚਾਰ ਉਥੇ ਸਾਂਝੇ ਕਰਨਗੇ ਜਦੋਂ ਪੁੱਛਿਆ ਜਾਵੇਗਾ। ਬਦਲੇ ਦੀ ਰਾਜਨੀਤੀ ਦੇ ਮੁੱਦੇ 'ਤੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ 'ਸਭ ਪਾਰਟੀਆਂ ਵਿੱਚ ਨਹੀਂ ਹੁੰਦਾ'। ਉਨਾਂ ਆਪਣੇ ਸੂਬੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਿੱਥੇ ਵੀ ਕੁਝ ਗਲਤ ਹੋਇਆ ਹੈ, ਉਨਾਂ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜੀ.ਐਸ.ਟੀ. ਮੁੱਦੇ 'ਤੇ ਦੋਵੇਂ ਮੁੱਖ ਮੰਤਰੀਆਂ ਨੇ ਗੰਭੀਰ ਹੁੰਦਿਆਂ ਕੇਂਦਰ ਵੱਲੋਂ ਸੂਬਿਆਂ ਨੂੰ ਜੀ.ਐਸ.ਟੀ. ਦਾ ਹਿੱਸਾ ਭੇਜਣ ਵਿੱਚ ਦੇਰੀ ਉਤੇ ਨਾਰਾਜ਼ਗੀ ਜ਼ਾਹਰ ਕੀਤੀ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਉਧਾਰ ਦੇ ਪੈਸੇ ਨਾਲ ਗੁਜ਼ਾਰਾ ਨਹੀਂ ਕਰ ਸਕਦਾ ਅਤੇ ਇਹ ਕੇਂਦਰੀ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੂਬਿਆਂ ਨੂੰ ਉਨਾਂ ਦਾ ਹਿੱਸਾ ਦਿੱਤਾ ਜਾਵੇ ਕਿਉਂਕਿ ਸਾਰੀਆਂ ਵਿੱਤੀ ਸ਼ਕਤੀਆਂ ਹੁਣ ਕੇਂਦਰ ਕੋਲ ਹੈ ਅਤੇ ਸੂਬਿਆਂ ਕੋਈ ਆਮਦਨ ਦੇ ਸਾਧਨ ਨਹੀਂ ਹਨ। ਵਿੱਤ ਮੰਤਰੀ ਦੇ ਇਹ ਦਾਅਵੇ ਕਿ ਸੂਬਿਆਂ ਨੂੰ ਉਗਰਾਹੀ ਪੂਰੀ ਨਾ ਹੋਣ ਕਰਕੇ ਭੁਗਤਾਨ ਨਹੀਂ ਕਰਦੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਅਸੀਂ ਕੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਾਂ।' ਛਤੀਸਗੜ ਦੇ ਉਨਾਂ ਦੇ ਹਮਰੁਤਬਾ ਨੇ ਕਿਹਾ, ''ਉਹ ਪਿਆਜ਼ ਨੂੰ ਨਹੀਂ ਸਮਝ ਸਕਦੀ ਤਾਂ ਜੀ.ਐਸ.ਟੀ. ਤੇ ਅਰਥ ਵਿਵਸਥਾ ਨੂੰ ਕੀ ਸਮਝੇਗੀ।'' 

ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੋਣ ਦੇ ਦੋਸ਼ਾਂ 'ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਦਿੱਲੀ ਵਿੱਚ ਧੂੰਏ ਕਾਰਨ ਚੰਡੀਗੜ ਤੋਂ ਦਿੱਲੀ ਲਈ ਹੈਲੀਕਾਪਟਰ ਰਾਹੀਂ ਉਡਾਣ ਨਹੀਂ ਭਰ ਸਕੇ ਜਦੋਂ ਕਿ ਪੰਜਾਬ ਵਿੱਚ ਵਧੀਆ ਅਤੇ ਧੁੱਪ ਵਾਲਾ ਦਿਨ ਸੀ। ਉਨਾਂ ਕਿਹਾ, ''ਦਿੱਲੀ ਵਿੱਚ ਇਹ ਪ੍ਰਦੂਸ਼ਣ ਕਿੱਥੋਂ ਆਇਆ। ਹੁਣ ਤਾਂ ਪੰਜਾਬ ਵਿੱਚ ਪਰਾਲੀ ਸਾੜਨ ਦਾ ਸਮਾਂ ਵੀ ਲੰਘ ਗਿਆ।'' ਪੰਜਾਬ ਦੇ ਮੁੱਖ ਮੰਤਰੀ ਨੇ ਇਹ ਮੰਗ ਮੁੜ ਦੁਹਰਾਈ ਕਿ ਕੇਂਦਰ ਨੂੰ ਫਸਲੀ ਵਿਭਿੰਨਤਾ ਅਤੇ ਹੋਰ ਤਰੀਕਿਆਂ ਰਾਹੀਂ ਕਿਸਾਨਾਂ ਦੀ ਸਹਾਇਤਾ ਵਾਸਤੇ ਪਰਾਲੀ ਦੇ ਲੰਬੇ ਸਮੇਂ ਦੇ ਪ੍ਰਬੰਧਨ ਲਈ ਫੰਡ ਮੁਹੱਈਆ ਕਰਵਾਉਣੇ ਚਾਹੀਦੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.