Breaking News :

ਕੋਰੋਨਾ ਦੀ ਸਟੇਜ-2 'ਤੇ ਹੈ ਪੰਜਾਬ : ਕੈਪਟਨ

ਕੋਰੋਨਾ ਦੀ ਸਟੇਜ-2 'ਤੇ ਹੈ ਪੰਜਾਬ : ਕੈਪਟਨ

ਚੰਡੀਗੜ੍ਹ (Nri Media) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਚਾਰ ਪੜਾਵਾਂ ਵਿੱਚ ਵਿਵਸਥਾ ਕਰਨ ਦੀ ਯੋਜਨਾ ਬਣਾਈ ਹੈ, ਜਿਸ ਤਹਿਤ ਪਹਿਲੇ ਪੜਾਅ ਵਿੱਚ 2,000 ਮਰੀਜ਼, ਉਸ ਤੋਂ ਬਾਅਦ 10,000 ਮਰੀਜ਼ਾਂ, 30,000 ਮਰੀਜ਼ਾਂ ਅਤੇ ਇਕ ਲੱਖ ਮਰੀਜ਼ਾਂ ਨੂੰ ਏਕਾਂਤਵਾਸ ਅਤੇ ਇਲਾਜ ਦੀ ਲੋੜ ਹੈ। 

ਕੈਪਟਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਟੇਜ-2 'ਤੇ ਪਹੁੰਚ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਵੇਲੇ ਵੈਂਟੀਲੇਟਰ, ਮਾਸਕ ਆਦਿ ਸਾਮਾਨ ਲੋੜੀਂਦੀ ਮਾਤਰਾ ਵਿੱਚ ਮੌਜੂਦ ਹੈ ਅਤੇ ਹੋਰ ਲਈ ਆਰਡਰ ਦਿੱਤੇ ਗਏ ਅਤੇ ਆਉਂਦੇ ਕੁਝ ਦਿਨਾਂ ਵਿੱਚ ਇਹ ਉਪਕਰਨ ਆਉਣੇ ਸ਼ੁਰੂ ਹੋ ਜਾਣਗੇ। ਪੀ.ਪੀ.ਈ. ਕਿੱਟਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਕਿੱਟਾਂ ਬਣਾਉਣ ਲਈ ਲੁਧਿਆਣਾ ਦੇ ਦੋ ਮੈਨੂਫੈਕਚਰਿੰਗ ਯੂਨਿਟਾਂ ਨੂੰ ਮਨਜ਼ੂਰੀ ਮਿਲਣ ਨਾਲ ਸਮੋਵਾਰ ਤੋਂ ਰੋਜ਼ਾਨਾ 5000 ਕਿੱਟਾਂ ਦੇਣੀਆਂ ਸ਼ੁਰੂ ਕਰਨਗੇ ਅਤੇ ਭਾਰਤ ਸਰਕਾਰ ਰਾਹੀਂ ਜਾਂ ਸਿੱਧੇ ਤੌਰ ’ਤੇ ਹੋਰਨਾਂ ਸੂਬਿਆਂ ਨੂੰ ਭੇਜ ਸਕਣਗੇ। 

ਮੈਡੀਕਲ ਸਟਾਫ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸੇਵਾ-ਮੁਕਤ ਡਾਕਟਰ ਨਾਲ ਜੁੜੇ ਹਨ, ਜਿਨ੍ਹਾਂ ਨੂੰ ਮਦਦ ਲਈ ਤਿਆਰ ਰੱਖਿਆ ਗਿਆ ਹੈ।ਟੈਸਟਿੰਗ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਮੰਨਿਆ ਕਿ ਸੂਬੇ ਦੀ 2.8 ਕਰੋੜ ਦੀ ਆਬਾਦੀ ਦੇ ਮੁਕਾਬਲੇ ਹੁਣ ਤੱਕ ਕੀਤੇ 2877 ਟੈਸਟ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਕਿ ਟੈਸਟਿੰਗ ਵਿੱਚ ਮੁਸ਼ਕਲ ਆਈ ਕਿਉਂਕਿ ਪੀ.ਜੀ.ਆਈ. ਚੰਡੀਗੜ੍ਹ ਸਮੇਤ ਪੰਜਾਬ ਵਿੱਚ ਸਿਰਫ ਦੋ ਹਸਪਤਾਲਾਂ ਵਿੱਚ ਟੈਸਟ ਦੀ ਇਜਾਜ਼ਤ ਦਿੱਤੀ ਗਈ ਪਰ ਇਕ ਦੋ ਪ੍ਰਾਈਵੇਟਾਂ ਲੈਬ ਸਮੇਤ ਇਕ ਹੋਰ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 25,000 ਰੈਪਿਡ ਟੈਸਟਿੰਗ ਕਿੱਟਾਂ ਦੇ ਵੀ ਪਹੁੰਚਣ ਦੀ ਉਮੀਦ ਹੈ ਜਿਸ ਨਾਲ ਸੋਮਵਾਰ ਤੋਂ ਵੱਧ ਪ੍ਰਭਾਵਿਤ ਥਾਵਾਂ (ਹੌਟਸਪੌਟ) ਵਿੱਚ ਜਨਤਕ ਟੈਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਹੋਰ ਵਧੇਰੇ ਸਰਗਰਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਬੇਤਰਤੀਬੀ ਟੈਸਟਿੰਗ (ਰੈਂਡਮ ਟੈਸਟਿੰਗ) ਕੀਤੀ ਜਾਵੇਗੀ।ਪੰਜਾਬ ਵਿੱਚ ਕੋਰੋਨਾ ਦੇ ਫੈਲਾਅ ਵਿੱਚ ਤਬਲੀਗੀ ਜਮਾਤ ਦੇ ਯੋਗਦਾਨ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਉਨਾਂ ਦੀ ਸਰਕਾਰ ਨੇ 651 ਵਿਅਕਤੀਆਂ ਦੀ ਸੂਚੀ ਹਾਸਲ ਕੀਤੀ ਜੋ ਸੂਬੇ ਵਿੱਚ ਆਏ ਸਨ ਅਤੇ ਇਨ੍ਹਾਂ ਵਿੱਚੋਂ ਹੁਣ ਤੱਕ 636 ਵਿਅਕਤੀਆਂ ਨੂੰ ਲੱਭਿਆ ਜਾ ਚੁੱਕਾ ਹੈ ਅਤੇ 27 ਦੇ ਟੈਸਟ ਪੌਜ਼ੀਟਿਵ ਆਏ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.