• Wednesday, August 21

Breaking News :

24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਰਾਜ ਪੱਧਰੀ ਅੰਡਰ-25 ਔਰਤਾਂ ਦੀਆਂ ਖੇਡਾਂ ਦੀ ਮੇਜ਼ਬਾਨੀ ਕਰੇਗਾ ਮਾਨਸਾ

2 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) :


ਮੀਡਿਆ ਡੈਸਕ, ਕਪੂਰਥਲਾ, (ਇੰਦਰਜੀਤ ਸਿੰਘ ਚਾਹਲ ) : 24 ਤੋਂ 27 ਮਾਰਚ 2019 ਤੱਕ ਹੋਣ ਵਾਲੀਆਂ ਰਾਜ ਪੱਧਰੀ ਅੰਡਰ-25 ਔਰਤਾਂ ਦੀਆਂ ਖੇਡਾਂ ਦੀ ਮੇਜ਼ਬਾਨੀ ਇਸ ਵਾਰ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਕੀਤੀ ਜਾਵੇਗੀ, ਜਿਸ ਵਿੱਚ 22 ਜ਼ਿਲ੍ਹਿਆਂ ਦੀਆਂ 2400 ਔਰਤਾਂ ਅਤੇ 400 ਕੋਚਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਸ ਰਾਜ ਪੱਧਰੀ ਟੁਰਨਾਮੈਂਟ ਵਿੱਚ ਮਾਨਸਾ ਵਿਖੇ 12 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਅਤੇ ਐਸ.ਐਸ.ਪੀ. ਮਾਨਸਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਖੇਡਾਂ ਸਬੰਧੀ ਪੋਸਟਰ ਅਤੇ ਟਰੈਕ ਸੂਟ ਜਾਰੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਸਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਜਿਹੇ ਇੱਕ ਵੱਡੇ ਪੱਧਰ 'ਤੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਦਾ ਸਰਕਾਰ ਦਾ ਉਦੇਸ਼ ਬੇਟੀ ਬਚਾਓ ਬੇਟੀ ਪੜਾਓ ਅਧੀਨ ਔਰਤਾਂ ਨੂੰ ਉਪਰ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਤੋਂ ਹੀ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵੱਲ ਵੱਧਦੇ ਹਨ। ਉਨ੍ਹਾਂ ਮਾਨਸਾ ਅਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾ ਖੇਡਾਂ ਵਿੱਚ ਭਾਗੀਦਾਰੀ ਕਰਨ ਅਤੇ ਇਨ੍ਹਾਂ ਖੇਡਾਂ ਦਾ ਆਨੰਦ ਮਾਣਨ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਬਹੁਤ ਹੀ ਜ਼ੋਰਦਾਰ ਅਤੇ ਜੋਸ਼ੋ ਖਰੋਸ਼ ਨਾਲ ਕੀਤਾ ਜਾਵੇਗਾ, ਜਿਸ ਵਿੱਚ ਸਭਿਆਚਾਰਕ ਵੰਨਗੀਆਂ, ਸਟਾਰ ਨਾਈਟਸ, ਮਾਰਚ ਪਾਸਟ ਅਤੇ ਪ੍ਰੋਫੈਸ਼ਨਲ ਬਾਕਸਿੰਗ ਨਾਇਟ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਦ ਪ੍ਰੋਜੈਕਟ ਰਾਗ ਲਾਈਵ ਬੈਂਡ ਵੱਲੋਂ ਦਰਸ਼ਕਾਂ ਨੂੰ ਆਪਣੀ ਕਲਾਕਾਰੀ ਰਾਹੀਂ ਰੋਮਾਂਚਿਤ ਕੀਤਾ ਜਾਵੇਗਾ।

ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਵਿੱਚ 12 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬੈਡਮਿੰਟਨ ਦੇ ਮੁਕਾਬਲੇ ਨਹਿਰੂ ਮੈਮੋਰੀਅਲ ਕਾਲਜ, ਬਾਸਕਟਬਾਲ ਦੇ ਸੇਂਟ ਜ਼ੇਵੀਅਰ ਸਕੂਲ ਅਤੇ ਸਰਕਾਰੀ ਸਕੂਲ ਮਾਨਸਾ ਖੁਰਦ, ਬਾਕਸਿੰਗ ਦੇ ਨਹਿਰੂ ਮੈਮੋਰੀਅਲ ਕਾਲਜ, ਫੁੱਟਬਾਲ ਦੇ ਮੁਕਾਬਲੇ ਖਾਲਸਾ ਸਕੂਲ ਅਤੇ ਗਾਂਧੀ ਸਕੂਲ, ਹੈਂਡਬਾਲ ਦੇ ਮੁਕਾਬਲੇ ਖਾਲਸਾ ਸਕੂਲ, ਜੁਡੋ ਨਹਿਰੂ ਮੈਮਰੀਅਲ ਕਾਲਜ, ਕਬੱਡੀ ਦੇ ਮੁਕਾਬਲੇ ਨਹਿਰੂ ਮੈਮੋਰੀਅਲ, ਖੋ-ਖੋ ਨਹਿਰੂ ਮੈਮੋਰੀਅਲ, ਟੇਬਲ ਟੈਨਿਸ ਦੇ ਨਹਿਰੂ ਮੈਮੋਰੀਅਲ ਕਾਲਜ, ਵਾਲੀਬਾਲ ਦੇ ਗਾਂਧੀ ਸਕੂਲ, ਵੇਟ ਲਿਫਟਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਨਹਿਰੂ ਮੈਮਰੀਅਲ ਕਾਲਜ ਵਿਖੇ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਸਾਰੇ ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਮਾਤਾ ਸੁੰਦਰੀ ਗਰਲਜ਼ ਕਾਲਜ ਅਤੇ ਆਰਿਆ ਸਕੂਲ ਮਾਨਸਾ ਵਿਖੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਲਈ ਖਾਣਾ ਅਤੇ ਖੇਡਾਂ ਵਾਲੇ ਸਥਾਨ 'ਤੇ ਜਾਣ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਖਿਡਾਰੀਆਂ ਲਈ ਸਿਹਤ ਸੇਵਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਢੱਚਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ, ਸਿਵਲ ਸਰਜਨ ਸ਼੍ਰੀ ਲਾਲ ਚੰਦ ਠਕਰਾਲ ਅਤੇ ਚੇਅਰਮੈਨ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜਿਜ਼ ਡਾ. ਸੋਮ ਨਾਥ ਮਹਿਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.