• Friday, July 19

ਖਹਿਰਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ

16 ਮਾਰਚ, ਚੰਡੀਗੜ, ਇੰਦਰਜੀਤ ਸਿੰਘ ਚਾਹਲ : 

ਚੰਡੀਗੜ : ਪੰਜਾਬ ਜਮਹੂਰੀ ਗਠਜੋੜ ਨੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਹੈ। ਗਠਜੋੜ ਦੇ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਖਹਿਰਾ ਵੱਲੋਂ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਖਹਿਰਾ ਰਵਾਇਤੀ ਪਾਰਟੀਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਖ਼ਿਲਾਫ਼ ਜੂਝਣ ਵਾਸਤੇ ਜਾਣੇ ਜਾਂਦੇ ਹਨ।ਇਸ ਮੌਕੇ ਖਹਿਰਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਮਨਪ੍ਰਰੀਤ ਸਿੰਘ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ, ਨਸ਼ੇ ਦਾ ਕੋਹੜ, ਬੇਰੁਜ਼ਗਾਰੀ, ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਸਨਅੱਤ ਨਾਲ ਕੀਤੇ ਜਾ ਰਹੇ ਪੱਖਪਾਤ ਆਦਿ ਮੁੱਦਿਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਜਾਣਗੇ।


ਇਕ ਸਵਾਲ ਦੇ ਜਵਾਬ ਵਿਚ ਖਹਿਰਾ ਨੇ ਕਿਹਾ ਕਿ ਉਹ ਬਠਿੰਡੇ ਤੋਂ ਹੀ ਚੋਣ ਲੜਨਗੇ ਜੇਕਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜਨਗੇ ਤਾਂ ਉੱਥੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਚੋਣ ਲੜ ਸਕਦੇ ਹਨ। ਖਹਿਰਾ ਨੇ ਕਿਹਾ ਪੰਜਾਬ ਦੀ ਮੌਜੂਦਾ ਹਾਲਾਤ ਲਈ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਖਹਿਰਾ ਨੇ ਕੈਪਟਨ ਸਰਕਾਰ ਦੇ ਦੋ ਸਾਲਾਂ ਨੂੰ ਲੋਕਾਂ ਨਾਲ ਧੋਖਾ ਦੱਸਦਿਆਂ ਕਿਹਾ ਕਿ ਦੋ ਸਾਲਾਂ ਵਿਚ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਪਹਿਲਾਂ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਰੇਤ ਦੀਆਂ ਖੱਡਾਂ ਵਿਚ ਨਾਂ ਵੱਜਣ ਕਾਰਨ ਅਸਤੀਫ਼ਾ ਦੇਣਾ ਪਿਆ ਸੀ, ਹੁਣ ਲੁਧਿਆਣਾ ਤੋਂ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇਕ ਵੱਡੇ ਕਾਰੋਬਾਰ ਵਿਚ ਬੇਨਾਮੀ ਦਾ ਹਿੱਸਾ ਸਾਹਮਣੇ ਆ ਰਿਹਾ ਹੈ ਅਤੇ ਮੁੱਖ ਮੰਤਰੀ ਜਾਂਚ ਤੋਂ ਭੱਜ ਰਹੇ ਹਨ। ਖਹਿਰਾ ਨੇ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰਰੀਤ ਸਿੰਘ ਬਾਦਲ ਦੋਵਾਂ ਨੂੰ ਚੁਣੌਤੀ ਦਿੱਤੀ ਕਿ ਪੰਜਾਬ ਅਤੇ ਬਠਿੰਡਾ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਆਪਣੀ ਪਸੰਦ ਦੇ ਸਥਾਨ ਅਤੇ ਸਮੇਂ 'ਤੇ ਖੁੱਲ੍ਹੀ ਜਨਤਕ ਬਹਿਸ ਕਰ ਲੈਣ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਆਗੂ ਬਹਿਸ ਤੋਂ ਭੱਜਦੇ ਹਨ ਤਾਂ ਮੰਨਿਆ ਜਾਵੇਗਾ ਕਿ ਵਿਕਾਸ ਦਾ ਦਾਅਵਾ ਕਰਨ ਵਾਲੇ ਆਗੂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਹਨ। ਇਸ ਮੌਕੇ 'ਤੇ ਆਪ ਤੋ ਬਾਗ਼ੀ ਹੋਏ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਤੇ ਨਾਜ਼ਰ ਸਿੰਘ ਮਾਨਸ਼ਾਹੀਆਂ ਹਾਜ਼ਰ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.