ਬਾਦਲਾਂ ਅਤੇ SGPC ਸਪੋਂਸਰ ਜਥੇਦਾਰ ਆਪਣੀ ਜਿੰਮੇਵਾਰੀ ਤੋਂ ਭੱਜ ਚੁੱਕੇ : ਸੁਖਪਾਲ ਸਿੰਘ ਖਹਿਰਾ

ਬਾਦਲਾਂ ਅਤੇ SGPC ਸਪੋਂਸਰ ਜਥੇਦਾਰ ਆਪਣੀ ਜਿੰਮੇਵਾਰੀ ਤੋਂ ਭੱਜ ਚੁੱਕੇ : ਸੁਖਪਾਲ ਸਿੰਘ ਖਹਿਰਾ

ਬਹਿਬਲ ਕਲਾਂ (ਇੰਦਰਜੀਤ ਸਿੰਘ) : ਸਾਡੀ ਸਾਰੇ ਇਨਸਾਫ ਪਸੰਦ ਪੰਜਾਬੀਆਂ ਨੂੰ ਅਪੀਲ ਹੈ ਕਿ ਬਰਗਾੜੀ ਦੇ ਮਾਮਲੇ ਵਿੱਚ ਇਨਸਾਫ ਤੋਂ ਸਰਕਾਰਾਂ ਦੇ ਜਾਣ ਬੁੱਝ ਕੇ ਇਨਕਾਰੀ ਹੋਣ ਖਿਲਾਫ 14 ਅਕਤੂਬਰ ਨੂੰ ਕਾਲੇ ਦਿਹਾੜੇ ਵਜੋ ਮਨਾਇਆ ਜਾਵੇ। ਸਾਡੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਅਪੀਲ ਕਿ ਉਹ ਅੱਗੇ ਆਉਣ ਅਤੇ ਮੁਸ਼ਕਿਲ ਸਮੇਂ ਵਿੱਚ ਕੋਮ ਦੀ ਅਗਵਾਈ ਕਰਨ ਕਿਉਂਕਿ ਬਾਦਲਾਂ ਅਤੇ ਐਸ.ਜੀ.ਪੀ.ਸੀ ਸਪੋਂਸਰ ਜਥੇਦਾਰ ਆਪਣੀ ਜਿੰਮੇਵਾਰੀ ਤੋਂ ਭੱਜ ਚੁੱਕੇ ਹਨ। ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਭਾਈ ਰਣਜੀਤ ਸਿੰਘ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੰਜਾਬੀਆਂ ਅਤੇ ਵਿਸ਼ਵ ਭਰ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਕਿ ਸਰਕਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿੰਮੇਵਾਰ ਲੋਕਾਂ ਨੂੰ ਸਜਾ ਦੇਣ ਵਿੱਚ ਅਸਫਲ ਰਹਿਣ ਅਤੇ ਬਹਿਬਲ ਤੇ ਕੋਟਕਪੂਰਾ ਫਾਇਰਿੰਗ ਦੇ ਪੀੜਤਾਂ ਨੂੰ ਜਾਣ ਬੁੱਝ ਕੇ ਇਨਸਾਫ ਤੋਂ ਇਨਕਾਰੀ ਹੋਣ ਖਿਲਾਫ ਆਪਣਾ ਰੋਸ ਜਾਹਿਰ ਕਰਨ ਲਈ 14 ਅਕਤੂਬਰ ਨੂੰ ਕਾਲੇ ਦਿਹਾੜੇ ਵਜੋਂ ਮਨਾਉਣ ਵਾਸਤੇ ਬਰਗਾੜੀ ਵਿਖੇ ਇਕੱਠੇ ਹੋਣ।

ਖਹਿਰਾ ਨੇ ਕਿਹਾ ਕਿ ਇਹ ਤੱਥ ਹੈ ਕਿ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਰ ਬਾਰ ਹੋਈ ਬੇਅਦਬੀ ਬਾਦਲ ਸਰਕਾਰ ਦੀ ਸਹਿਮਤੀ ਅਤੇ ਸ਼ਹਿ ਦਾ ਨਤੀਜਾ ਸੀ ਜਿਸ ਕਾਰਨ ਕੋਟਕਪੂਰਾ ਅਤੇ ਬਹਿਬਲ ਵਿਖੇ ਹੋਈ ਫਾਇਰਿੰਗ ਵਿੱਚ ਦੋ ਬੇਦੋਸ਼ੇ ਸਿੱਖਾਂ ਦੀਆਂ ਜਾਨਾਂ ਗਈਆਂ ਸਨ। ਖਹਿਰਾ ਨੇ ਕਿਹਾ ਕਿ ਬੇਅਦਬੀ ਦੇ ਇਹ ਕਾਰੇ ਕਦੇ ਵੀ ਪੰਜਾਬ ਦੀ ਧਰਤੀ ਉੱਪਰ ਨਹੀਂ ਵਾਪਰ ਸਕਦੇ ਸਨ ਜੇਕਰ ਬਾਦਲਾਂ ਨੇ ਸੋੜੇ ਸਿਆਸੀ ਲਾਹੇ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਦੇ ਸੈਸ਼ਨ ਕੋਰਟ ਵਿੱਚ ਡੇਰਾ ਸੱਚਾ ਸੋਦਾ ਦੇ ਮੁੱਖੀ ਖਿਲਾਫ ਮਾਮਲੇ ਨੂੰ ਕੈਂਸਿਲ ਕਰਵਾਕੇ ਉਸ ਨਾਲ ਸਮਝੋਤਾ ਨਾ ਕੀਤਾ ਹੁੰਦਾ। ਖਹਿਰਾ ਨੇ ਕਿਹਾ ਕਿ ਇਸ ਉਪਰੰਤ ਬਾਦਲਾਂ ਨੇ ਜਾਣ ਬੁੱਝ ਕੇ ਸਾਰੇ ਦੋਸ਼ੀਆਂ ਨੂੰ ਬਚਾਇਆ ਚਾਹੇ ਇਹ ਬੇਅਦਬੀ ਦੇ ਦੋਸ਼ੀ ਹੋਣ ਜਾਂ ਉਹ ਸਾਰੇ ਦੋਸ਼ੀ ਪੁਲਿਸ ਅਫਸਰ ਜਿਹਨਾਂ ਨੇ ਬਹਿਬਲ ਕਲਾਂ ਵਿਖੇ ਬੇਰਹਮੀ ਨਾਲ ਲਾਠੀਚਾਰਜ ਕੀਤਾ ਅਤੇ ਇਸ ਉਪਰੰਤ ਗੋਲੀ ਚਲਾਕੇ ਬੇਦੋਸ਼ੇ ਮਾਰੇ। ਉਹਨਾਂ ਕਿਹਾ ਕਿ ਇਨਸਾਫ ਦੀ ਮੰਗ ਕਰਨ ਵਾਲੀਆਂ ਸਾਰੀਆਂ ਅਵਾਜਾਂ ਦਬਾਉਣ ਲਈ ਬਾਦਲਾਂ ਨੇ ਹਰ ਹੀਲਾ ਵਰਤਿਆ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੋਰਾਨ ਬਰਗਾੜੀ ਮਾਮਲੇ ਵਿੱਚ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਬਦਕਿਸਮਤੀ ਨਾਲ ਆਪਣੇ ਸ਼ਾਸਨ ਦਾ ਅੱਧਾ ਹਿੱਸਾ ਨਿਕਲ ਜਾਣ ਅਤੇ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਵੱਡੀ ਪੜਤਾਲ ਅਤੇ ਹੁਣ ਐਸ.ਆਈ.ਟੀ ਦੀ ਲੰਬੀ ਜਾਂਚ  ਦੇ ਬਾਵਜੂਦ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਬਾਦਲਾਂ ਵਰਗੇ ਤਾਕਤਵਰ ਸਿਆਸਤਦਾਨਾਂ ਜਾਂ ਡੇਰਾ ਪ੍ਰੇਮੀਆਂ ਖਿਲਾਫ ਕਦਮ ਚੁੱਕਿਆ ਗਿਆ। ਉਲਟਾ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਬਾਦਲਾਂ ਦੀ ਭੂਮਿਕਾ ਅਪਨਾ ਕੇ ਦੋਸ਼ੀਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਐਡਵੋਕੇਟ ਜਨਰਲ ਅਤੇ ਲਾਅ ਅਫਸਰਾਂ ਦੀ ਫੋਜ ਨੇ ਵਰਦੀ ਵਿਚਲੇ ਕਾਤਿਲਾਂ ਨੂੰ ਹਾਈ ਕੋਰਟ ਸਮੇਤ ਹੋਰਨਾਂ ਅਦਾਲਤਾਂ ਤੋਂ ਅਗਾਊਂ ਜਮਾਨਤਾਂ ਅਤੇ ਰੈਗੂਲਰ ਜਮਾਨਤਾਂ ਲੈ ਕੇ ਬੱਚ ਨਿਕਲਣ ਦਿੱਤਾ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਤੋਂ ਪਿਛਲੇ ਬਾਦਲਾਂ ਨੇ ਦੇਰ ਨਾਲ ਮਿਲਿਆ ਇਨਸਾਫ, ਇਨਸਾਫ ਨਾ ਮਿਲਣ ਬਰਾਬਰ ਵਾਲੀ ਕਹਾਵਤ ਨੂੰ ਸਹੀ ਸਿੱਧ ਕੀਤਾ ਹੈ। ਖਹਿਰਾ ਨੇ ਕਿਹਾ ਕਿ ਇਹ ਹੋਰ ਵੀ ਦੁਖਦਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਆਂ ਦੀ ਧਰਤੀ ਉੱਪਰ ਹੀ ਇਨਸਾਫ ਤੋਂ ਇਨਕਾਰੀ ਹੋਇਆ ਜਾ ਰਿਹਾ ਹੈ ਜਿਥੇ ਉਹਨਾਂ ਨੇ ਬੇਇਨਸਾਫੀ ਖਿਲਾਫ ਲੜਦੇ ਹੋਏ ਮਨੁੱਖਤਾ ਵਾਸਤੇ ਆਪਣਾ ਖੂਨ ਵਹਾਇਆ। ਖਹਿਰਾ ਨੇ ਕਿਹਾ ਕਿ ਸਰਕਾਰਾਂ ਵਲੋਂ ਅਖੋਤੀ ਵਿਕਾਸ ਦੇ ਲਗਾਏ ਜਾਂਦੇ ਨਾਅਰੇ ਬੇਮਾਇਨੇ ਹਨ ਜੇਕਰ ਸਾਡੇ ਗੁਰੂ ਵਾਸਤੇ ਹੀ ਇਨਸਾਫ ਨਹੀਂ ਹੈ। ਖਹਿਰਾ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਉੱਪਰ ਖੂਬ ਵਰੇ ਜਿਹਨਾਂ ਨੇ ਕਿ ਅਨੇਕਾਂ ਕਮੀਸ਼ਨ, ਐਸ.ਆਈ.ਟੀ ਅਤੇ ਕੁਝ ਜਾਂਚ ਸੀ.ਬੀ.ਆਈ ਨੂੰ ਸੋਂਪ ਕੇ ਬੇਅਦਬੀ ਅਤੇ ਬਹਿਬਲ ਫਾਇਰਿੰਗ ਜਾਂਚ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਤਾਂ ਕਿ ਕੋਈ ਵੀ ਬਾਦਲਾਂ ਅਤੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ  ਵਰਗੇ ਤਾਕਤਵਰ ਲੋਕਾਂ ਨੂੰ ਦੋਸ਼ੀ ਨਾ ਠਹਿਰਾ ਸਕੇ।

ਭਾਈ ਸੁਖਰਾਜ ਸਿੰਘ ਨੇ ਵਿਸ਼ਵ ਭਰ ਵਿੱਚ ਵੱਸਦੀ ਸਮੁੱਚੀ ਸਿੱਖ ਕੋਮ ਨੂੰ ਅਪੀਲ ਕੀਤੀ ਕਿ ਇਨਸਾਫ ਵਾਸਤੇ ਉਹ ਫਿਰ ਇਕੱਠੇ ਹੋਣ ਅਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਭੋਗ ਵਿੱਚ ਸ਼ਾਮਿਲ ਹੋਣ ਅਤੇ ਇਨਸਾਫ ਤੋਂ ਇਨਕਾਰੀ ਹੋਣ ਖਿਲਾਫ ਰੋਸ ਜਾਹਿਰ ਕਰਨ ਲਈ ਕਾਲਾ ਦਿਵਸ ਮਨਾਉਣ ਵਾਸਤੇ ੧੪ ਅਕਤੂਬਰ ਨੂੰ ਬਰਗਾੜੀ ਪਹੁੰਚਣ। ਭਾਈ ਸੁਖਰਾਜ ਸਿੰਘ ਅਤੇ ਖਹਿਰਾ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੁਸ਼ਕਿਲ ਸਮੇਂ ਵਿੱਚ ਕੋਮ ਦੀ ਅਗਵਾਈ ਕਰਨ ਕਿਉਂਕਿ ਬਾਦਲਾਂ ਅਤੇ ਐਸ.ਜੀ.ਪੀ.ਸੀ ਸਪੋਂਸਰ ਜਥੇਦਾਰ ਆਪਣੀ ਜਿੰਮੇਵਾਰੀ ਤੋਂ ਭੱਜ ਚੁੱਕੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.