ਕਿਸਾਨ ਮੇਲੇ ਤੇ ਇਸ ਵਾਰ ਵੀ ਕਿਸਾਨਾਂ ਦੀ ਪਹਿਲੀ ਪਸੰਦ ਬਣਨਗੇ ਪੀਏਯੂ ਦੇ ਸੁਧਰੇ ਬੀਜ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਸੁਧਰੇ ਬੀਜ ਖੁਸਹਾਲ ਖੇਤੀ ਅਤੇ ਵਿਕਾਸ ਦਾ ਮੁੱਖ ਆਧਾਰ ਹਨ। ਕਿਸਾਨ ਵੀਰਾਂ ਨੂੰ ਫਸਲਾਂ ਦੀਆਂ ਉਨੱਤ ਕਿਸਮਾਂ ਦੇ ਬੀਜ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ (ਬੀਜ) ਡਾ. ਤਰਸੇਮ ਸਿੰਘ ਢਿੱਲੋਂ ਨੇ ਕੀਤਾ। ਉਨ੍ਹਾਂ ਕੱਲ ਤੋਂ ਸ਼ੁਰੂ ਹੋ ਰਹੇ ਪੀਏਯੂ ਦੇ ਕਿਸਾਨ ਮੇਲੇ ਵਿੱਚ ਪੀਏਯੂ ਵੱਲੋਂ ਸ਼ਿਫ਼ਾਰਸ਼ ਕੀਤੀਆਂ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਦੇ ਸੁਧਰੇ ਬੀਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਝੋਨੇ ਦੀ ਨਵੀਂ ਕਿਸਮ ਪੀ.ਆਰ. 127 ਜੋ ਕਿ ਦਰਮਿਆਨੇ ਸਮੇਂ (107 ਦਿਨ ਪਨੀਰੀ ਲਾਉਣ ਤੋਂ ਲੈ ਕੇ ਪੱਕਣ ਤੱਕ) ਵਿੱਚ ਪੱਕਣ ਵਾਲੀ ਕਿਸਮ ਹੈ ਅਤੇ ਝੁਲਸ ਰੋਗ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ, ਦਾ ਬੀਜ ਦਿੱਤਾ ਜਾਵੇਗਾ। ਇਸ ਕਿਸਮ ਤੋਂ ਕੁੱਲ ਅਤੇ ਸਾਬਤ ਚੌਲ ਜਿਆਦਾ ਨਿਕਲਦੇ ਹਨ ਅਤੇ ਝਾੜ ਵੀ ਵੱਧ ਹੈ। ਇਸੇ ਤਰ੍ਹਾਂ ਪੀ.ਆਰ. 126 ਜੋ ਕਿ ਅਗੇਤੀ (93 ਦਿਨ ਪਨੀਰੀ ਲਾਉਣ ਤੋਂ ਲੈ ਕੇ ਪੱਕਣ ਤੱਕ) ਪੱਕਣ ਵਾਲੀ ਕਿਸਮ ਹੈ|

 ਝੁਲਸ ਰੋਗ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ ਅਤੇ ਵੱਧ ਝਾੜ੍ਹ ਦਿੰਦੀ ਹੈ। ਇਸ ਤੋਂ ਇਲਾਵਾ ਪੀ.ਆਰ. 124, ਪੀ.ਆਰ. 123, ਪੀ.ਆਰ. 122, ਪੀ.ਆਰ 121., ਪੀ.ਆਰ. 114 ਅਤੇ ਪੀ.ਆਰ. 113 ਅਤੇ ਬਾਸਮਤੀ ਦੀਆਂ ਨਵੀਆਂ ਕਿਸਮਾਂ ਪੂਸਾ ਬਾਸਮਤੀ 1718 ਅਤੇ ਪੂਸਾ ਬਾਸਮਤੀ 1637 ਤੋਂ ਇਲਾਵਾ ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 3, ਪੰਜਾਬ ਬਾਸਮਤੀ 2, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਦਾ ਬੀਜ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੱਠੀ ਮੂੰਗੀ ਦੀ ਐਸ.ਐਮ.ਐਲ. 832, ਮਾਂਹ ਦੀਆਂ ਮਾਂਹ 114 ਅਤੇ ਮਾਂਹ 338, ਅਰਹਰ ਦੀਆਂ ਏ.ਐਲ. 882 ਅਤੇ ਪੀ.ਏ.ਯੂ. 881, ਤਿੱਲ ਦੀ ਪੰਜਾਬ ਤਿਲ ਨੰ: 2, ਚਾਰੇ ਵਾਲੀ ਮੱਕੀ ਜੇ 1006 ਅਤੇ ਬਾਜਰੇ ਦੀਆਂ ਐਫ.ਬੀ.ਸੀ. 16 ਅਤੇ ਪੀ.ਸੀ.ਬੀ. 164 ਕਿਸਮਾਂ ਦਾ ਬੀਜ ਵੀ ਉਪਲਬੱਧ ਹੋਵੇਗਾ। ਇਸ ਤੋਂ ਇਲਾਵਾ ਸਬਜੀਆਂ ਦੀ ਕਿੱਟ ਅਤੇ ਗਰਮੀਆਂ ਦੀਆਂ ਸਬਜੀਆਂ ਦੇ ਬੀਜ ਤੋਂ ਇਲਾਵਾ ਹਲਦੀ ਦਾ ਬੀਜ ਵੀ ਦਿੱਤਾ ਜਾਵੇਗਾ। ਕਿਸਾਨ ਵੀਰਾਂ ਦੀ ਸਹੂਲਤ ਲਈ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫਸਲਾਂ ਅਤੇ ਸਬਜੀਆਂ ਦੇ ਬੀਜ ਇੱਕ ਹੀ ਖਿੜਕੀ ਤੋਂ ਮਿਲਣਗੇ। ਕਿਸਾਨ ਵੀਰ ਇਨ੍ਹਾਂ ਬੀਜਾਂ ਤੋਂ ਇਲਾਵਾ ਹੋਰ ਤਕਨੀਕੀ ਜਾਣਕਾਰੀ ਲੈ ਕੇ ਵਧੇਰੇ ਲਾਭ ਲੈ ਸਕਦੇ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.