ਡਾ. ਬਲਦੇਵ ਸਿੰਘ ਢਿੱਲੋਂ ਨੂੰ ਪਦਮ ਸ੍ਰੀ ਮਿਲਣ ਤੇ ਮੁਬਾਰਕਾਂ ਦੀ ਝੜੀ

ਲੁਧਿਆਣਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ੍ਰੀ' ਸਨਮਾਨ ਨਾਲ ਨਿਵਾਜ਼ਿਆ ਗਿਆ ਹੈ । ਉਹਨਾਂ ਨੇ ਇਹ ਸਨਮਾਨ 11 ਮਾਰਚ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਵਿੱਚ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਕੋਲੋਂ ਹਾਸਲ ਕੀਤਾ। ਇਸ ਸਨਮਾਨ ਦਾ ਐਲਾਨ 25 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਆਪਣੀ ਵੈਬਸਾਈਟ ਤੇ ਦੇਰ ਰਾਤ ਕੀਤਾ ਗਿਆ ਸੀ ਅਤੇ ਡਾ. ਢਿੱਲੋਂ ਨੂੰ ਸਾਇੰਸ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਖੇਤੀ ਦੀ ਨਿਰੰਤਰਤਾ ਲਈ ਤਕਨਾਲੋਜੀ ਦੇ ਵਿਕਾਸ ਲਈ ਦਿੱਤਾ ਗਿਆ । ਪੀਏਯੂ ਦੇ ਪ੍ਰਬੰਧਕੀ ਬੋਰਡ, ਅਫਸਰ ਸਾਹਿਬਾਨ, ਫੈਕਲਟੀ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਡਾ. ਢਿੱਲੋਂ ਨੂੰ ਮੁਬਾਰਕਾਂ ਦੇਣ ਦਾ ਦੌਰ ਜਾਰੀ ਰਿਹਾ । ਖੇਤੀ ਖੇਤਰ ਦੇ ਵਿਕਾਸ ਲਈ ਆਪਣੀ ਪ੍ਰਤੀਬੱਧਤਾ ਅਤੇ ਦੂਰ ਅੰਦੇਸ਼ੀ ਵਜੋਂ ਜਾਣੇ ਜਾਂਦੇ ਡਾ. ਢਿੱਲੋਂ ਨੇ ਇਹ ਸਨਮਾਨ ਹਾਸਲ ਕਰਨ ਮਗਰੋਂ ਕਿਹਾ ਕਿ ਇਹ ਅਸਲ ਵਿੱਚ ਮੇਰੀ ਸੰਸਥਾ ਅਤੇ ਇਸ ਨਾਲ ਜੁੜੇ ਅਦਾਰਿਆਂ ਦਾ ਸਨਮਾਨ ਹੈ ਇਸ ਲਈ ਮੈਂ ਭਾਰਤ ਸਰਕਾਰ, ਪੰਜਾਬ ਸਰਕਾਰ, ਖੇਤੀਬਾੜੀ ਵਿਭਾਗ ਅਤੇ ਪੀਏਯੂ ਟੀਮ ਦਾ ਦਿਲੋਂ ਧੰਨਵਾਦੀ ਹਾਂ । 

ਉਹਨਾਂ ਇਸ ਸਫਲਤਾ ਲਈ ਪ੍ਰਮਾਤਮਾ ਦੀ ਮਿਹਰ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਲਈ ਸ਼ੁਕਰਗੁਜ਼ਾਰੀ ਵੀ ਪ੍ਰਗਟ ਕੀਤੀ। ਜੂਨ 2011 ਤੋਂ ਪੀਏਯੂ ਦੇ ਵਾਈਸ ਚਾਂਸਲਰ ਬਣੇ ਡਾ. ਢਿੱਲੋਂ 71 ਵਰਿਆਂ ਦੇ ਹਨ ਅਤੇ ਮੱਕੀ ਬਰੀਡਰ ਵਜੋਂ ਜਾਣੇ ਜਾਂਦੇ ਹਨ। ਪੀਏਯੂ ਵਿਖੇ ਮੱਕੀ ਬਰੀਡਰ, ਨਿਰਦੇਸ਼ਕ ਖੋਜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ। ਆਈ ਸੀ ਏ ਆਰ ਦੀ ਇੱਕ ਹੋਰ ਸੰਸਥਾ ਨੈਸ਼ਨਲ ਬਿਓਰੋ ਪਲਾਂਟ ਜੈਨੇਟਿਕਸ ਰਿਸੋਰਸਸ ਦੇ ਉਹ ਡਾਇਰੈਕਟਰ ਜਨਰਲ ਰਹੇ ਹਨ। ਪੀਏਯੂ ਦੇ ਵਾਈਸ ਚਾਂਸਲਰ ਲੱਗਣ ਤੋਂ ਪਹਿਲਾਂ ਉਹ ਗੁਰੂ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਿਰਦੇਸ਼ਕ ਖੋਜ ਵਜੋਂ ਕੰਮ ਕਰ ਰਹੇ ਸਨ। ਇਸ ਤੋਂ ਬਿਨਾਂ ਉਹ ਵਿਦੇਸ਼ਾਂ ਵਿੱਚ ਬਰਮਿੰਘਮ ਯੂਨੀਵਰਸਿਟੀ, ਯੂ ਕੇ ਅਤੇ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੋਧ ਸੈਂਟਰ ਮੈਕਸੀਕੋ ਵਿੱਚ ਵੀ ਆਪਣਾ ਯੋਗਦਾਨ ਦੇ ਚੁੱਕੇ ਹਨ। ਜਦੋਂ ਤੋਂ ਉਹ ਪੀਏਯੂ ਦੇ ਵਾਈਸ ਚਾਂਸਲਰ ਬਣੇ ਹਨ, ਯੂਨੀਵਰਸਿਟੀ ਨੇ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਜਿਸ ਸਦਕਾ ਯੂਨੀਵਰਸਿਟੀ ਨੂੰ ਸਰਦਾਰ ਪਟੇਲ ਐਵਾਰਡ (2017) ਮਿਲਿਆ ਹੈ। ਵੱਖ-ਵੱਖ ਅਦਾਰਿਆਂ ਵੱਲੋਂ ਕੀਤੀ ਗਈ ਦਰਜਾਬੰਦੀ ਵਿੱਚ ਯੂਨੀਵਰਸਿਟੀ ਮੋਹਰੀ ਸਥਾਨਾਂ ਤੇ ਰਹੀ ਹੈ ਜਿਨ੍ਹਾਂ ਵਿੱਚੋਂ ਆਈ ਸੀ ਏ ਆਰ ਅਤੇ ਐਮ ਐਚ ਆਰ ਡੀ ਵੱਲੋਂ ਕੀਤੀ ਗਈ ਦਰਜਾਬੰਦੀ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ। 

ਪ੍ਰਕਾਸ਼ਨਾਵਾਂ ਅਤੇ ਸਾਈਟੇਸ਼ਨਾਂ ਪੱਖੋਂ ਸਾਰੀਆਂ ਰਾਜ ਅਤੇ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਯੂਨੀਵਰਸਿਟੀ ਪਹਿਲੇ ਸਥਾਨ ਤੇ ਰਹੀ ਹੈ। ਖੇਤੀ ਖੋਜ ਦੇ ਖੇਤਰ ਵਿੱਚ ਡਾ. ਢਿੱਲੋਂ ਦੀ ਅਗਵਾਈ ਵਿੱਚ ਅਨੇਕਾਂ ਪ੍ਰਾਪਤੀਆਂ ਹੋਈਆਂ ਹਨ ਜਿਨ•ਾਂ ਵਿੱਚ ਝੋਨੇ ਦੀਆਂ ਘੱਟ ਪਾਣੀਆਂ ਲੈਣ ਵਾਲੀਆਂ ਅਤੇ ਛੇਤੀ ਪੱਕਣ ਵਾਲੀਆਂ ਕਿਸਮਾਂ, ਘੱਟ ਬੀਜਾਂ ਵਾਲੀਆਂ ਕਿੰਨੂ ਦੀਆਂ ਕਿਸਮਾਂ ਪਾਣੀ ਬਚਾਉਣ ਵਾਲੀਆਂ ਸਿੰਚਾਈ ਤਕਨੀਕਾਂ ਅਤੇ ਕੀੜੇ ਮਕੌੜਿਆਂ ਦਾ ਸੰਯੁਕਤ ਪ੍ਰਬੰਧਨ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ। ਡਾ. ਢਿੱਲੋਂ ਨੇ ਚਿੱਟੀ ਮੱਖੀ ਦੀ ਮਹਾਂਮਾਰੀ ਮਗਰੋਂ ਬਣਾਈ ਤਿੰਨ ਰਾਜਾਂ ਦੀ ਕਮੇਟੀ ਦੀ ਅਗਵਾਈ ਵੀ ਕੀਤੀ ਜਿਸ ਨੇ ਨਾ ਕੇਵਲ ਚਿੱਟੀ ਮੱਖੀ ਦੇ ਹਮਲੇ ਤੇ ਕਾਬੂ ਹੀ ਪਾਇਆ ਬਲਕਿ ਨਰਮੇ ਦਾ ਰਿਕਾਰਡ ਝਾੜ ਵੀ ਹੋਇਆ। ਡਾ. ਢਿੱਲੋਂ ਦੀ ਅਗਵਾਈ ਵਿੱਚ ਪੀਏਯੂ ਨੇ ਆਪਣੇ ਅਜਿਹੇ ਖੋਜ ਪ੍ਰੋਗਰਾਮ ਆਰੰਭੇ ਹਨ ਜੋ ਕੇਵਲ ਸਥਾਈ ਖੇਤੀ ਅਤੇ ਝਾੜ ਉਤਪਾਦਨ ਤੇ ਹੀ ਸੇਧਤ ਹਨ ਬਲਕਿ ਵਾਤਾਵਰਨ ਦੇ ਨੁਕਤੇ ਤੋਂ ਇਹਨਾਂ ਦੀ ਵਿਉਂਤਬੰਦੀ ਅਤੇ ਪੌਸ਼ਟਿਕ ਤੱਤਾਂ ਨੂੰ ਵੀ ਕੇਂਦਰ ਵਿੱਚ ਰੱਖ ਰਹੇ ਹਨ। 

ਜੈਵਿਕ ਖਾਦਾਂ ਭੂਮੀ ਦੇ ਪੌਸ਼ਟਿਕ ਤੱਤਾਂ ਲਈ ਵਿਸ਼ੇਸ਼ ਰੂਪ ਵਿੱਚ ਕਾਰਗਰ ਸਾਬਤ ਹੋਈਆਂ। ਪੀਏਯੂ ਦਾ, ਉਦਯੋਗ ਖਾਸ ਕਰ ਬੀਜ, ਪ੍ਰੋਸੈਸਿੰਗ ਅਤੇ ਫਾਰਮ ਮਸ਼ੀਨਰੀ ਦੇ ਖੇਤਰ ਵਿੱਚ ਵੱਡਾ ਪਸਾਰ ਹੋਇਆ ਜਿਸ ਦਾ ਲਾਹਾ ਪੰਜਾਬ ਦੇ ਕਿਸਾਨਾਂ ਨੂੰ ਹੋਇਆ। ਡਾ. ਢਿੱਲੋਂ ਇੱਕ ਪਲਾਂਟ ਬਰੀਡਰ ਵਜੋਂ ਮੱਕੀ ਦੀਆਂ 16 ਕਿਸਮਾਂ ਵਿਕਸਤ ਕਰ ਚੁੱਕੇ ਹਨ ਜਿਨ੍ਹਾਂ ਵਿੱਚ 'ਪਾਰਸ' ਪ੍ਰਮੁੱਖ ਹੈ। ਹੁਣ ਤੱਕ ਉਹ 400 ਤੋਂ ਵੱਧ ਖੋਜ ਪੱਤਰ ਅਤੇ 13 ਪੁਸਤਕਾਂ ਲਿਖ ਚੁੱਕੇ ਹਨ। ਉਹ ਅਨੇਕਾਂ ਸਾਇੰਸ ਜਰਨਲਾਂ ਦੇ ਸੰਪਾਦਕੀ ਬੋਰਡ ਦੇ ਮੈਂਬਰ ਹਨ। ਹੁਣ ਤੱਕ ਉਹਨਾਂ ਨੂੰ ਡਾਕਟਰ ਵੀ ਪੀ ਪਾਲ ਮੈਮੋਰੀਅਲ ਐਵਾਰਡ, ਰਫੀ ਅਹਿਮਦ ਕਿਦਵਈ ਐਵਾਰਡ, ਓਮ ਪ੍ਰਕਾਸ਼ ਭਸ਼ੀਨ ਐਵਾਰਡ (ਸਾਇੰਸ ਅਤੇ ਤਕਨਾਲੋਜੀ), ਲਾਈਫ ਟਾਈਮ ਅਚੀਵਮੈਂਟਸ ਐਵਾਰਡ (ਪੰਜਾਬ ਸਾਇੰਸ ਅਕੈਡਮੀ) ਨਾਲ ਸਨਮਾਨਿਆ ਜਾ ਚੁੱਕਾ ਹੈ। ਡਾ. ਢਿੱਲੋਂ ਇੱਕ ਨਿਸ਼ਠਾਵਾਨ ਵਿਗਿਆਨੀ, ਦੂਰਅੰਦੇਸ਼ ਪ੍ਰਬੰਧਕ ਅਤੇ ਇੱਕ ਚੰਗੇ ਲੀਡਰ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਤੋਂ ਖੇਤੀ ਖੇਤਰ ਵਿੱਚ ਹੋਰ ਢੁੱਕਵੀਆਂ ਤਕਨੀਕਾਂ, ਫਸਲਾਂ ਦੀਆਂ ਕਿਸਮਾਂ ਅਤੇ ਬੇਹਤਰੀਨ ਯੋਜਨਾਬੰਦੀ ਦੀ ਉਮੀਦ ਬੱਝਦੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.