• Thursday, August 06

ਸੁਲਤਾਨਪੁਰ ਲੋਧੀ ਬਣੇਗਾ ਪੰਜਾਬ ਦਾ ਪਹਿਲਾ ਪਲਾਸਟਿਕ ਮੁਕਤ ਸ਼ਹਿਰ

ਸੁਲਤਾਨਪੁਰ ਲੋਧੀ ਬਣੇਗਾ ਪੰਜਾਬ ਦਾ ਪਹਿਲਾ ਪਲਾਸਟਿਕ ਮੁਕਤ ਸ਼ਹਿਰ

ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਸਾਂਝੇ ਤੌਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅੱਜ ਗਾਂਧੀ ਜੈਅੰਤੀ ਮੌਕੇ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਪੰਜਾਬ ਦਾ ਪਹਿਲਾ ‘ਸਿੰਗਲ ਯੂਜ਼ ਪਲਾਸਟਿਕ’ ਮੁਕਤ ਸ਼ਹਿਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ ਮਰਵਾਹਾ ਵੱਲੋਂ ਤਲਵੰਡੀ ਚੌਧਰੀਆਂ ਚੌਕ ਤੋਂ ਕੀਤੀ ਗਈ। ਇਸ ਦੌਰਾਨ ਨਗਰ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਸਬਰੰਧੀ ਸਹੁੰ ਚੁਕਾਈ ਗਈ ਅਤੇ ਸ਼੍ਰਮਦਾਨ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਦੌਰਾਨ ਡਿਪਟੀ ਕਮਿਸ਼ਨਰ, ਚੇਅਰਮੈਨ ਅਤੇ ਹੋਰਨਾਂ ਅਧਿਕਾਰੀਆਂ ਨੇ ਖ਼ੁਦ ਸ਼੍ਰਮਦਾਨ ਵਿਚ ਹਿੱਸਾ ਲਿਆ ਅਤੇ ਦੁਕਾਨਾਂ ’ਤੇ ਜਾ ਕੇ ਦੁਕਾਨਦਾਰਾਂ ਨੂੰ ਪੋਲੀਥੀਨ ਨਾ ਵਰਤਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨਾਂ ਨੂੰ ਦੁਕਾਨਾਂ ’ਤੇ ਲਗਾਉਣ ਲਈ ਵਿਸ਼ੇਸ਼ ਗਲੋਬ ਲੈਂਪਾਂ ਵੰਡੀਆਂ ਗਈਆਂ। ਇਸ ਮੁਹਿੰਮ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਕੌਂਸਲ ਸੁਲਤਾਨਪੁਰ ਲੋਧੀ, ਸਿੱਖਿਆ ਵਿਭਾਗ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਅਧਿਕਾਰੀਆਂ ਦੀ ਅਗਵਾਈ ਵਿਚ 500 ਸਕੂਲੀ ਬੱਚਿਆਂ ਦੀਆਂ 15 ਟੀਮਾਂ ਬਣਾਈਆਂ ਗਈਆਂ, ਜਿਨਾਂ ਵਿਚੋਂ 13 ਟੀਮਾਂ ਨੇ ਸ਼ਹਿਰ ਦੇ 13 ਵਾਰਡਾਂ ਅਤੇ ਦੋ ਟੀਮਾਂ ਨੇ ਬਾਜ਼ਾਰ ਦੀਆਂ ਕਰੀਬ 600 ਦੁਕਾਨਾਂ ਦਾ ਦੌਰਾ ਕੀਤਾ।

ਇਸ ਮੌਕੇ ਹਰੇਕ ਵਾਰਡ ਦੇ ਕੌਂਸਲਰ ਸਾਹਿਬਾਨ ਵੀ ਆਪਣੇ ਵਾਰਡ ਦੀ ਟੀਮ ਦੇ ਨਾਲ ਸਨ। ਇਨਾਂ ਟੀਮਾਂ ਵੱਲੋਂ ਘਰ-ਘਰ ਵਿਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮੁਹੱਈਆ ਕਰਵਾਏ 4 ਹਜ਼ਾਰ ਜੂਟ ਬੈਗ ਅਤੇ ਦੁਕਾਨਾਂ ਵਿਚ ਕਰੀਬ 2 ਲੱਖ ਕੰਪੋਸਟੇਬਲ ਕੈਰੀ ਬੈਗ (ਜੋ ਕਿ 90 ਦਿਨਾਂ ਵਿਚ ਗਲ਼ ਜਾਂਦੇ ਹਨ) ਮੁਫ਼ਤ ਵੰਡੇ ਅਤੇ ਦੁਕਾਨਦਾਰਾਂ ਕੋਲੋਂ ਪੋਲੀਥੀਨ ਬੈਗ ਵਾਪਸ ਲਏ ਗਏ। ਟੀਮਾਂ ਨੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ ਅਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਹਰੇਕ ਟੀਮ ਨੇ ਸ਼ਹਿਰ ਦੀਆਂ ਸੜਕਾਂ ਅਤੇ ਗਲ਼ੀ-ਮੁਹੱਲਿਆਂ ਵਿਚ ਪਏ ਕਰੀਬ 400 ਕਿਲੋ ਪਲਾਸਟਿਕ ਕਚਰੇ ਨੂੰ ਇਕੱਠਾ ਕੀਤਾ, ਜਿਸ ਨੂੰ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਡੰਪ ਸਾਈਟ ਤੱਕ ਪਹੁੰਚਿਾੲਆ ਅਤੇ ਰੀਸਾਈਕਲਰ ਨੂੰ ਭੇਜਣ ਦੀ ਹਦਾਇਤ ਕੀਤੀ ਗਈ।

ਇਸ ਮੌਕੇ ਵਿਧਾਇਕ ਚੀਮਾ, ਡਿਪਟੀ ਕਮਿਸ਼ਨਰ ਇੰਜ: ਖਰਬੰਦਾ ਅਤੇ ਚੇਅਰਮੈਨ ਪ੍ਰੋ. ਮਰਵਾਹਾ ਨੇ ਨਗਰ ਨਿਵਾਸੀਆਂ ਨੂੰ ਇਸ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕੀਤੀ ਗਈ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਪਲਾਸਟਿਕ ਬੋਤਲ ਕਰੱਸ਼ਿੰਗ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਵਿੱਤਰ ਬੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਦਾ ਡੀ-ਆਕਸੀਕਰਨ ਕਰਨ ਤੋਂ ਇਲਾਵਾ ਬੇਈਂ ਦੇ ਪੁਲਾਂ ਅਤੇ ਕੰਢਿਆਂ ’ਤੇ ਵਿਸ਼ੇਸ਼ ਸਲੋਗਨ ਪਲੇਟਾਂ ਲਗਾਈਆਂ ਜਾ ਰਹੀਆਂ ਹਨ। ਇਸੇ ਤਰਾਂ ਦੁਕਾਨਾਂ ਅਤੇ ਵਾਹਨਾਂ ’ਤੇ ਜਾਗਰੂਕਤਾ ਸਟਿੱਕਰ ਲਗਾਏ ਜਾਣ ਤੋਂ ਇਲਾਵਾ ਐਲ. ਈ. ਡੀਜ਼ ਅਤੇ ਹੋਰਡਿੰਗਜ਼ ਰਾਹੀਂ ਲੋਕਾਂ ਨੂੰ ਪ੍ਰਦੂਸ਼ਣ ਖਿਲਾਫ਼ ਸੁਚੇਤ ਕੀਤਾ ਜਾਵੇਗਾ। ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਸਮੂਹ ਨਗਰ ਵਾਸੀਆਂ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਗਈ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਆਫ਼ੀਸਰ ਆਨ ਸਪੈਸ਼ਲ ਡਿੳੂਟੀ ਸ੍ਰੀਮਤੀ ਨਵਨੀਤ ਕੌਰ ਬੱਲ, ਨਗਰ ਕੌਂਸਲ ਪ੍ਰਧਾਨ ਸ੍ਰੀ ਅਸ਼ੋਕ ਮੋਗਲਾ, ਈ. ਓ ਸ. ਬਲਜੀਤ ਸਿੰਘ ਬਿਲਗਾ, ਉੱਪ ਜ਼ਿਲਾ ਸਿੱਖਿਆ ਅਫ਼ਸਰ ਸ. ਬਿਮਰਮਜੀਤ ਸਿੰਘ, ਮੁੱਖ ਵਾਤਾਵਰਨ ਇੰਜੀਨੀਅਰ ਸ੍ਰੀ ਜੀ. ਐਸ ਮਜੀਠੀਆ, ਸੀਨੀਅਰ ਵਾਤਾਵਰਨ ਇੰਜੀਨੀਅਰ ਸ. ਹਰਬੀਰ ਸਿੰਘ, ਵਾਤਾਵਰਨ ਇੰਜੀਨੀਅਰ ਸ੍ਰੀ ਅਰੁਣ ਕੱਕੜ ਤੇ ਇੰਜੀਨੀਅਰ ਕੁਲਦੀਪ ਸਿੰਘ, ਐਸ. ਡੀ. ਓ ਸ੍ਰੀ ਭੀਸ਼ਮ, ਸ. ਪਰਵਿੰਦਰ ਸਿੰਘ ਪੱਪਾ, ਸ੍ਰੀ ਲੱਖਪਤ ਰਾਏ ਪ੍ਰਭਾਕਰ, ਸ੍ਰੀ ਰਵਿੰਦਰ ਰਵੀ, ਸ੍ਰੀ ਬਲਜਿੰਦਰ ਸਿੰਘ ਤੋਂ ਇਲਾਵਾ ਸਮੂਹ ਕੌਂਸਲਰ ਸਾਹਿਬਾਨ, ਅਧਿਕਾਰੀ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.