ਜ਼ਿਲਾ ਪੱਧਰੀ ਸਮਾਗਮ ਦੌਰਾਨ ‘ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ’ ਦਾ ਆਗਾਜ਼

ਜ਼ਿਲਾ ਪੱਧਰੀ ਸਮਾਗਮ ਦੌਰਾਨ ‘ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ’ ਦਾ ਆਗਾਜ਼

ਕਪੂਰਥਲਾ (ਇੰਦਰਜੀਤ ਸਿੰਘ) : ਜ਼ਿਲਾ ਪ੍ਰਸ਼ਾਸਨ ਵੱਲੋਂ ਭੁਲੱਥ ਹਲਕੇ ਦੇ ਪਿੰਡ ਖੱਸਣ ਵਿਖੇ ਇਕ ਵਿਸ਼ੇਸ਼ ਜ਼ਿਲਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜਿਥੇ ਜ਼ਿਲੇ ਵਿਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਆਗਾਜ਼ ਕੀਤਾ ਗਿਆ, ਉਥੇ ਭੁਲੱਥ ਹਲਕੇ ਵਿਚ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮੋਬਾਇਲ ਵੈਨ’ ਦੀ ਵੀ ਸ਼ੁਰੂਆਤ ਕੀਤੀ ਗਈ। ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਅਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਕਿੱਟਾਂ ਅਤੇ ਦੇਸੀ ਘਿਓ ਦੀ ਵੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਚੇਤਨਾ ਰੈਲੀ ਕੱਢੀ ਗਈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਰੋਜ਼ਗਾਰ ਅਤੇ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਨੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਚਾਨਣਾ ਪਾਇਆ। ਉਨਾਂ ਦੱਸਿਆ ਕਿ ਅਥਾਰਟੀ ਵੱਲੋਂ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸੇ ਤਰਾਂ ਲੋਕਾਂ ਨੂੰ ਸਸਤਾ ਤੇ ਫੌਰਨ ਨਿਆਂ ਦਿਵਾਉਣ ਲਈ ਲੋਕ ਅਦਾਲਤਾਂ ਵਿਚ ਲੱਖਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗੜੇ ਪਿੰਡ ਪੱਧਰ ’ਤੇ ਹੀ ਨਿਪਟਾਉਣ ਨੂੰ ਤਰਜੀਹ ਦੇਣ। ਉਨਾਂ ਦੱਸਿਆ ਕਿ 14 ਦਸੰਬਰ ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਵਿਚ ਹਰੇਕ ਤਰਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਸਫ਼ਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨਾਂ ਵਿਚੋਂ ‘ਘਰ-ਘਰ ਰੋਜ਼ਗਾਰ ਅਤੇ ਮੋਬਾਇਲ ਵੈਨ’ ਇਕ ਵਿਲੱਖਣ ਉਪਰਾਲਾ ਹੈ, ਜਿਸ ਦੀ ਸ਼ੁਰੂਆਤ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਦੌਰਾਨ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਸ ਵੈਨ ਨੂੰ ਚਲਾਉਣ ਦਾ ਮੰਤਵ ਜ਼ਿਲੇ ਦੇ ਹਰੇਕ ਬੇਰੋਜ਼ਗਾਰ ਨੌਜਵਾਨ ਤੱਕ ਪਹੁੰਚ ਕਰਨਾ ਹੈ ਤਾਂ ਕਿ ਉਨਾਂ ਨੂੰ ਰੋਜ਼ਗਾਰ ਦੀਆਂ ਸਾਰੀਆਂ ਸਕੀਮਾਂ ਅਤੇ ਮੌਕਿਆਂ ਦੀ ਸਹੂਲਤ ਮਿਲ ਸਕੇ। ਉਨਾਂ ਦੱਸਿਆ ਕਿ ਇਸ ਵੈਨ ਵਿਚ ਸਮਾਰਟ ਐਲ. ਈ. ਡੀ ਲਗਾਈ ਗਈ ਹੈ, ਜਿਸ ਰਾਹੀਂ ਵੱਖ-ਵੱਖ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵੈਨ ਵਿਚ ਕੰਪਿੳੂਟਰ ਸਿਸਟਮ ਵੀ ਫਿੱਟ ਕੀਤਾ ਗਿਆ ਹੈ, ਜਿਸ ਰਾਹੀਂ ਪਿੰਡਾਂ ਦੇ ਨੌਜਵਾਨਾਂ ਦਾ ਮੌਕੇ ’ਤੇ ਹੀ ਡਾਟਾ ਅਪਲੋਡ ਕਰਕੇ ਨੌਕਰੀ ਲਈ ਫਾਰਮ ਭਰੇ ਜਾਂਦੇ ਹਨ। ਉਨਾਂ ਦੱਸਿਆ ਕਿ ਵੈਨ ਦੀ ਟੀਮ ਰੋਜ਼ਗਾਰ ਸਕੀਮ ਬਾਰੇ ਜਾਣਕਾਰੀ ਅਤੇ ਲਿਟਰੇਚਰ ਪ੍ਰਦਾਨ ਕਰਦੀ ਹੈ ਅਤੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਸਵੈ-ਰੋਜ਼ਗਾਰ ਦੇ ਚਾਹਵਾਨਾਂ ਨੂੰ ਮੌਕੇ ’ਤੇ ਕਰਜ਼ੇ ਦੀ ਸੁਵਿਧਾ ਮੁਹੱਈਆ ਕਰਵਾਉਂਦੇ ਹਨ। ਉਨਾਂ ਦੱਸਿਆ ਕਿ ਇਸ ਵੈਨ ਵੱਲੋਂ ਪੂਰਾ ਇਕ ਮਹੀਨਾ ਭੁਲੱਥ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ। ਉਨਾਂ ਇਕ ਬਿਹਤਰ ਸਮਾਜ ਦੀ ਸਿਰਜਣਾ ਲਈ ਬੇਟੀਆਂ ਨੂੰ ਵੱਧ ਤੋਂ ਵੱਧ ਪੜਾਉਣ ਅਤੇ ਉਨਾਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਸਮੇਂ 5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਲਈ ਉਨਾਂ ਨੂੰ ਨੇੜਲੇ ਆਂਗਣਵਾੜੀ ਕੇਂਦਰ ਵਿਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਜ਼ਰੂਰੀ ਹੈ।

ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਸ੍ਰੀ ਨਸੀਬ ਸਿੰਘ ਨੇ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ ਜਦਕਿ ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਮਨੀ ਔਜਲਾ ਵੱਲੋਂ ਮੁੱਖ ਮਹਿਮਾਨਾਂ ਅਤੇ ਹੋਰਨਾਂ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਰਾਮ ਕੁਮਾਰ ਸਿੰਗਲਾ ਤੇ ਸ੍ਰੀ ਰਮਨ ਕੁਮਾਰ, ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਜੀਤ ਪਾਲ ਸਿੰਘ, ਜੱਜ ਡਾ. ਸੁਸ਼ੀਲ ਬੋਧ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਏ. ਐਸ ਪੀ ਭੁਲੱਥ ਡਾ. ਸਿਮਰਤ ਕੌਰ, ਨਾਇਬ ਤਹਿਸੀਲਦਾਰ ਮੈਡਮ ਰਣਜੀਤ ਕੌਰ, ਥਾਣਾ ਮੁਖੀ ਇੰਸ: ਕਰਨੈਲ ਸਿੰਘ, ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਐਡਵੋਕੇਟ ਜੁਗਰਾਜ ਸਿੰਘ ਕਾਹਲੋਂ, ਐਡਵੋਕੇਟ ਜੇ. ਜੇ. ਐਸ ਅਰੋੜਾ, ਐਡਵੋਕੇਟ ਕੁਲਵੰਤ ਸਿੰਘ ਸਹਿਗਲ ਤੋਂ ਇਲਾਵਾ ਹਾਜ਼ਰ ਪਤਵੰਤਿਆਂ ਵਿਚ ਮੈਂਬਰ ਜ਼ਿਲਾ ਪ੍ਰੀਸ਼ਦ ਸ੍ਰੀ ਮਨੀ ਔਜਲਾ, ਸ੍ਰੀ ਗੋਰਾ ਗਿੱਲ, ਸਰਪੰਚ ਪਿੰਡ ਖੱਸਣ ਸ੍ਰੀ ਨਸੀਬ ਸਿੰਘ, ਬਲਾਕ ਪ੍ਰਧਾਨ ਸ੍ਰੀ ਸਟੀਫਨ ਕਾਲਾ ਤੇ ਸ੍ਰੀ ਲਖਵਿੰਦਰ ਹਮੀਰਾ, ਸ. ਰਛਪਾਲ ਸਿੰਘ ਬੱਚਾਜੀਵੀ, ਸ੍ਰੀ ਲਾਡੀ ਮੰਢੇਰ, ਸ. ਬਲਵਿੰਦਰ ਸਿੰਘ ਇਬਰਾਹੀਮਵਾਲ, ਮਾਸਟਰ ਬਲਕਾਰ ਸਿੰਘ ਮੰਡ ਕੁੱਲਾ, ਸ੍ਰੀਮਤੀ ਮਨਜੀਤ ਕੌਰ, ਹਰਵਿੰਦਰ ਸਿੰਘ ਰਿੰਕੂ ਜੈਦ, ਸ੍ਰੀ ਗੋਪੀ ਪੱਡਾ, ਪ੍ਰੋ. ਜਸਵਿੰਦਰ ਸਿੰਘ, ਸ. ਦਲਜੀਤ ਸਿੰਘ ਨਡਾਲਾ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਇਲਾਕੇ ਦੇ ਸਰਪੰਚ-ਪੰਚ ਅਤੇ ਹੋਰ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.